ਭੋਗਪੁਰ ’ਚ ਇੰਡੋ ਫਾਰਮ ਟਰੈਕਟਰ-ਟਰਾਲੀ ਹਾਦਸਾਗ੍ਰਸਤ, ਡਰਾਈਵਰ ਗੰਭੀਰ ਜ਼ਖ਼ਮੀ ਭੋਗਪੁਰ ’ਚ ਇੰਡੋ ਫਾਰਮ ਟਰੈਕਟਰ-ਟਰਾਲੀ ਹਾਦਸਾਗ੍ਰਸਤ, ਡਰਾਈਵਰ ਗੰਭੀਰ ਜ਼ਖ਼ਮੀ
Publish Date: Sun, 13 Sep 2026 09:36 PM (IST)
Updated Date: Sun, 13 Sep 2026 09:38 PM (IST)
ਟਰੈਕਟਰ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਜਾ ਵੜਿਆ ਐੱਸਐੱਸਐੱਫ ਜਵਾਨਾਂ ਨੇ ਸਟ੍ਰੈਚਰ ਦੀ ਮਦਦ ਨਾਲ ਜ਼ਖ਼ਮੀ ਨੂੰ ਪਹੁੰਚਾਇਆ ਹਸਪਤਾਲ ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ ਭੋਗਪੁਰ : ਭੋਗਪੁਰ ਵਿਖੇ ਜੇਪੀ ਹਸਪਤਾਲ ਨੇੜੇ ਅੱਜ ਸਵੇਰੇ ਇਕ ਇੰਡੋ ਫਾਰਮ ਟਰੈਕਟਰ-ਟਰਾਲੀ ਦੇ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਜਾਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਟਰੈਕਟਰ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਐੱਸਐੱਸਐੱਫ ਟੀਮ ਦੇ ਜਵਾਨਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ, ਰਾਹਗੀਰ ਵੱਲੋਂ ਸਵੇਰੇ ਕਰੀਬ 6:38 ਵਜੇ ਜੇਪੀ ਹਸਪਤਾਲ ਨੇੜੇ ਹਾਦਸੇ ਦੀ ਸੂਚਨਾ ਦਿੱਤੀ ਗਈ। ਐੱਸਐੱਸਐੱਫ ਟੀਮ 6:42 ਵਜੇ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਡਿਵਾਈਡਰ ਪਾਰ ਕਰਕੇ ਸੜਕ ਦੀ ਦੂਜੀ ਸਾਈਡ ਜਾ ਵੜਿਆ। ਦੱਸਿਆ ਗਿਆ ਕਿ ਟਰੈਕਟਰ ਜਲੰਧਰ ਤੋਂ ਭੋਗਪੁਰ ਵੱਲ ਜਾ ਰਿਹਾ ਸੀ। ਹਾਦਸੇ ’ਚ ਜ਼ਖ਼ਮੀ ਹੋਏ ਟਰੈਕਟਰ ਚਾਲਕ ਦੀ ਪਛਾਣ ਪਿਆਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ, ਵਾਸੀ ਪਿੰਡ ਡੋਹਕ ਸੀਰਾਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਏਐੱਸਆਈ ਰਣਧੀਰ ਸਿੰਘ ਤੇ ਐੱਸਐੱਸਐੱਫ ਦੇ ਜਵਾਨਾਂ ਨੇ ਜ਼ਖ਼ਮੀ ਨੂੰ ਸਟ੍ਰੈਚਰ ’ਤੇ ਪਾ ਕੇ ਜੇਪੀ ਹਸਪਤਾਲ ’ਚ ਦਾਖ਼ਲ ਕਰਵਾਇਆ। ਟੀਮ ਵੱਲੋਂ ਹਾਦਸੇ ਵਾਲੀ ਥਾਂ ਨੂੰ ਕੋਨ ਲਗਾ ਕੇ ਸੁਰੱਖਿਅਤ ਕੀਤਾ ਗਿਆ ਤੇ ਮੌਕੇ ਦੀ ਸਥਿਤੀ ਅਨੁਸਾਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਇਸ ਸਬੰਧੀ ਥਾਣਾ ਭੋਗਪੁਰ ਦੇ ਨਾਈਟ ਮੁਨਸ਼ੀ ਤਰਨਪ੍ਰੀਤ ਸਿੰਘ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਥਾਣਾ ਭੋਗਪੁਰ ਤੋਂ ਏਐੱਸਆਈ ਰੋਬਨ ਸਿੰਘ ਬਾਲੀ ਤੇ ਐੱਚਸੀ ਹਿੰਮਤ ਸਿੰਘ ਮੌਕੇ ’ਤੇ ਪਹੁੰਚੇ। ਹਾਦਸੇ ਸਬੰਧੀ ਜ਼ਖ਼ਮੀ ਦੇ ਦੋਸਤ ਖੁਸ਼ਸਰਨ ਸਿੰਘ ਨੂੰ ਵੀ ਸੂਚਿਤ ਕੀਤਾ ਗਿਆ। ਐੱਸਐੱਸਐੱਫ ਟੀਮ ਵੱਲੋਂ ਜ਼ਖ਼ਮੀ ਡਰਾਈਵਰ ਦਾ ਪਰਸ, ਜਿਸ ’ਚ 300 ਰੁਪਏ ਨਕਦ ਤੇ ਆਧਾਰ ਕਾਰਡ ਮੌਜੂਦ ਸੀ, ਐੱਚਸੀ ਹਿੰਮਤ ਸਿੰਘ ਨੂੰ ਸੌਂਪ ਦਿੱਤਾ ਗਿਆ। ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।