- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਦੀਵਾਲੀ

ਜਾਸ, ਜਲੰਧਰ : ਦੀਵਾਲੀ ਦੀ ਰਾਤ ਹੋਈ ਜ਼ੋਰਦਾਰ ਆਤਿਸ਼ਬਾਜ਼ੀ ਤੋਂ ਬਾਅਦ ਸ਼ਹਿਰ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਦੀਵਾਲੀ ਦੀ ਰਾਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਖ਼ਤਰਨਾਕ ਪੱਧਰ 500 ਤੱਕ ਪਹੁੰਚ ਗਿਆ, ਜੋ ਬੇਹੱਦ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਦੀਵਾਲੀ ਤੋਂ ਬਾਅਦ ਆਉਣ ਵਾਲੇ ਸੋਮਵਾਰ ਨੂੰ ਵੀ ਹਾਲਾਤ |ਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ ਤੇ ਏਕਿਊਆਈ 336 ਦੇ ਕਰੀਬ ਰਿਹਾ। ਇਹ ਪੱਧਰ ਸਿਹਤ ਲਈ ਬੇਹੱਦ ਮਾੜਾ ਮੰਨਿਆ ਜਾਂਦਾ ਹੈ।
ਪ੍ਰਦੂਸ਼ਿਤ ਹਵਾ ਦਾ ਅਸਰ ਲੋਕਾਂ ਦੀ ਸਿਹਤ ’ਤੇ ਸਿੱਧਾ ਦਿਖਾਈ ਦੇਣ ਲੱਗਾ ਹੈ। ਸ਼ਹਿਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਨਾਲ-ਨਾਲ ਗਲੀ-ਮੁਹੱਲਿਆਂ ਦੇ ਕਲੀਨਿਕਾਂ ’ਚ ਖੰਘ, ਗਲੇ ਦੀ ਖਰਾਸ਼ ਤੇ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਚਾਨਕ ਵਧ ਗਈ ਹੈ। ਡਾਕਟਰਾਂ ਮੁਤਾਬਕ ਦਮਾ, ਟੀਬੀ, ਸੀਓਪੀਡੀ ਤੇ ਸਾਹ ਦੀਆਂ ਪੁਰਾਣੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਭ ਤੋਂ ਵੱਧ ਤਕਲੀਫ਼ ਹੋ ਰਹੀ ਹੈ। ਇਨ੍ਹਾਂ ਮਰੀਜ਼ਾਂ ’ਚ ਸਾਹ ਚੜ੍ਹਨਾ, ਘਰਘਰਾਹਟ ਤੇ ਛਾਤੀ ਵਿਚ ਜਕੜਨ ਦੀ ਸ਼ਿਕਾਇਤ ਆਮ ਹੋ ਗਈ ਹੈ। ਕਈ ਮਰੀਜ਼ਾਂ ਨੂੰ ਪਹਿਲਾਂ ਨਾਲੋਂ ਵੱਧ ਵਾਰ ਇਨਹੇਲਰ ਵਰਤਣਾ ਪੈ ਰਿਹਾ ਹੈ। ਨਿੱਜੀ ਹਸਪਤਾਲਾਂ ਤੇ ਸਥਾਨਕ ਡਾਕਟਰਾਂ ਦੇ ਕਲੀਨਿਕਾਂ ਵਿਚ ਓਪੀਡੀ ’ਚ ਆਉਣ ਵਾਲੇ ਕੁੱਲ ਮਰੀਜ਼ਾਂ ਵਿੱਚੋਂ ਕਰੀਬ 40 ਫ਼ੀਸਦੀ ਪ੍ਰਦੂਸ਼ਣ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਇਲਾਜ ਲਈ ਪਹੁੰਚ ਰਹੇ ਹਨ। ਇਨ੍ਹਾਂ ਵਿਚ ਬੱਚਿਆਂ ਅਤੇ ਬਜ਼ੁਰਗਾਂ ਦੀ ਗਿਣਤੀ ਵੱਧ ਹੈ।
---
ਬਰੀਕ ਕਣ ਸਿੱਧੇ ਫੇਫੜਿਆਂ ਤੱਕ ਪੁੱਜ ਕੇ ਪੈਦਾ ਕਰਦੇ ਹਨ ਸੋਜ : ਡਾ. ਵਾਲੀਆ
ਇਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾਇਰੈਕਟਰ ਡਾ. ਅਰੁਣ ਵਾਲੀਆ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ ਕਈ ਗੁਣਾ ਵਧ ਜਾਂਦਾ ਹੈ। ਇਹ ਬਰੀਕ ਕਣ ਸਿੱਧੇ ਫੇਫੜਿਆਂ ਤੱਕ ਪਹੁੰਚ ਕੇ ਸੋਜ ਪੈਦਾ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਦਮਾ ਜਾਂ ਸੀਓਪੀਡੀ ਹੈ, ਉਨ੍ਹਾਂ ਲਈ ਇਹ ਸਮਾਂ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਵਿਚ ਹਸਪਤਾਲ ਵਿਚ ਸਾਹ ਦੇ ਮਰੀਜ਼ਾਂ ਦੀ ਗਿਣਤੀ 30 ਤੋਂ 35 ਫ਼ੀਸਦੀ ਵਧੀ ਹੈ। ਮਰੀਜ਼ ਲਗਾਤਾਰ ਖੰਘ, ਨੱਕ ਬੰਦ ਹੋਣ ਤੇ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ।
---
ਬਿਨਾਂ ਮਾਸਕ ਪਾਏ ਘਰੋਂ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ : ਡਾ. ਬਜਾਜ
ਨੀਮਾ ਦੇ ਕੌਮੀ ਜਨਰਲ ਸਕੱਤਰ ਡਾ. ਪਰਵਿੰਦਰ ਬਜਾਜ ਨੇ ਕਿਹਾ ਕਿ ਇਹ ਹਰ ਸਾਲ ਦੀ ਸਮੱਸਿਆ ਬਣ ਗਈ ਹੈ। ਦੀਵਾਲੀ ਤੋਂ ਬਾਅਦ 10 ਤੋਂ 15 ਦਿਨਾਂ ਤੱਕ ਹਵਾ ਦੀ ਗੁਣਵੱਤਾ ਖ਼ਰਾਬ ਰਹਿੰਦੀ ਹੈ, ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ’ਤੇ ਪੈਂਦਾ ਹੈ। ਗਲੀ-ਮੁਹੱਲਿਆਂ ਦੇ ਕਲੀਨਿਕਾਂ ਵਿਚ ਵੀ ਇਹੋ ਜਿਹੇ ਹਾਲਾਤ ਹਨ। ਲੋਕ ਬਿਨਾਂ ਮਾਸਕ ਪਾਏ ਬਾਹਰ ਨਿਕਲ ਰਹੇ ਹਨ ਅਤੇ ਸਵੇਰੇ-ਸਵੇਰੇ ਸੈਰ ਕਰ ਰਹੇ ਹਨ, ਜੋ ਇਸ ਸਮੇਂ ਸਭ ਤੋਂ ਖ਼ਤਰਨਾਕ ਹੈ। ਮਰੀਜ਼ਾਂ ਨੂੰ ਆਪਣੀਆਂ ਨਿਯਮਤ ਦਵਾਈਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਅਤੇ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਜੇ ਇਨਹੇਲਰ ਵਰਤਣ ਤੋਂ ਬਾਅਦ ਵੀ ਛੁੱਟੀ ਨਾ ਆਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਮਰੀਜ਼ਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਘੁੱਟਣ ਵੱਧ ਮਹਿਸੂਸ ਹੁੰਦੀ ਹੈ। ਸ਼ੇਖਾਂ ਬਾਜ਼ਾਰ ਵਿਚ ਰਹਿਣ ਵਾਲੇ ਅਰਵਿੰਦ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਲਗਾਤਾਰ ਗਲੇ ਵਿਚ ਖਰਾਸ਼ ਅਤੇ ਸੁੱਕੀ ਖੰਘ ਹੈ। ਅੱਖਾਂ ਵਿਚ ਜਲਣ ਕਾਰਨ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ।
---
ਬਚਾਅ ਦੇ ਉਪਾਅ ਜ਼ਰੂਰੀ
-ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਵਾਲੇ ਦਿਨਾਂ ਵਿਚ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ।
