ਇੰਦਰਾ ਕਾਲੋਨੀ ਵਾਸੀਆਂ ਨੇ ਪੁਲਿਸ ਖ਼ਿਲਾਫ਼ ਮੁੜ ਲਾਇਆ ਧਰਨਾ
ਇੰਦਰਾ ਕਾਲੋਨੀ ਵਾਸੀਆਂ ਨੇ ਫਿਰ ਲਗਾਇਆ ਧਰਨਾ, ਪੁਲਿਸ ’ਤੇ ਜਮਾਈ ਧੋਂਸ
Publish Date: Thu, 19 Feb 2026 07:08 PM (IST)
Updated Date: Fri, 20 Feb 2026 04:10 AM (IST)

- ਲੱਗਾ ਲੰਬਾ ਜਾਮ, ਜਾਮ ’ਚ ਐਬੂਲੈਂਸ ਵੀ ਰਹੀ ਫਸੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਜਲੰਧਰ-ਅੰਮ੍ਰਿਤਸਰ ਮਾਰਗ ’ਤੇ ਚਾਰ ਦਿਨ ਪਹਿਲਾਂ ਇੰਦਰਾ ਕਾਲੋਨੀ ਵਾਸੀਆਂ ਵੱਲੋਂ ਲੁੱਟ-ਖੋਹ ਦੇ ਮਾਮਲੇ ’ਚ ਪੁਲਿਸ ਵੱਲੋਂ ਕਾਰਵਾਈ ਕਰਨ ਲਈ ਦੇਰੀ ਨਾਲ ਪੁੱਜਣ ’ਤੇ ਹਾਈਵੇ ’ਤੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਹੋਂਦ ਦਿਖਾਈ ਸੀ, ਉੱਥੇ ਹੀ ਅੱਜ ਫਿਰ ਉਨ੍ਹਾਂ ਵੱਲੋਂ ਆਪਣੀ ਹੋਂਦ ਦਿਖਾਉਂਦਿਆਂ ਪੁਲਿਸ ਪ੍ਰਸ਼ਾਸਨ ਵਿਰੁੱਧ ਜਲੰਧਰ-ਅੰਮ੍ਰਿਤਸਰ ਮਾਰਗ ’ਤੇ ਧਰਨਾ ਲਗਾ ਦਿੱਤਾ ਗਿਆ, ਜਿਸ ਕਰ ਕੇ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ। ਜਿਸ ’ਚ ਐਂਬੂਲੈਂਸ ਵੀ ਫਸੀ ਰਹੀ। ਇੰਦਰਾ ਕਾਲੋਨੀ ਵਾਸੀ ਸੋਨੂੰ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਨ੍ਹਾਂ ਦਾ ਨਾਬਾਲਗ ਲੜਕਾ ਗਵਾਚ ਗਿਆ ਸੀ। ਜਿਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅਜੇ ਤੱਕ ਉਨ੍ਹਾਂ ਦੇ ਨਾਬਾਲਗ ਬੱਚੇ ਨੂੰ ਲੱਭਣ ਲਈ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਮਜਬੂਰਨ ਹਾਈਵੇ ਜਾਮ ਕਰਨਾ ਪਿਆ। ਨਾਬਾਲਗ ਬੱਚੇ ਦੇ ਪਿਤਾ ਸੋਨੂੰ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਕਰਨ ਉਰਫ ਲੱਡੂ ਨੂੰ ਲਾਪਤਾ ਹੋਏ ਚਾਰ ਦਿਨ ਹੋ ਗਏ ਹਨ, ਪਰ ਹੁਣ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਉਸ ਦਾ ਕਹਿਣਾ ਹੈ ਕਿ ਚਾਰ ਦਿਨ ਪਹਿਲਾਂ ਲੱਗੇ ਧਰਨੇ ਨਾਲ ਉਸ ਦੇ ਪੁੱਤਰ ਦੀ ਕੋਈ ਭੂਮਿਕਾ ਨਹੀਂ ਹੈ। ਉਹ ਸਾਈਕਲ ਚਲਾ ਰਿਹਾ ਸੀ ਤੇ ਸੜਕ ਕਿਨਾਰੇ ਘਟਨਾ ਦੇਖ ਰਿਹਾ ਸੀ। ਉਸ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਪਰ ਪੁਲਿਸ ਉਸ ਦੀ ਗੱਲ ਨਹੀਂ ਸੁਣ ਰਹੀ। ਲੁਟੇਰਿਆਂ ਨੇ ਹੀ ਨਾਬਾਲਗ ਬੱਚੇ ਨੂੰ ਕੀਤਾ ਅਗਵਾ : ਪ੍ਰਦਸ਼ਨਕਾਰੀ ਮੌਕੇ ’ਤੇ ਮੌਜੂਦ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਚਾਰ ਦਿਨ ਪਹਿਲਾਂ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਨੇ ਹੀ ਨਾਬਾਲਗ ਬੱਚੇ ਨੂੰ ਅਗਵਾ ਕਰ ਲਿਆ ਹੈ। ਲੱਗੇ ਲੰਬੇ ਜਾਮ ਦੌਰਾਨ ਥਾਣਾ ਇਕ ਦੀ ਪੁਲਿਸ ਸਮੇਤ ਡੀਸੀਪੀ ਅਸ਼ੋਕ ਮੀਨਾ ਮੌਕੇ ਤੇ ਪਹੁੰਚੇ ਤੇ ਤਕਰੀਬਨ ਦੋ ਘੰਟੇ ਤੱਕ ਲੱਗੇ ਧਰਨੇ ਨੂੰ ਭਰੋਸਾ ਦੇ ਕੇ ਹਟਵਾਇਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਅੱਠ ਘੰਟੇ ’ਚ ਉਨ੍ਹਾਂ ਦਾ ਬੱਚਾ ਪੁਲਿਸ ਵੱਲੋਂ ਨਾ ਲੱਭਿਆ ਗਿਆ ਤਾਂ ਉਹ ਹਾਈਵੇ ਦੁਬਾਰਾ ਜਾਮ ਕਰਨਗੇ। ਮਾਤਾ-ਪਿਤਾ ਦੀ ਲੜਾਈ ਕਰ ਕੇ ਘਰੋਂ ਗਿਆ ਸੀ ਨਾਬਾਲਗ ਬੱਚਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਤੀ-ਪਤਨੀ ਦਾ ਆਪਸ ’ਚ ਵਿਵਾਦ ਹੋਇਆ ਸੀ। ਜਿਸ ਕਾਰਨ ਨਾਬਾਲਗ ਬੱਚੇ ਨੂੰ ਮਾਤਾ-ਪਿਤਾ ਵੱਲੋਂ ਝਿੜਕਿਆ ਗਿਆ ਸੀ, ਜਿਸ ਤੋਂ ਨਰਾਜ਼ ਹੋ ਕੇ ਬੱਚਾ ਰੁਸ ਕੇ ਘਰੋਂ ਚਲਾ ਗਿਆ ਸੀ ਤੇ ਵਾਪਸ ਨਾ ਪਰਤਣ ’ਤੇ ਉਸ ਦੇ ਪਿਤਾ ਵੱਲੋਂ ਬੱਚੇ ਦੇ ਗੁਆਚਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ।