ਭਾਜਪਾ ਨੇ ਅਰਵਿੰਦ ਮਿਸ਼ਰਾ ਨੂੰ ਪਾਰਟੀ 'ਚੋਂ ਕੱਢਿਆ ਅਨੁਸ਼ਾਸਨਹੀਣਤਾ ਮੁਆਫ਼ ਨਹੀਂ: ਭਾਜਪਾ ਨੇ ਅਰਵਿੰਦ ਮਿਸ਼ਰਾ ਨੂੰ ਪਾਰਟੀ 'ਚੋਂ ਕੱਢਿਆ, ਤੁਰੰਤ ਪ੍ਰਭਾਵ ਨਾਲ ਬਰਖ਼ਾਸਤਗੀ ਦੇ ਹੁਕਮ ਜਾਰੀ
Publish Date: Wed, 02 Sep 2026 09:44 PM (IST)
Updated Date: Wed, 02 Sep 2026 09:46 PM (IST)
ਮਨਜੀਤ ਸ਼ਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ (ਜਲੰਧਰ ਸ਼ਹਿਰੀ) ਨੇ ਪਾਰਟੀ ਦੇ ਅੰਦਰੂਨੀ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਇਕ ਵੱਡਾ ਤੇ ਸਖ਼ਤ ਕਦਮ ਚੁੱਕਦਿਆਂ ਸੀਨੀਅਰ ਆਗੂ ਅਰਵਿੰਦ ਮਿਸ਼ਰਾ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਤੇ ਅਨੁਸ਼ਾਸਨਹੀਣਤਾ ਦੇ ਗੰਭੀਰ ਦੋਸ਼ਾਂ ਹੇਠ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਭਾਜਪਾ ਜਲੰਧਰ ਸ਼ਹਿਰੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਗੋਲਡੀ ਵੱਲੋਂ ਜਾਰੀ ਅਧਿਕਾਰਤ ਬਿਆਨ ਤੇ ਹੁਕਮਾਂ ਅਨੁਸਾਰ, ਅਰਵਿੰਦ ਮਿਸ਼ਰਾ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਸਨ, ਜਿਸ ਨਾਲ ਭਾਰਤੀ ਜਨਤਾ ਪਾਰਟੀ ਦੇ ਅਕਸ ਨੂੰ ਢਾਹ ਲੱਗ ਰਹੀ ਸੀ। ਪਾਰਟੀ ਹਾਈਕਮਾਂਡ ਵੱਲੋਂ ਵਾਰ-ਵਾਰ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਉਨ੍ਹਾਂ ਦੇ ਵਤੀਰੇ ’ਚ ਕੋਈ ਸੁਧਾਰ ਨਹੀਂ ਆਇਆ, ਜਿਸ ਤੋਂ ਬਾਅਦ ਬੁੱਧਵਾਰ ਨੂੰ ਇਹ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਅਰਵਿੰਦ ਮਿਸ਼ਰਾ ਦੀਆਂ ਗਤੀਵਿਧੀਆਂ ਪਾਰਟੀ ਦੇ ਸੰਵਿਧਾਨ ਤੇ ਮਰਿਆਦਾ ਦੇ ਉਲਟ ਸਨ। ਇਸ ਲਈ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕੀਤਾ ਜਾਂਦਾ ਹੈ। ਪਾਰਟੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਅਰਵਿੰਦ ਮਿਸ਼ਰਾ ਦੀ ਕਿਸੇ ਵੀ ਨਿੱਜੀ ਜਾਂ ਜਨਤਕ ਕਾਰਗੁਜ਼ਾਰੀ, ਬਿਆਨ ਜਾਂ ਕੰਮ ਨਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੋਵੇਗਾ। ਭਾਜਪਾ ਸ਼ਹਿਰੀ ਇਕਾਈ ਨੇ ਚਿਤਾਵਨੀ ਦਿੱਤੀ ਹੈ ਕਿ ਪਾਰਟੀ ਵਿਰੋਧੀ ਕੰਮਾਂ ਚ ਸ਼ਾਮਲ ਜਾਂ ਸੰਗਠਨ ਦਾ ਅਕਸ ਖ਼ਰਾਬ ਕਰਨ ਵਾਲੇ ਕਿਸੇ ਵੀ ਅਹੁਦੇਦਾਰ ਜਾਂ ਵਰਕਰ ਵਿਰੁੱਧ ਅਜਿਹੀ ਹੀ ਬਿਨਾਂ ਝਿਜਕ ਸਖ਼ਤ ਕਾਰਵਾਈ ਜਾਰੀ ਰਹੇਗੀ। ਇਸ ਫ਼ੈਸਲੇ ਨਾਲ ਜਲੰਧਰ ਭਾਜਪਾ ਦੇ ਰਾਜਨੀਤਿਕ ਹਲਕਿਆਂ ’ਚ ਭਾਰੀ ਹਲਚਲ ਮਚ ਗਈ ਹੈ ਤੇ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੰਗਠਨ ਤੋਂ ਉੱਪਰ ਕੋਈ ਵੀ ਵਿਅਕਤੀ ਨਹੀਂ ਹੈ।