- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਹਗਾ ਸਰਹਦ ਤੇ ਹਿੰਦ ਪਾਕ ਦੋਸਤੀ ਸੰਮੇਲਨ 13 ਅਤੇ 14 ਅਗਸਤ ਨੂੰ

ਆਜ਼ਾਦੀ ਦਿਹਾੜੇ ਮੌਕੇ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਵੱਲੋਂ ਦਿੱਤਾ ਜਾਵੇਗਾ ਸ਼ਾਂਤੀ ਦਾ ਸੁਨੇਹਾ
ਸਰਹੱਦ ਦੇ ਆਰ-ਪਾਰ ਜਗਣਗੀਆਂ ਮੋਮਬੱਤੀਆਂ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ
ਜਲੰਧਰ : ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਦੋਵਾਂ ਦੇਸ਼ਾਂ ਦੇ ਮੁਹੱਬਤੀ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਸਾਫਮਾ, ਪਾਕਿਸਤਾਨ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ 31ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ 13 ਤੇ 14 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।
ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਤੇ ਚੇਅਰਮੈਨ ਸੁਰਜੀਤ ਜੱਜ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹਨ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 14 ਅਗਸਤ ਸਵੇਰੇ 10.30 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਚ ਭਾਰਤ ਤੇ ਪਾਕਿਸਤਾਨ ਸੰਬੰਧ, ਸਮੱਸਿਆਵਾਂ ਤੇ ਸੰਭਾਵਨਾ ਵਿਸ਼ੇ ’ਤੇ ਸੈਮੀਨਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸੈਮੀਨਾਰ ਦੌਰਾਨ ਸੀਨੀਅਰ ਪੱਤਰਕਾਰ ਅਤੇ ਬੁੱਧੀਜੀਵੀ ਜਤਿਨ ਦੇਸਾਈ, ਡਾ. ਸੁੱਚਾ ਸਿੰਘ ਗਿੱਲ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੰਦੀਪ ਪਾਂਡੇ, ਰਾਮ ਮੋਹਨ ਰਾਏ, ਪ੍ਰੋਫੈਸਰ ਬਾਬਾ ਬਾਵਾ ਤੇ ਡਾ. ਕੁਲਦੀਪ ਸਿੰਘ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਰਾਤ 12 ਵਜੇ ਅਟਾਰੀ-ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਲਾਹੌਰ ਵਿੱਚ ਸਾਊਥ ਏਸ਼ੀਆ ਫਰੀ ਮੀਡੀਆ ਵੱਲੋਂ 13 ਅਗਸਤ ਸ਼ਾਮ ਨੂੰ 6.30 ਤੋਂ 8.30 ਵਜੇ ਤੱਕ ‘ਸ਼ਾਂਤੀ ਨੂੰ ਇੱਕ ਮੌਕਾ ਹੋਰ ਦਿਓ’ ਵਿਸ਼ੇ ’ਤੇ ਸੈਮੀਨਾਰ ਹੋਵੇਗਾ ਅਤੇ ਇਸ ਤੋਂ ਬਾਅਦ ਰਾਤ ਸਵਾ 12 ਵਜੇ ਵਾਹਗਾ ਅਟਾਰੀ ਸਰਹੱਦ ’ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ। ਇਸ ਦੌਰਾਨ ਮਾਣਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰਤ ਵਾਲੇ ਪਾਸੇ ਅਟਾਰੀ ਵਾਹਗਾ ਬਾਰਡਰ ਤੇ 14 ਅਗਸਤ ਰਾਤ 12 ਵਜੇ ਮੋਮਬੱਤੀਆਂ ਜਗਾਉਣ ਦੀ ਆਗਿਆ ਲੈਣ ਲਈ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਆਗਿਆ ਮਿਲੀ ਤਾਂ ਸਰਹੱਦ ਨੇੜੇ ਮੋਮਬੱਤੀਆਂ ਜਗਾਈਆਂ ਜਾਣਗੀਆਂ। ਜੇ ਇਜਾਜ਼ਤ ਨਾ ਮਿਲੀ ਤਾਂ ਅਟਾਰੀ ਵਾਹਗਾ ਸਰਹੱਦ ਦੇ ਪਹਿਲੇ ਗੇਟ ਨੇੜੇ ਮੋਮਬੱਤੀਆਂ ਜਗਾਈਆਂ ਜਾਣਗੀਆਂ।
ਉਨਾਂ ਕਿਹਾ ਕਿ ਬਟਵਾਰੇ ਵੇਲੇ ਦਾ ਇਤਿਹਾਸ ਇਕ ਦਰਦਨਾਕ ਮੰਜ਼ਰ ਸੀ ਜਿਸ ਦੀਆਂ ਕਹਾਣੀਆਂ, ਫਿਲਮਾਂ ਦੇਖ ਸੁਣ ਕੇ ਅੱਜ ਵੀ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ। ਅਸੀ ਚਾਹੁੰਦੇ ਹਾਂ ਕਿ ਅਜਿਹਾ ਸੰਤਾਪ ਕਿਸੇ ਹੋਰ ਨੂੰ ਨਾ ਝੱਲਣਾ ਪਵੇ ਜਿਸ ਲਈ ਇਹ ਸਮਾਗਮ ਕਰਵਾਇਆ ਜਾਂਦਾ ਹੈ। ਬੁਲਾਰਿਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚ ਮੁੜ ਤੋਂ ਆਪਸੀ ਸਬੰਧਾਂ ਵਿਚ ਨਿੱਘ ਹੋਣਾ ਚਾਹੀਦਾ ਹੈ। ਕਰਤਾਰਪੁਰ ਲਾਂਘੇ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਕਰਤਾਪੁਰ ਲਾਂਘਾ ਵੀ ਮੁੜ ਖੁੱਲ੍ਹਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਰਾਕੇਸ਼ ਯਾਦਵ ਨੇ ਕਿਹਾ ਕਿ ਸਮਾਗਮ ਵਿਚ ਵੱਖ-ਵੱਖ ਸੂਬਿਆਂ ਤੋਂ ਲੋਕ ਹਿੱਸਾ ਲੈ ਰਹੇ ਹਨ ਜਿਨ੍ਹਾਂ ਦੇ ਰਹਿਣ ਲਈ ਅਤੇ ਹੋਰ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਇਕੱਠੇ ਬੈਠ ਕੇ ਹਰ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਚੇਅਰਮੈਨ ਸੁਰਜੀਤ ਸਿੰਘ ਜੱਜ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪਿਆਰ ਦਾ ਸੁਨੇਹਾ ਦੇਣ ਲਈ ਅਜਿਹੇ ਸਮਾਗਮ ਕਰਵਾਉਂਦੀ ਹੈ। ਬੁਲਾਰਿਆਂ ਨੇ ਕਿਹਾ ਕਿ ਇਕ ਅਜਿਹੀ ਲਹਿਰ ਉੱਠਣੀ ਚਾਹੀਦੀ ਹੈ ਜਿਸ ਵਿਚ ਮੁੱਦਾ ਹੋਵੇ ਕਿ ਸਰਹੱਦ ਲੋਕਾਂ ਦੇ ਆਉਣ-ਜਾਣ ਲਈ ਖੋਲ੍ਹੀ ਜਾਵੇ।