- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਕੈਂਟ ਦੇ ਪਿੰਡ ਸ਼ਾਹਪੁਰ ਵਿਖੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਉਦਘਾਟਨ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਦੇ ਪਿੰਡ ਸ਼ਾਹਪੁਰ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਥਾਪਿਤ ਕੀਤੇ ਗਏ 'ਸੋਲਿਡ ਵੇਸਟ ਮੈਨੇਜਮੈਂਟ ਪਲਾਂਟ' ਦਾ ਰਸਮੀ ਉਦਘਾਟਨ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਵੱਲੋਂ ਕੀਤਾ ਗਿਆ। ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਇਸ ਆਧੁਨਿਕ ਪਲਾਂਟ ਦੇ ਸ਼ੁਰੂ ਹੋਣ ਨਾਲ ਪਿੰਡ ਦੇ ਕੂੜੇ-ਕਰਕਟ ਦਾ ਸੁਚੱਜੇ ਅਤੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਰਾਹੀਂ ਇਕੱਠੇ ਕੀਤੇ ਗਏ ਕੂੜੇ ਤੋਂ ਉੱਚ ਗੁਣਵੱਤਾ ਵਾਲੀ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜੋ ਖੇਤੀਬਾੜੀ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗੀ। ਥਿਆੜਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਜਿੱਥੇ ਪਿੰਡਾਂ ਨੂੰ ਗੰਦਗੀ ਮੁਕਤ ਅਤੇ ਸਾਫ਼-ਸੁਥਰਾ ਰੱਖਣ ਵਿੱਚ ਮਦਦਗਾਰ ਹੋਵੇਗਾ, ਉੱਥੇ ਹੀ ਵਾਤਾਵਰਣ ਦੀ ਸੰਭਾਲ ਲਈ ਵੀ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਉਦਘਾਟਨੀ ਸਮਾਰੋਹ ਦੌਰਾਨ ਪਿੰਡ ਦੇ ਸਰਪੰਚ ਰਾਕੇਸ਼ ਕੁਮਾਰ, ਸੰਧਿਆ ਪੰਚ, ਮਨਜੀਤ ਕੌਰ, ਅਮਰਜੀਤ ਕੌਰ, ਹਰਨੇਕ ਸਿੰਘ ਅਤੇ ਪਲਪਿੰਦਰ ਸਿੰਘ ਸਮੇਤ ਇਲਾਕੇ ਦੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਲਾਕੇ ਨੂੰ ਸਵੱਛਤਾ ਵੱਲ ਲੈ ਕੇ ਜਾਣ ਲਈ ਇੱਕ ਬਹੁਤ ਹੀ ਅਹਿਮ ਕਦਮ ਹੈ।