-ਹਵਾ ਦੀ ਗੁਣਵੱਤਾ ਖ਼ਰਾਬ ਹੋਣ ’ਤੇ ਸਵੇਰੇ ਤੜਕੇ ਸੈਰ ਤੇ ਕਸਰਤ ਕਰਨ ਤੋਂ ਬਚੋ। ਸਵੇਰ ਵੇਲੇ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵੱਧ ਹੁੰਦਾ ਹੈ।
-ਘਰ ਦੇ ਫਰਸ਼ ਨੂੰ ਰੋਜ਼ ਗਿੱਲੇ ਕੱਪੜੇ ਨਾਲ ਸਾਫ਼ ਕਰੋ। ਬਿਸਤਰੇ ਦੀਆਂ ਚਾਦਰਾਂ ਤੇ ਪਰਦੇ ਵੀ ਧੋਵੋ, ਕਿਉਂਕਿ ਇਨ੍ਹਾਂ ’ਤੇ ਪ੍ਰਦੂਸ਼ਣ ਦੇ ਬਰੀਕ ਕਣ ਜਮ੍ਹਾਂ ਹੋ ਸਕਦੇ ਹਨ।
-ਬਾਹਰ ਜਾਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸਥਾਨਕ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਜ਼ਰੂਰ ਵੇਖੋ। ਜੇ ਹਵਾ ਦੀ ਗੁਣਵੱਤਾ ਖ਼ਰਾਬ ਜਾਂ ਬੇਹੱਦ ਖ਼ਰਾਬ ਹੋਵੇ ਤਾਂ ਬਾਹਰ ਕਸਰਤ ਨਾ ਕਰੋ।
-ਧੂੰਏਂ ਦਾ ਪੱਧਰ ਵੱਧ ਹੋਣ ’ਤੇ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ। ਜੇ ਘਰ ਵਿਚ ਉਪਲੱਬਧ ਹੋਵੇ ਤਾਂ ਐੱਚਈਪੀਏ ਫਿਲਟਰ ਵਾਲਾ ਏਅਰ ਪਿਊਰੀਫਾਇਰ ਵਰਤੋ। ਓਜ਼ੋਨ ਜਾਂ ਹੋਰ ਹਾਨੀਕਾਰਕ ਉਪ-ਉਤਪਾਦ ਪੈਦਾ ਕਰਨ ਵਾਲੇ ਏਅਰ ਪਿਊਰੀਫਾਇਰ ਤੋਂ ਬਚੋ।
-ਸਾਹ ਨਾਲ ਜੁੜੇ ਨਵੇਂ ਲੱਛਣ ਦਿਖਾਈ ਦੇਣ, ਪੁਰਾਣੇ ਲੱਛਣ ਗੰਭੀਰ ਹੋਣ ਜਾਂ ਆਮ ਨਾਲੋਂ ਵੱਧ ਵਾਰ ਇਨਹੇਲਰ ਦੀ ਲੋੜ ਪੈਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
-ਦਮਾ, ਸੀਓਪੀਡੀ ਅਤੇ ਸਾਹ ਦੀਆਂ ਹੋਰ ਪੁਰਾਣੀਆਂ ਬਿਮਾਰੀਆਂ ਵਾਲੇ ਮਰੀਜ਼ ਆਪਣੀਆਂ ਤਜਵੀਜ਼ ਕੀਤੀਆਂ ਦਵਾਈਆਂ ਤੇ ਇਨਹੇਲਰ ਹਮੇਸ਼ਾ ਕੋਲ ਰੱਖਣ ਅਤੇ ਡਾਕਟਰ ਵੱਲੋਂ ਦਿੱਤੀ ਇਲਾਜ ਯੋਜਨਾ ਦੀ ਪਾਲਣਾ ਕਰਨ।
---
ਇਨ੍ਹਾਂ ਹਾਲਾਤ ’ਚ ਫੌਰੀ ਐਮਰਜੈਂਸੀ ਵਿਭਾਗ ਜਾਓ
-ਆਰਾਮ ਕਰਦੇ ਸਮੇਂ ਵੀ ਬਹੁਤ ਜ਼ਿਆਦਾ ਸਾਹ ਚੜ੍ਹੇ ਜਾਂ ਪੂਰਾ ਵਾਕ ਬੋਲਣ ’ਚ ਮੁਸ਼ਕਲ ਆਵੇ।
-ਡਾਕਟਰ ਵੱਲੋਂ ਦੱਸਿਆ ਇਨਹੇਲਰ ਵਰਤਣ ਤੋਂ ਬਾਅਦ ਵੀ ਸਾਹ ਦੀ ਘਰਘਰਾਹਟ ਜਾਂ ਛਾਤੀ ਦੀ ਜਕੜਨ ਠੀਕ ਨਾ ਹੋਵੇ।
- ਬੁੱਲ੍ਹ ਜਾਂ ਉਂਗਲਾਂ ਦੇ ਸਿਰੇ ਨੀਲੇ ਪੈਣ ਲੱਗਣ।
- ਛਾਤੀ ’ਚ ਤੇਜ਼ ਦਰਦ ਹੋਵੇ, ਬੇਹੋਸ਼ੀ ਆਵੇ ਜਾਂ ਅਚਾਨਕ ਸਾਹ ਚੜ੍ਹਨ ਦੀ ਸਮੱਸਿਆ ਵਧ ਜਾਵੇ।
-ਉਲਝਣ, ਹੋਸ਼ ਵਿਚ ਬਦਲਾਅ ਜਾਂ ਆਮ ਨਾਲੋਂ ਬਹੁਤ ਜ਼ਿਆਦਾ ਨੀਂਦ ਆਉਣ ਲੱਗੇ।