- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਕੀ ’ਚ ਭਾਰਤ ਦੀ ਚੜ੍ਹਤ - ਜਲੰਧਰ ਦੀ ਖੇਡ ਸਨਅਤ ਨੂੰ ਵੱਡੀਆਂ ਆਸਾਂ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ :
ਏਸ਼ੀਅਨ ਗੇਮਜ਼ ’ਚ ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਤੇ ਖ਼ਾਸ ਕਰਕੇ ਜਲੰਧਰ ਦੀ ਖੇਡ ਇੰਡਸਟਰੀ ਵਿਚ ਉਤਸ਼ਾਹ ਦੀ ਨਵੀਂ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜਲੰਧਰ ’ਚ 27 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਥੇ ਹਾਕੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇਗੀ, ਉੱਥੇ ਹੀ ਜਲੰਧਰ ਦੀ ਖੇਡ ਸਨਅਤ ਲਈ ਵੀ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦੀ ਹੈ। ਹਾਕੀ ਨਾਲ ਜਲੰਧਰ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ। ਇਸ ਸ਼ਹਿਰ ਨੇ ਜਿੱਥੇ ਦੇਸ਼ ਨੂੰ ਕਈ ਕੌਮਾਂਤਰੀ ਪੱਧਰ ਦੇ ਹਾਕੀ ਖਿਡਾਰੀ ਦਿੱਤੇ ਹਨ, ਉੱਥੇ ਹੀ ਖੇਡ ਸਾਮਾਨ ਦੇ ਨਿਰਮਾਣ ’ਚ ਵੀ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾਈ ਹੈ। ਅਜਿਹੇ ’ਚ ਇੱਥੋਂ ਦੇ ਹਾਕੀ ਨਿਰਮਾਤਾਵਾਂ ਤੇ ਖੇਡ ਉਦਯੋਗ ਨੂੰ ਵੱਡਾ ਆਰਥਿਕ ਲਾਭ ਮਿਲਣ ਦੀ ਉਮੀਦ ਹੈ।
---
ਨੌਜਵਾਨਾਂ ’ਚ ਵਧਦਾ ਉਤਸ਼ਾਹ
ਮਾਹਰਾਂ ਦਾ ਮੰਨਣਾ ਹੈ ਕਿ ਮੁਕਾਬਲਿਆਂ ’ਚ ਬਿਹਤਰੀਨ ਮੈਡਲ ਜਿੱਤਣ ਨਾਲ ਬੱਚਿਆਂ ਤੇ ਨੌਜਵਾਨਾਂ ’ਚ ਸਪੋਰਟਸਮੈਨਸ਼ਿਪ ਵਧਦੀ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਰੁਚੀ ਵਧਣ ਨਾਲ ਨੌਜਵਾਨਾਂ ਨੂੰ ਹਾਂ-ਪੱਖੀ ਊਰਜਾ ਮਿਲਦੀ ਹੈ, ਜਿਸ ਨਾਲ ਪਿੰਡਾਂ ਤੇ ਸ਼ਹਿਰਾਂ ’ਚ ਖੇਡਾਂ ਦਾ ਮਾਹੌਲ ਮੁੜ ਸੁਰਜੀਤ ਹੁੰਦਾ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਅਜਿਹੇ ਅੰਤਰਰਾਸ਼ਟਰੀ ਮੁਕਾਬਲਿਆਂ ਕਾਰਨ ਖੇਡਾਂ ਵੱਲ ਬੱਚਿਆਂ ਦਾ ਧਿਆਨ ਵਧੇਗਾ, ਜਿਸ ਨਾਲ ਹੋਰ ਖੇਡਾਂ ਨੂੰ ਵੀ ਲਾਭ ਪਹੁੰਚੇਗਾ।
