- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਵਿਨੀਤ ਧੀਰ ਨਾਲ ਉਦਯੋਗਪਤੀਆਂ ਨੇ ਕੀਤੀ ਮੀਟਿੰਗ, ਫੋਕਲ ਪੁਆਇੰਟ ਤੇ ਗਦਾਈਪੁਰ ਦੀਆਂ ਸਮੱਸਿਆਵਾਂ ਤੇ ਪਾਇਆ ਚਾਨਣਾ

ਨਗਰ ਨਿਗਮ ਵੱਲੋਂ ਉਦਯੋਗਿਕ ਖੇਤਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਸਮੱਸਿਆਵਾਂ ਦੇ ਜਲਦ ਨਿਪਟਾਰੇ ਦਾ ਮੇਅਰ ਨੇ ਦਿੱਤਾ ਭਰੋਸਾ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ
ਜਲੰਧਰ : ਫੋਕਲ ਪੁਆਇੰਟ ਐਕਸਟੈਂਸ਼ਨ ਤੇ ਗਦਈਪੁਰ ਇੰਡਸਟਰੀਅਲ ਏਰੀਆ ਦੀਆਂ ਵੱਖ-ਵੱਖ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਮੇਅਰ ਵਿਨੀਤ ਧੀਰ ਵੱਲੋਂ ਇਲਾਕੇ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ’ਚ ਗਦਈਪੁਰ ਇੰਡਸਟ੍ਰੀਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਭਸੀਨ, ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਨਿਤਿਨ ਕਪੂਰ ਤੇ ਰਾਜੀਵ ਮਿੱਤਲ ਸਮੇਤ ਕਈ ਮੰਨੇ-ਪ੍ਰਮੰਨੇ ਕਾਰੋਬਾਰੀ ਅਤੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਸਮੱਸਿਆਵਾਂ ’ਤੇ ਗੰਭੀਰਤਾ ਨਾਲ ਚਰਚਾ ਅਤੇ ਮੌਕੇ ’ਤੇ ਹੀ ਕਾਰਵਾਈ
ਬੈਠਕ ਦੌਰਾਨ ਉਦਯੋਗਪਤੀਆਂ ਨੇ ਫੋਕਲ ਪੁਆਇੰਟ ਤੇ ਗਦਈਪੁਰ ’ਚ ਸੀਵਰੇਜ ਦੀ ਮੰਦੀ ਹਾਲਤ, ਬਰਸਾਤੀ ਪਾਣੀ ਦੀ ਨਿਕਾਸੀ, ਟੁੱਟੀਆਂ ਸੜਕਾਂ, ਸੜਕਾਂ ਦੀ ਮੁਰੰਮਤ, ਸਟ੍ਰੀਟ ਲਾਈਟਾਂ, ਬੁਨਿਆਦੀ ਢਾਂਚੇ ਅਤੇ ਸੁਰੱਖਿਆ ਨਾਲ ਜੁੜੀਆਂ ਮੁੱਖ ਸਮੱਸਿਆਵਾਂ ਨੂੰ ਮੇਅਰ ਸਾਹਿਬ ਦੇ ਸਾਹਮਣੇ ਰੱਖਿਆ। ਮੇਅਰ ਨੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਬੇਹੱਦ ਗੰਭੀਰਤਾ ਤੇ ਹਾਂ-ਪੱਖੀ ਰਵੱਈਏ ਨਾਲ ਸੁਣਿਆ। ਖ਼ਾਸ ਤੌਰ ’ਤੇ ਸੀਵਰੇਜ ਦੇ ਓਵਰਫਲੋਅ ਕਾਰਨ ਸੜਕਾਂ ’ਤੇ ਲੰਮੇ ਸਮੇਂ ਤੋਂ ਜਮ੍ਹਾਂ ਹੁੰਦੇ ਪਾਣੀ ਦੀ ਸਮੱਸਿਆ ’ਤੇ ਤੁਰੰਤ ਕਾਰਵਾਈ ਕਰਦਿਆਂ ਮੇਅਰ ਨੇ ਬੈਠਕ ਦੌਰਾਨ ਹੀ ਸਬੰਧਤ ਅਧਿਕਾਰੀਆਂ ਨੂੰ ਫ਼ੋਨ ’ਤੇ ਹਦਾਇਤਾਂ ਜਾਰੀ ਕੀਤੀਆਂ।
