ਸ਼ੋਭਾ ਯਾਤਰਾ ਦੇ ਰੂਟ ਦਾ ਲਿਆ ਜਾਇਜ਼ਾ ਮੇਅਰ ਤੇ ਕਮਿਸ਼ਨਰ ਨੇ ਭਗਵਾਨ ਵਾਲਮੀਕਿ ਪ੍ਰਕਾਸ਼ ਪੁਰਬ ਤੇ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੇ ਰੂਟ ਦਾ ਕੀਮਾ ਮੁਆਇਨਾ
Publish Date: Wed, 14 Oct 2026 08:39 PM (IST)
Updated Date: Wed, 14 Oct 2026 08:42 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਜਲੰਧਰ ਦੇ ਮੇਅਰ ਵਨੀਤ ਧੀਰ, ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਏਡੀਸੀ ਬੈਂਸ ਤੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਰੂਟ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਐੱਸਈ ਰਾਹੁਲ ਧਵਨ, ਸਹਾਇਕ ਹੈਲਥ ਅਫ਼ਸਰ ਡਾ. ਸ਼੍ਰੀ ਕ੍ਰਿਸ਼ਨ, ਐਕਸੀਅਨ ਰਾਮਪਾਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਸ਼ੋਭਾ ਯਾਤਰਾ ਦੇ ਰੂਟ ਦਾ ਮੁਆਇਨਾ ਕਰਨ ਲਈ ਮੇਅਰ ਵਨੀਤ ਧੀਰ, ਕਮਿਸ਼ਨਰ ਸੁਰਿੰਦਰ ਸਿੰਘ ਤੇ ਚੰਦਨ ਗ੍ਰੇਵਾਲ ਸਮੇਤ ਹੋਰ ਅਨੇਕਾਂ ਆਗੂ •ਸ਼੍ਰੀ ਰਾਮ ਚੌਕ ਇਕਠੇ ਹੋਏ ਤੇ ਇਥੋਂ ਉਹ ਉਥੋਂ ਲਵ-ਕੁਸ਼ ਚੋਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਖਿਗਰਾਂਗੇਟ, ਮਾਈਹੀਰਾਂਗੇਟ ਆਦਿ ਹੁੰਦੇ ਹੋਏ ਅਲੀ ਮੁਹੱਲਾ ਪੁਲੀ ਤਕ ਗਏ। ਇਸ ਦੌਰਾਨ ਮੇਅਰ, ਕਮਿਸ਼ਨਰ ਤੇ ਚੇਅਰਮੈਨ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਸ਼ੋਭਾ ਯਾਤਰਾ ਦੇ ਪੂਰੇ ਰੂਟ ’ਤੇ ਸਫ਼ਾਈ, ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਦੇ ਰਸਤੇ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਅਸੁਵਿਧਾ ਨਹੀਂ ਹੋਣੀ ਚਾਹੀਦੀ ਤੇ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਮੁਕੰਮਲ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਸਾਰੇ ਪ੍ਰਬੰਧਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ ਜਾਵੇ, ਤਾਂ ਜੋ ਸ਼ੋਭਾ ਯਾਤਰਾ ਸੁਚਾਰੂ, ਸ਼ਾਂਤੀਪੂਰਨ ਤੇ ਸ਼ਰਧਾਪੂਰਵਕ ਢੰਗ ਨਾਲ ਸੰਪੰਨ ਹੋ ਸਕੇ।