- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਰੁਪਏ ਦਾ ਮਾਲੀਆ ਕਮਾਉਣ ਵਾਲੀ ਇੰਡਸਟਰੀਅਲ ਅਸਟੇਟ ਦੇ ਉਦਯੋਗਪਤੀ ਸੀਵਰੇਜ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਅਤੇ ਗੰਦਗੀ ਤੋਂ ਪ੍ਰੇਸ਼ਾਨ

ਕਿਹਾ, ਨਾ ਹੋਇਆ ਹੱਲ ਤਾਂ ਹੋ ਸਕਦੈ ਇੰਡਸਟਰੀ ਪਲਾਇਨ
ਮੇਅਰ ਦਿੱਤਾ ਸਮੱਸਿਆਵਾਂ ਦੇ ਢੁੱਕਵੇਂ ਹੱਲ ਦਾ ਭਰੋਸਾ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ
ਇੰਡਸਟਰੀਅਲ ਅਸਟੇਟ ਐਕਸਟੈਂਸ਼ਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਸਥਾਨਕ ਹੋਟਲ ’ਚ ਹੋਈ। ਇਸ ਮੀਟਿੰਗ ’ਚ ਮੇਅਰ ਵਨੀਤ ਧੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ 'ਤੇ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੂਬਾ ਸਿੰਘ ਨੇ ਕਿਹਾ ਕਿ 1965 ’ਚ ਅਸਟੇਟ ਵਿਚ ਸੀਵਰੇਜ ਪਾਈਪਾਂ ਵਿਛਾਈਆਂ ਗਈਆਂ ਸਨ। ਉਸ ਸਮੇਂ 35 ਉਦਯੋਗ ਸਨ। ਮੌਜੂਦਾ ਸਮੇਂ ਅਸਟੇਟ ’ਚ 200 ਤੋਂ 250 ਉਦਯੋਗ ਹਨ। ਪਾਈਪਾਂ ਬਹੁਤ ਛੋਟੀਆਂ ਹੋਣ ਕਾਰਨ, ਸੀਵਰੇਜ ਸਿਸਟਮ ਬੰਦ ਰਹਿੰਦਾ ਹੈ। ਸੀਵਰੇਜ ਸਮੱਸਿਆ ਦਾ ਹੱਲ ਕਰਨਾ ਇਸ ਲਈ ਬਹੁਤ ਜ਼ਰੂਰੀ ਹੈ, ਕਿਉੰਕਿ ਥੋੜ੍ਹਾ ਜਿਹਾ ਮੀਂਹ ਪੈਂਦੇ ਹੀ ਅਸਟੇਟ ਦੀਆਂ ਸੜਕਾਂ ’ਤੇ ਹਰ ਪਾਸੇ ਦੋ ਤੋਂ ਤਿੰਨ ਫੁੱਟ ਪਾਣੀ ਇਕੱਠਾ ਹੋ ਜਾਂਦਾ ਹੈ। ਸੀਵਰੇਜ ਦਾ ਗੰਦੇ ਪਾਣੀ ਭਰਨ ਕਾਰਨ ਮੱਛਰ ਪੈਦਾ ਹੋ ਰਹੇ ਹਨ ਤੇ ਬਿਮਾਰੀਆਂ ਦਾ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ। ਨਾਲ ਹੀ ਟੁੱਟੀਆਂ ਸੜਕਾਂ ਜਾਨ ਦਾ ਖੌਅ ਬਣੀਆਂ ਪਈਆਂ ਹਨ। ਪਾਣੀ ਭਰਨ ਨਾਲ ਟੁੱਟੀਆਂ ਹੋਈਆਂ ਸੜਕਾਂ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਹਾਦਸੇ ਵਾਪਰਦੇ ਹਨ। ਸਫਾਈ ਮੁਲਾਜ਼ਮਾਂ ਦੀ ਘਾਟ ਕਾਰਨ ਕੂੜੇ ਦੇ ਢੇਰ ਹਮੇਸ਼ਾ ਲੱਗੇ ਰਹਿੰਦੇ ਹਨ ਤੇ ਜਦੋਂ ਮੀਂਹ ਪੈ ਜਾਵੇ ਤਾਂ ਸੀਵਰੇਜ ਦੇ ਗੰਦੇ ਪਾਣੀ ਨਾਲ ਬਦਬੂ ਕਾਰਨ ਲਾਗਿਓਂ ਲੰਘਣਾ ਮੁਹਾਲ ਹੈ। ਕੂੜੇ ਦੇ ਨਿਬੇੜੇ ਲਈ ਤੇ ਸਫਾਈ ਦੇ ਪੁਖਤਾ ਪ੍ਰਬੰਧ ਨਹੀਂ ਹਨ।
