- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਠਿਠੁਰਨ ਨਾਲ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ’ਤੇ ਵਧੀ ਸੋਜ

-ਠੰਢ ਵਧਣ ਨਾਲ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਤੱਕ ਵਧੀ
-ਮਰੀਜ਼ਾਂ ਦੀਆਂ ਉਂਗਲੀਆਂ ਨੀਲੀਆਂ ਤੇ ਲਾਲ ਪੈਣ ਲੱਗੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦੋ ਹਫ਼ਤਿਆਂ ਤੋਂ ਤਾਪਮਾਨ ਲਗਾਤਾਰ ਘਟਣ ਕਾਰਨ ਠੰਢ ’ਚ ਇਜ਼ਾਫ਼ਾ ਹੋ ਰਿਹਾ ਹੈ। ਇਸ ਦਾ ਅਸਰ ਲੋਕਾਂ ਦੀ ਸਿਹਤ ’ਤੇ ਵੀ ਪੈ ਰਿਹਾ ਹੈ। ਖ਼ਾਸ ਕਰਕੇ ਠੰਢ ਤੇ ਪਾਣੀ ’ਚ ਕੰਮ ਕਰਨ ਵਾਲੇ ਲੋਕਾਂ ਦੇ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਤੇ ਅੱਡੀਆਂ ’ਤੇ ਸੋਜ ਦੀ ਸਮੱਸਿਆ ਵਧਣ ਲੱਗੀ ਹੈ। ਠੰਢ ਕਾਰਨ ਖੂਨ ਦੀ ਗਤੀ ਪ੍ਰਭਾਵਿਤ ਹੋਣ ਨਾਲ ਚਮੜੀ ’ਤੇ ਲਾਲੀ, ਸੋਜ, ਜਲਨ ਤੇ ਖੁਜਲੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਈ ਮਰੀਜ਼ਾਂ ’ਚ ਚਮੜੀ ਫਟਣ ਜਾਂ ਛਾਲੇ ਪੈਣ ਦੀ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ। ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਮੁਤਾਬਕ ਇਸ ਮਹੀਨੇ ਹੁਣ ਤੱਕ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਤੱਕ ਵਧ ਚੁੱਕੀ ਹੈ। ਠੰਢ ਤੇ ਸਿਆਲ ਘਟਣ ’ਤੇ ਹੀ ਇਸ ਸਮੱਸਿਆ ਤੋਂ ਰਾਹਤ ਮਿਲ ਸਕੇਗੀ। ਫਿਲਹਾਲ ਡਾਕਟਰਾਂ ਵੱਲੋਂ ਅਜਿਹੇ ਮਰੀਜ਼ਾਂ ਨੂੰ ਠੰਢ ਤੋਂ ਬਚਾਅ ਕਰਨ ਤੇ ਹੱਥ-ਪੈਰ ਗਰਮ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਸੂਦ ਸਕਿਨ ਐਂਡ ਲੇਜ਼ਰ ਸੈਂਟਰ ਦੀ ਐੱਮਡੀ ਡਾ. ਜਯੋਤੀ ਸੂਦ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ’ਚ ਖੂਨ ਦੀ ਗਤੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ’ਚ ਇਸ ਸਮੱਸਿਆ ਦਾ ਖਤਰਾ ਵੱਧ ਹੁੰਦਾ ਹੈ। ਔਰਤਾਂ, ਬਜ਼ੁਰਗਾਂ ਤੇ ਬੱਚਿਆਂ ’ਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜਦੋਂ ਹੱਥ, ਪੈਰ, ਕੰਨ ਜਾਂ ਨੱਕ ਲੰਬੇ ਸਮੇਂ ਤੱਕ ਠੰਢ ਦੇ ਸੰਪਰਕ ’ਚ ਰਹਿੰਦੇ ਹਨ ਤਾਂ ਉੱਥੇ ਦੀਆਂ ਖੂਨ ਦੀਆਂ ਨਲੀਆਂ ਸੁੰਗੜ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ’ਚ ਖੂਨ ਦਾ ਵਹਾਅ ਠੀਕ ਨਹੀਂ ਹੁੰਦਾ, ਉਨ੍ਹਾਂ ਨੂੰ ਇਹ ਸਮੱਸਿਆ ਜਲਦੀ ਹੋ ਜਾਂਦੀ ਹੈ। ਗਿੱਲੀਆਂ ਜ਼ੁਰਾਬਾਂ, ਮੌਸਮ ’ਚ ਨਮੀ ਜਾਂ ਪਸੀਨਾ ਵੀ ਇਸ ਸਮੱਸਿਆ ਨੂੰ ਵਧਾ ਦਿੰਦਾ ਹੈ। ਪਿੰਡਾਂ ਤੇ ਠੰਢੇ ਇਲਾਕਿਆਂ ’ਚ ਰਹਿਣ ਵਾਲੇ ਦੁਬਲੇ-ਪਤਲੇ ਲੋਕ, ਔਰਤਾਂ, ਖੂਨ ਦੀ ਕਮੀ ਵਾਲੇ, ਡਾਇਬਟੀਜ਼ ਜਾਂ ਥਾਇਰਾਇਡ ਦੇ ਮਰੀਜ਼ ਇਸ ਲਈ ਵਧੇਰੇ ਖਤਰੇ ’ਚ ਰਹਿੰਦੇ ਹਨ।
ਸਿਵਲ ਹਸਪਤਾਲ ਦੇ ਚਮੜੀ ਰੋਗ ਮਾਹਿਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਦਿਨਾਂ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਸੋਜ ਦੇ ਮਾਮਲੇ ਵਧ ਰਹੇ ਹਨ। ਸਮੇਂ ਸਿਰ ਇਲਾਜ ਨਾ ਮਿਲਣ ’ਤੇ ਇਹ ਗੰਭੀਰ ਰੂਪ ਧਾਰ ਸਕਦੇ ਹਨ। ਪਿਛਲੇ ਲਗਪਗ ਦੋ ਹਫ਼ਤਿਆਂ ’ਚ ਓਪੀਡੀ ’ਚ ਆਉਣ ਵਾਲੇ ਮਰੀਜ਼ਾਂ ’ਚ ਇਹ ਗਿਣਤੀ ਤਿੰਨ ਗੁਣਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਰੂਟੀਨ ਤੌਰ ’ਤੇ 7 ਤੋਂ 10 ਮਰੀਜ਼ ਆਉਂਦੇ ਸਨ ਪਰ ਪਿਛਲੇ 10ਦਿਨਾਂ ’ਚ ਠੰਢ ਵਧਣ ਨਾਲ ਇਹ ਗਿਣਤੀ 25 ਤੋਂ 30 ਦੇ ਕਰੀਬ ਹੋ ਗਈ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣ ਤੇ ਹੱਥ-ਪੈਰ ਗਰਮ ਰੱਖਣ ਦੀ ਅਪੀਲ ਕੀਤੀ ਹੈ। ਮਨਮਰਜ਼ੀ ਨਾਲ ਦਵਾਈ ਲੈਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਸਿਵਲ ਹਸਪਤਾਲ ’ਚ ਜਾਂਚ ਕਰਵਾਉਣ ਆਈ 24 ਸਾਲਾ ਮਮਤਾ ਨੇ ਦੱਸਿਆ ਕਿ ਉਹ ਨਿੱਜੀ ਸਕੂਲ ’ਚ ਅਧਿਆਪਿਕਾ ਹੈ। ਸਵੇਰੇ ਘਰ ਦੇ ਕੰਮ ਕਰਨ ਤੋਂ ਇਲਾਵਾ ਠੰਢ ’ਚ ਡਿਊਟੀ ’ਤੇ ਜਾਣਾ ਪੈਂਦਾ ਹੈ। ਪਿਛਲੇ ਦੋ ਦਿਨਾਂ ਤੋਂ ਉਸ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਸੁੱਜ ਗਈਆਂ ਸੀ। ਇਹ ਪਹਿਲੀ ਵਾਰ ਹੋਇਆ, ਜਿਸ ਕਾਰਨ ਉਹ ਕੋਈ ਕੰਮ ਵੀ ਨਹੀਂ ਕਰ ਸਕਦੀ। ਸਮੇਂ ਸਿਰ ਇਲਾਜ ਨਾਲ ਉਸ ਨੂੰ ਰਾਹਤ ਮਿਲੀ। ਨਿੱਜੀ ਹਸਪਤਾਲ ’ਚ ਇਲਾਜ ਕਰਵਾਉਣ ਆਏ 34 ਸਾਲਾ ਰਾਹੁਲ ਨੇ ਦੱਸਿਆ ਕਿ ਉਸ ਦਾ ਕੰਮ ਸਵੇਰੇ ਟੂਰ ’ਤੇ ਜਾਣ ਦਾ ਹੈ। ਉਸ ਦੇ ਹੱਥਾਂ ਦੀਆਂ ਉਂਗਲੀਆਂ ’ਚ ਸੋਜ, ਦਰਦ ਤੇ ਨੀਲੇ-ਲਾਲ ਧੱਬੇ ਨਜ਼ਰ ਆਉਣ ਲੱਗੇ। ਕੁਝ ਦਿਨਾਂ ਬਾਅਦ ਚਮੜੀ ਫਟਣ ਲੱਗੀ, ਜਿਸ ਨਾਲ ਖੂਨ ਵੀ ਨਿਕਲਣ ਲੱਗਾ। ਪਿਛਲੇ ਸਾਲ ਵੀ ਇਹ ਸਮੱਸਿਆ ਹੋਈ ਸੀ ਪਰ ਇਸ ਸਾਲ ਹੋਰ ਵਧ ਗਈ ਹੈ। ਰੋਜ਼ਾਨਾ ਦੇ ਕੰਮ ਕਰਨ ’ਚ ਵੀ ਮੁਸ਼ਕਲਾਂ ਆ ਰਹੀਆਂ ਹਨ। ਪਹਿਲਾਂ ਤੋਂ ਹੀ ਉਸ ਨੂੰ ਖੂਨ ਦੀ ਗਤੀ ਨਾਲ ਸਬੰਧਤ ਹਲਕੀ ਸਮੱਸਿਆ ਸੀ, ਜੋ ਇਸ ਦਾ ਕਾਰਨ ਹੋ ਸਕਦੀ ਹੈ। ਡਾਕਟਰਾਂ ਨੇ ਇਲਾਜ ਦੇ ਨਾਲ-ਨਾਲ ਠੰਢ ’ਚ ਦਸਤਾਨੇ ਪਹਿਨਣ ਤੇ ਹੱਥਾਂ ਨੂੰ ਗਰਮ ਰੱਖਣ ਦੀ ਸਲਾਹ ਦਿੱਤੀ ਹੈ।
----------------------
ਇਸ ਤਰ੍ਹਾਂ ਕਰੋ ਬਚਾਅ
-ਠੰਢ ’ਚ ਹੱਥ-ਪੈਰ ਹਮੇਸ਼ਾ ਢੱਕ ਕੇ ਰੱਖੋ।
-ਗਿੱਲੇ ਕੱਪੜੇ ਜਾਂ ਜ਼ੁਰਾਬਾਂ ਤੁਰੰਤ ਬਦਲੋ।
-ਅਚਾਨਕ ਬਹੁਤ ਜ਼ਿਆਦਾ ਠੰਢ ਜਾਂ ਗਰਮੀ ਦੇ ਸੰਪਰਕ ’ਚ ਨਾ ਆਓ।
-ਚਮੜੀ ਦੀ ਨਮੀ ਬਰਕਰਾਰ ਰੱਖਣ ਲਈ ਮਾਇਸਚਰਾਈਜ਼ਰ ਵਰਤੋਂ।
-ਲੱਛਣ ਨਜ਼ਰ ਆਉਂਦੇ ਹੀ ਡਾਕਟਰ ਨਾਲ ਸਲਾਹ ਕਰੋ।