---
ਰੁਜ਼ਗਾਰ ਨੂੰ ਮਿਲੇਗੀ ਨਵੀਂ ਰਫ਼ਤਾਰ
ਕਿਸੇ ਵੀ ਵੱਡੇ ਖੇਡ ਮੁਕਾਬਲੇ ਦਾ ਪ੍ਰਭਾਵ ਸਿਰਫ਼ ਮੈਦਾਨ ਤੱਕ ਸੀਮਤ ਨਹੀਂ ਰਹਿੰਦਾ। ਸੋ ਮੈਟਾਡੋਰ ਦੇ ਮਾਲਕ ਸਿਧਾਂਤ ਦਾ ਕਹਿਣਾ ਹੈ ਕਿ ਹਾਕੀ ਉਦਯੋਗ ਸਿਰਫ਼ ਹਾਕੀ ਸਟਿੱਕਸ ਤੱਕ ਹੀ ਸੀਮਤ ਨਹੀਂ ਹੈ। ਇਹ ਬਹੁਪੱਖੀ ਉਦਯੋਗ ਹੈ, ਜਿਸ ਵਿਚ ਹਾਕੀ ਕਿੱਟਾਂ, ਹਾਕੀ ਬਾਲਾਂ, ਸ਼ਿਨ ਗਾਰਡਜ਼ ਤੇ ਹੋਰ ਸੁਰੱਖਿਆ ਉਪਕਰਨ ਹੁੰਦੇ ਹਨ। ਇਸ ਦੇ ਨਾਲ ਹੀ ਜੁੱਤੇ ਤੇ ਪੌਸ਼ਾਕਾਂ ਵੀ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਹਾਕੀ ਸਟਿੱਕਸ ਦੋ ਤਰ੍ਹਾਂ ਦੀਆਂ ‘ਕੰਪੋਜ਼ਿਟ ਤੇ ਵੁੱਡਨ’ ਹੁੰਦੀਆਂ ਹਨ। ਵੁੱਡਨ ਯਾਨੀ ਲੱਕੜੀ ਦੀ ਹਾਕੀ, ਜੋ ਸ਼ੁਰੂਆਤੀ ਖਿਡਾਰੀਆਂ ਲਈ ਹੁੰਦੀ ਹੈ ਪਰ ਅੱਜ-ਕੱਲ੍ਹ ਕੰਪੋਜ਼ਿਟ ਹਾਕੀ ਸਟਿੱਕ ਦੀ ਮੰਗ ’ਚ ਵਾਧਾ ਹੋ ਰਿਹਾ ਹੈ। ਇਹ ਸਟਿੱਕ ਕਾਰਬਨ, ਕੇਵਲਰ ਤੇ ਗਲਾਸ ਫਾਈਬਰ ਨਾਲ ਤਿਆਰ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਖਿਡਾਰੀ 90 ਤੋਂ 100 ਫ਼ੀਸਦ ਕਾਰਬਨ ਵਾਲੀ ਕੰਪੋਜ਼ਿਟ ਹਾਕੀ ਸਟਿਕ ਦੀ ਵਰਤੋਂ ਕਰਦੇ ਹਨ, ਜਦੋਂਕਿ ਅਕੈਡਮੀ/ਸਥਾਨਕ ਪਲੇਅਰ 10 ਤੋਂ 50 ਫ਼ੀਸਦ ਕਾਰਬਨ ਵਾਲੀ ਕੰਪੋਜ਼ਿਟ ਹਾਕੀ ਦੀ ਵਰਤੋਂ ਕਰਦੇ ਹਨ। ਇਸ ਹਾਕੀ ਸਟਿੱਕ ਦਾ ਭਾਰ ਲਗਪਗ 500 ਤੋਂ 538 ਗ੍ਰਾਮ ਦੇ ਆਸ-ਪਾਸ ਹੁੰਦਾ ਹੈ, ਜਦੋਂਕਿ ਵੁੱਡਨ ਹਾਕੀ ਥੋੜ੍ਹੀ ਭਾਰੀ ਹੁੰਦੀ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੀ ਬਾਲ ਦਾ ਭਾਰ ਲਗਪਗ 150 ਗ੍ਰਾਮ ਹੁੰਦਾ ਹੈ, ਜੋ ਆਸਟ੍ਰੇਲੀਆ ਤੋਂ ਹੀ ਆਉਂਦੀ ਹੈ। ਪ੍ਰੈਕਟਿਸ ਲਈ ਵਰਤੀਆਂ ਜਾਣ ਵਾਲੀਆਂ ਬਾਲਾਂ ਦੀਆਂ ਦੋ ਮੁੱਖ ਕਿਸਮਾਂ (ਕੋਰਕ ਉੱਤੇ ਪੀਵੀਸੀ ਲੇਅਰ ਤੇ ਹੋਲੋ ਪੀਵੀਸੀ ਬਾਲਾਂ) ਦਾ ਨਿਰਮਾਣ ਇੱਥੇ ਵੱਡੇ ਪੱਧਰ ’ਤੇ ਹੁੰਦਾ ਹੈ।
---
ਇੰਡੀਆ ’ਚ ਬਣ ਰਹੀਆਂ ਹਨ ਆਧੁਨਿਕ ਸਟਿੱਕਸ
ਜਲੰਧਰ ਦੀ ਖੇਡ ਸਨਅਤ ਨੇ ਸਮੇਂ ਦੇ ਨਾਲ ਦੇਸ਼ ਤੇ ਵਿਦੇਸ਼ ਦੇ ਬਾਜ਼ਾਰਾਂ ’ਚ ਆਪਣੀ ਥਾਂ ਬਣਾਈ ਹੈ। ਇੱਥੋਂ ਤਿਆਰ ਹੋਣ ਵਾਲਾ ਖੇਡ ਸਾਮਾਨ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਹਾਕੀ ਇਸ ਸ਼ਹਿਰ ਦੀ ਖੇਡ ਪਛਾਣ ਦਾ ਅਹਿਮ ਹਿੱਸਾ ਰਹੀ ਹੈ। ਇੱਥੋਂ ਦੇ ਕਈ ਨਿਰਮਾਤਾ ਤੇ ਛੋਟੇ ਕਾਰੋਬਾਰੀ ਪੀੜ੍ਹੀਆਂ ਤੋਂ ਖੇਡ ਸਾਮਾਨ ਬਣਾਉਣ ਦੇ ਕੰਮ ਨਾਲ ਜੁੜੇ ਹੋਏ ਹਨ। ਜਲੰਧਰ ’ਚ ਇਸ ਵੇਲੇ ਕੰਪੋਜ਼ਿਟ ਹਾਕੀਆਂ ਦੇ ਲਗਪਗ ਸੱਤ ਤੋਂ ਅੱਠ ਵੱਡੇ ਯੂਨਿਟ ਤੇ ਬਾਲਾਂ ਦੇ ਚਾਰ ਤੋਂ ਪੰਜ ਯੂਨਿਟ ਕੰਮ ਕਰ ਰਹੇ ਹਨ। ਪਹਿਲਾਂ ਜਿੱਥੇ ਕਈ ਤਕਨਾਲੋਜੀਆਂ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਰਹਿਣਾ ਪੈਂਦਾ ਸੀ, ਹੁਣ ਭਾਰਤ ’ਚ ਹੀ ਆਧੁਨਿਕ ਪਲਾਂਟ ਲੱਗ ਚੁੱਕੇ ਹਨ।
---
ਸਥਾਨਕ ਬ੍ਰਾਂਡਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਛਾਪ
ਜਲੰਧਰ ਦੇ ਪ੍ਰਮੁੱਖ ਬ੍ਰਾਂਡ, ਜਿਵੇਂ ਫਿਲਿਪਸ, ਸੁਪਰੀਮ, ਅਲਫ਼ਾ, ਫਲੈਸ਼ ਅਜਿਹੇ ਬ੍ਰਾਂਡ ਅਤੇ ਨਵੇਂ ਉੱਭਰ ਰਹੇ ਬ੍ਰਾਂਡ ਜਿਵੇਂ ਮੈਟਾਡੋਰ ਖੇਡ ਜਗਤ ’ਚ ਆਪਣਾ ਵਧੀਆ ਨਾਂ ਬਣਾ ਰਹੇ ਹਨ। ਹਾਲਾਂਕਿ ਅੰਤਰਰਾਸ਼ਟਰੀ ਟੂਰਨਾਮੈਂਟਾਂ ’ਚ ਐੱਫਆਈਐੱਚ ਦੁਆਰਾ ਪ੍ਰਮਾਣਿਤ ਮਾਪਦੰਡਾਂ ਅਨੁਸਾਰ ਹੀ ਸਾਮਾਨ ਦੀ ਚੋਣ ਕੀਤੀ ਜਾਂਦੀ ਹੈ ਪਰ ਜਲੰਧਰ ਦੀਆਂ ਫੈਕਟਰੀਆਂ ’ਚ ਡਾਈਆਂ ਤੇ ਨਿਰਮਾਣ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਹੀ ਕੀਤਾ ਜਾਂਦਾ ਹੈ।
ਖੇਡ ਉਦਯੋਗਪਤੀ ਵਿਪਨ ਦਾ ਕਹਿਣਾ ਹੈ ਕਿ ਟੂਰਨਾਮੈਂਟਾਂ ਵਿਚ ਭਾਰਤ ਦੀ ਜਿੱਤ ਤੋਂ ਬਾਅਦ ਹੀ ਬਾਜ਼ਾਰ ਵਿਚ ਅਸਲ ਰੀਐਕਸ਼ਨ ਤੇ ਮੰਗ ਦੇਖਣ ਨੂੰ ਮਿਲਦੀ ਹੈ। ਜਦੋਂ ਬੱਚੇ ਟੀਵੀ ’ਤੇ ਟੀਮ ਨੂੰ ਜਿੱਤਦੇ ਦੇਖਦੇ ਹਨ ਤਾਂ ਉਹ ਆਪ-ਮੁਹਾਰੇ ਖੇਡਣ ਲਈ ਪ੍ਰੇਰਿਤ ਹੁੰਦੇ ਹਨ। ਇਸ ਨਾਲ ਸਾਰੇ ਸਪੋਰਟਸ ਬ੍ਰਾਂਡਾਂ ਤੇ ਪੂਰੀ ਇੰਡਸਟਰੀ ਨੂੰ ਲਾਭ ਹੁੰਦਾ ਹੈ। ਏਸ਼ੀਆ ਕੱਪ ਤੋਂ ਬਾਅਦ ਹਾਕੀ ਦੇ ਇਸ ਨਵੇਂ ਦੌਰ ਨਾਲ ਜਲੰਧਰ ਦੇ ਖੇਡ ਉਦਯੋਗ ਨੂੰ ਆਉਣ ਵਾਲੇ ਸਮੇਂ ’ਚ ਹੋਰ ਵੀ ਜ਼ਿਆਦਾ ਬੂਸਟ ਮਿਲਣ ਦੀ ਉਮੀਦ ਹੈ।