ਉਨ੍ਹਾਂ ਨਗਰ ਨਿਗਮ ਤੋਂ ਮੰਗ ਕਰਦਿਆਂ ਕਿਹਾ ਕਿ ਅਸਟੇਟ ’ਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੁਪਰ ਸਕਸ਼ਨ ਮਸ਼ੀਨ, ਕੂੜਾ ਇਕੱਠਾ ਕਰਨ ਵਾਲੀਆਂ ਟਰਾਲੀਆਂ, ਸਟਰੀਟ ਲਾਈਟਾਂ, ਸਟਰੀਟ ਲਾਈਟਾਂ ਦੀ ਘਾਟ ਹੈ, ਜੋ ਜਲਦ ਪੂਰੀ ਕੀਤੀ ਜਾਵੇ। ਸੁਰੱਖਿਆ ਦੀ ਘਾਟ ਕਾਰਨ ਨਿੱਤ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧ ਰਹੀਆਂ ਸਨ। ਪੁਲਿਸ ਦੀ ਗਸ਼ਤ ਘੱਟ ਹੋਣ ਕਾਰਨ ਨਿੱਜੀ ਗਾਰਡ ਰੱਖੇ ਗਏ ਹਨ। ਉਨ੍ਹਾਂ ਮੇਅਰ ਦਾ ਧਿਆਨ ਦਿਵਾਉੰਦਿਆਂ ਕਿਹਾ ਗੰਦਗੀ ਅਤੇ ਟੁੱਟੀਆਂ ਸੜਕਾਂ ਕਾਰਨ, ਵਿਦੇਸ਼ੀ ਅਤੇ ਘਰੇਲੂ ਖਰੀਦਦਾਰ ਉਦਯੋਗ ’ਚ ਨਹੀਂ ਆ ਰਿਹਾ। ਅਜਿਹੀ ਸਥਿਤੀ ਵਿਚ ਇੰਡਸਟਰੀ ਦੂਜੇ ਸੂਬਿਆਂ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਵੱਧ ਹੈ।
ਇਸ ਮੌਕੇ ਮੇਅਰ ਵਨੀਤ ਧੀਰ ਨੇ ਅਸਟੇਟ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਐਲਾਨ ਕੀਤਾ ਕਿ ਸੀਵਰੇਜ ਦੀ ਸਫਾਈ ਇਕ ਸੁਪਰ ਸਕਸ਼ਨ ਮਸ਼ੀਨ ਨਾਲ ਸ਼ੁਰੂ ਕੀਤੀ ਜਾਵੇਗੀ। ਖਰਾਬ ਸਟਰੀਟ ਲਾਈਟਾਂ ਦੀ ਜਲਦੀ ਹੀ ਮੁਰੰਮਤ ਕੀਤੀ ਜਾਵੇਗੀ। ਇਲਾਕੇ ’ਚ ਪੁਲਿਸ ਗਸ਼ਤ ਵਧਾਉਣ ਲਈ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਜਾਵੇਗੀ। ਨਾਲ ਹੀ ਕੂੜਾ ਇਕੱਠਾ ਕਰਨ ਲਈ ਟਰਾਲੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਕਈ ਵਿਕਾਸ ਪ੍ਰੋਜੈਕਟਾਂ ਲਈ ਟੈਂਡਰ ਜਾਰੀ ਕੀਤੇ ਗਏ ਹਨ ਤੇ ਉਸਾਰੀ ਜਲਦੀ ਹੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਚੇਅਰਮੈਨ ਜੀ ਐੱਲ ਮਹੇਂਦਰ, ਵਾਈਸ ਚੇਅਰਮੈਨ ਗੁਰਚਰਨ ਸਿੰਘ, ਮੀਤ ਪ੍ਰਧਾਨ ਅਜੇ ਗੋਸਵਾਮੀ, ਜੁਆਇੰਟ ਸੈਕਟਰੀ ਜਸਵਿੰਦਰ ਸਿੰਘ, ਚੀਫ ਸੈਕਟਰੀ ਪ੍ਰਵੀਨ ਗੈਂਦ, ਸੈਕਟਰੀ ਵਿਜੇ ਅਗਰਵਾਲ, ਕੈਸ਼ੀਅਰ ਸੰਜੇ ਗੋਇਲ, ਹਮਨ ਗੁਪਤਾ, ਇੰਦਰਜੀਤ ਸਿੰਘ, ਵਰੁਣ ਬਾਹਰੀ, ਰਾਜਕਰਨ ਸਿੰਘ ਤੇ ਹੋਰ ਹਾਜ਼ਰ ਸਨ।