ਬੈਠਕ ਤੋਂ ਤੁਰੰਤ ਬਾਅਦ ਨਗਰ ਨਿਗਮ ਦੀ ਟੈਕਨੀਕਲ ਟੀਮ ਨੇ ਉਦਯੋਗਿਕ ਖੇਤਰ ਦਾ ਦੌਰਾ ਕੀਤਾ ਅਤੇ ਉਦਯੋਗਪਤੀਆਂ ਦੀ ਮੌਜੂਦਗੀ ਵਿੱਚ ਸਮੱਸਿਆਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਟੀਮ ਵੱਲੋਂ ਸੀਵਰੇਜ ਅਤੇ ਨਿਕਾਸੀ ਦੀ ਸਮੱਸਿਆ ਦਾ ਤਕਨੀਕੀ ਹੱਲ ਲੱਭਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਗਦਈਪੁਰ ਵਿੱਚ ਨਵੀਆਂ ਸੜਕਾਂ ਦੇ ਨਿਰਮਾਣ ਅਤੇ ਫੋਕਲ ਪੁਆਇੰਟ ’ਚ ਸੜਕਾਂ ਦੀ ਮੁਰੰਮਤ ਬਾਰੇ ਵਿਸਥਾਰ ਨਾਲ ਚਰਚਾ ਹੋਈ। ਸਟ੍ਰੀਟ ਲਾਈਟਾਂ ਦੇ ਸੁਚੱਜੇ ਪ੍ਰਬੰਧ ਅਤੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਬਣੀ। ਬੈਠਕ ਤੋਂ ਬਾਅਦ ਮੇਅਰ ਨੇ ਖ਼ੁਦ ਫੋਕਲ ਪੁਆਇੰਟ ਅਤੇ ਗਦਈਪੁਰ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਮੱਸਿਆਵਾਂ ਚਾਹੇ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਹੋਣ, ਹੁਣ ਸਾਰੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਇਨ੍ਹਾਂ ਦਾ ਪਹਿਲ ਦੇ ਆਧਾਰ ’ਤੇ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਉਦਯੋਗਪਤੀਆਂ ਨੇ ਮੇਅਰ ਵਨੀਤ ਧੀਰ ਵੱਲੋਂ ਮੌਕੇ ’ਤੇ ਹੀ ਮਸਲਿਆਂ ਨੂੰ ਸੁਣਨ, ਖੇਤਰ ਦਾ ਜਾਇਜ਼ਾ ਲੈਣ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦੇਣ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਕੌੰਸਲਰ ਹਰਜਿੰਦਰ ਸਿੰਘ ਲੱਡਾ, ਅਜੀਜ਼ ਸਿੰਘ ਬਿਰਜੀ, ਰਾਜੇਂਦਰ ਸਿੰਘ ਲੂੰਬਾ, ਰਾਜਕੁਮਾਰ, ਨਿਤਿਨ ਕਪੂਰ, ਜਸਮੀਤ ਰਾਣਾ, ਨਰੇਸ਼ ਸ਼ਰਮਾ, ਪੰਕਜ ਪੁਰੀ, ਸੁਨੀਲ ਵਿੱਜ, ਅਮਿਤ ਮਲਹੋਤਰਾ, ਮਧੂਸੂਦਨ ਅਰੋੜਾ, ਗੁਰਵਿੰਦਰ ਸਿੰਘ, ਅਜੀਤ ਸਿੰਘ ਵਿਰਦੀ, ਰਾਜ ਕੁਮਾਰ ਲੂੰਬਾ, ਸੁਨੀਲ ਗੁਪਤਾ, ਸੰਦੀਪ ਗੁਪਤਾ, ਨਿਵਾਜਿਸ਼ ਗੁਪਤਾ, ਮੰਦੀਪ ਸਿੰਘ ਮਣੀ, ਦੀਪਕ ਸ਼ਰਮਾ ਅਤੇ ਵਿੱਕੀ ਖੁੱਲਰ ਸਮੇਤ ਕਈ ਮਸ਼ਹੂਰ ਉਦਯੋਗਪਤੀ ਤੇ ਅਹੁਦੇਦਾਰ ਮੌਜੂਦ ਸਨ।