
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੋਕਲ ਪੁਆਇੰਟ ਸਮੇਤ ਨੇੜਲੇ ਉਦਯੋਗਿਕ ਖੇਤਰਾਂ ਨੂੰ ਜਲਦ ਮਿਲੇਗੀ ਪਾਈਪਡ ਗੈਸ ਦੀ ਸਹੂਲਤ: ਅਡਾਨੀ ਗਰੁੱਪ ਵੱਲੋਂ ਤਿਆਰੀਆਂ ਤੇਜ਼

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ:
ਸ਼ਹਿਰ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਫੋਕਲ ਪੁਆਇੰਟ, ਗਦਾਈਪੁਰ, ਰੰਧਾਵਾ ਮਸੰਦਾਂ, ਰਾਏਪੁਰ, ਬੱਲਾਂ ਅਤੇ ਇੰਡਸਟ੍ਰੀਅਲ ਜ਼ੋਨ ਨੌਰਥ ਸਮੇਤ ਨੇੜਲੇ ਪ੍ਰਮੁੱਖ ਉਦਯੋਗਿਕ ਖੇਤਰਾਂ ਵਿੱਚ ਜਲਦ ਹੀ ਪਾਈਪਡ ਨੈਚੂਰਲ ਗੈਸ ਦੀ ਸਹੂਲਤ ਸ਼ੁਰੂ ਹੋਣ ਜਾ ਰਹੀ ਹੈ। ਇਸ ਅਹਿਮ ਪ੍ਰੋਜੈਕਟ ਤਹਿਤ ਅਡਾਨੀ ਗਰੁੱਪ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਗੈਸ ਪਾਈਪਲਾਈਨ ਵਿਛਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਸਬੰਧੀ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਇੱਕ ਉੱਚ-ਪੱਧਰੀ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਅਡਾਨੀ ਗੈਸ ਦੇ ਸੀਨੀਅਰ ਅਧਿਕਾਰੀ ਸਚਿਨ ਚੌਧਰੀ, ਰਾਹੁਲ ਅਤੇ ਨਿਤਿਨ ਕੁਮਾਰ ਸੇਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਯੂਨਾਈਟਿਡ ਫੋਰਮ ਆਫ਼ ਇੰਡਸਟਰੀ ਐਂਡ ਟਰੇਡਰਜ਼ ਦੇ ਅਹੁਦੇਦਾਰਾਂ ਅਤੇ ਖੇਤਰ ਦੇ ਉਦਯੋਗਪਤੀਆਂ ਨਾਲ ਵਿਸਥਾਰਪੂਰਵਕ ਚਰਚਾ ਹੋਈ।
---
ਉਦਯੋਗਾਂ ਨਾਲ ਐੱਮਓਯੂ 'ਤੇ ਕੀਤੇ ਗਏ ਦਸਤਖ਼ਤ
ਬੈਠਕ ਦੌਰਾਨ ਅਡਾਨੀ ਗਰੁੱਪ ਦੀ ਸਰਵੇ ਟੀਮ ਨੇ ਉਦਯੋਗਿਕ ਇਕਾਈਆਂ ਦੀਆਂ ਗੈਸ ਲੋੜਾਂ, ਸੰਭਾਵਿਤ ਕੁਨੈਕਸ਼ਨਾਂ ਅਤੇ ਪਾਈਪਲਾਈਨ ਦੇ ਨੈੱਟਵਰਕ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੈਸ ਕਨੈਕਸ਼ਨ ਲੈਣ ਦੇ ਚਾਹਵਾਨ ਉਦਯੋਗਪਤੀਆਂ ਨਾਲ ਸਮਝੌਤੇ ਵੀ ਸਹੀਬੰਦ ਕੀਤੇ ਗਏ। ਆਉਣ ਵਾਲੇ ਦਿਨਾਂ ਵਿੱਚ ਬਾਕੀ ਉਦਯੋਗਾਂ ਲਈ ਵੀ ਇਹ ਪ੍ਰਕਿਰਿਆ ਪੂਰੀ ਕਰਕੇ ਐੱਮਓਯੂ ਸਾਈਨ ਕੀਤੇ ਜਾਣਗੇ।
---
ਜਲਦ ਹੋਵੇਗੀ ਸਾਂਝੀ ਬੈਠਕ, ਦਿੱਤੀ ਜਾਵੇਗੀ ਪ੍ਰੋਜੈਕਟ ਦੀ ਪ੍ਰੈਜ਼ੈਂਟੇਸ਼ਨ
ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਅਤੇ ਜਤਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਜਲਦ ਹੀ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ਼ ਇੰਡਸਟਰੀ ਐਂਡ ਟਰੇਡਰਜ਼ ਦੀ ਇੱਕ ਵੱਡੀ ਸਾਂਝੀ ਬੈਠਕ ਬੁਲਾਈ ਜਾਵੇਗੀ। ਇਸ ਬੈਠਕ ਵਿੱਚ ਅਡਾਨੀ ਗਰੁੱਪ ਦੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੋਵੇਗੀ ਅਤੇ ਗੈਸ ਸਪਲਾਈ ਪ੍ਰਣਾਲੀ, ਪਾਈਪਲਾਈਨ ਨੈੱਟਵਰਕ ਅਤੇ ਉਦਯੋਗਾਂ ਦੀਆਂ ਭਵਿੱਖੀ ਲੋੜਾਂ ਅਨੁਸਾਰ ਤਿਆਰ ਕੀਤੀਆਂ ਯੋਜਨਾਵਾਂ ਦੀ ਪ੍ਰੈਜ਼ੈਂਟੇਸ਼ਨ ਦਿੱਤੀ ਜਾਵੇਗੀ।
---
ਮੀਲ ਦਾ ਪੱਥਰ ਸਾਬਤ ਹੋਵੇਗੀ ਪੀਐੱਨਜੀ
ਉਦਯੋਗਿਕ ਆਗੂਆਂ ਨੇ ਆਖਿਆ ਕਿ ਉਦਯੋਗਿਕ ਖੇਤਰਾਂ ਵਿੱਚ ਪਾਈਪਡ ਗੈਸ ਮਿਲਣ ਨਾਲ ਕਾਰਖਾਨਿਆਂ ਨੂੰ ਸੁਰੱਖਿਅਤ, ਕਿਫ਼ਾਇਤੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਬਾਲਣ ਦੀ ਸਪਲਾਈ ਮਿਲੇਗੀ। ਇਹ ਪਹਿਲਕਦਮੀ ਨਾ ਕੇਵਲ ਉਦਯੋਗਾਂ ਦੀ ਉਤਪਾਦਨ ਲਾਗਤ ਘਟਾਏਗੀ, ਸਗੋਂ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਅਤੇ ਖੇਤਰ ਦੀ ਆਰਥਿਕ ਪ੍ਰਗਤੀ ਵਿਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।