ਜੈਤੇਵਾਲੀ ਤੋਂ ਪਤਾਰਾ ਤੱਕ ਬਣੀ 2 ਕਿੱਲੋਮੀਟਰ ਲੰਬੀ ਨਵੀਂ ਸੜਕ ਦਾ ਉਦਘਾਟਨ ਜੈਤੇਵਾਲੀ ਤੋਂ ਪਤਾਰਾ ਤੱਕ ਬਣੀ 2 ਕਿਲੋਮੀਟਰ ਲੰਬੀ ਨਵੀਂ ਸੜਕ ਦਾ ਉਦਘਾਟਨ
Publish Date: Fri, 27 Nov 2026 06:50 PM (IST)
Updated Date: Fri, 27 Nov 2026 06:52 PM (IST)
-ਸਕੂਲੀ ਬੱਚਿਆਂ ਨੂੰ ਮਿਲੇਗੀ ਵੱਡੀ ਰਾਹਤ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਲਕਾ ਆਦਮਪੁਰ ਅਧੀਨ ਪੈਂਦੇ ਪਿੰਡ ਜੈਤੇਵਾਲੀ ਤੇ ਪਿੰਡ ਪਤਾਰਾ ਵਾਸੀਆਂ ਦੀ ਲੰਮੀ ਉਡੀਕ ਨੂੰ ਉਸ ਵੇਲੇ ਬੂਰ ਪਿਆ ਜਦੋਂ ਦੋਹਾਂ ਪਿੰਡਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਵੇਖਦਿਆਂ ਹੋਇਆਂ ‘ਆਪ’ ਤੋਂ ਹਲਕਾ ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋਂ ਪਿੰਡ ਜੈਤੇਵਾਲੀ ਤੋਂ ਪਤਾਰਾ ਜਾਂਦੀ ਸੜਕ ਨੂੰ ਬਣਵਾ ਦਿੱਤਾ ਗਿਆ, ਜਿਸ ਦਾ ਅੱਜ ਰਸਮੀ ਤੌਰ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਤੇ ਪਿੰਡ ਵਾਸੀਆਂ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਬਲਾਕ ਪ੍ਰਧਾਨ ਕਪੂਰ ਪਿੰਡ (ਹਲਕਾ ਆਦਮਪੁਰ) ਡਾ. ਬਲਬੀਰ ਮਹਿਮੀ, ਯੂਥ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਕਾਂਪੀ, ਬਲਾਕ ਸੰਮਤੀ ਮੈਂਬਰ ਸੌਦਾਗਰ ਸਿੰਘ, ਬਲਾਕ ਸੰਮਤੀ ਮੈਂਬਰ ਪਤਾਰਾ ਹਰਵਿੰਦਰ ਕੁਮਾਰ ਤੇ ਸਰਕਲ ਪ੍ਰਧਾਨ ਮੱਖਣ ਲਾਲ ਚੋਪੜਾ ਤੇ ਪਿੰਡ ਦੀ ਸਰਪੰਚ ਸਮਿੱਤਰੀ ਦੇਵੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਮਹਿਮੀ ਤੇ ਹੋਰ ਆਗੂਆਂ ਨੇ ਕਿਹਾ ਕਿ ਇਸ ਰਾਹ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰਾਂ ਤੇ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਪਿੰਡ ਦੀ ਸਰਪੰਚ ਸਮਿੱਤਰੀ ਦੇਵੀ ਤੇ ਵਾਰਡ ਨੰ 1 ਦੀ ਪੰਚ ਮੀਨਾ ਕੁਮਾਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਸੜਕ ਬਨਾਉਣ ਲਈ ਧੰਨਵਾਦ ਕੀਤਾ ਗਿਆ। ਇਸ ਸੜਕ ਰਾਹੀਂ ਤਿੰਨ ਸਰਕਾਰੀ ਸਕੂਲਾਂ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ, ਜੈਤੇਵਾਲੀ ਦੇ ਵਿਦਿਆਰਥੀਆਂ ਨੂੰ ਬਹੁਤ ਸਹਾਇਤਾ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਹਰਦੀਪ ਕੌਰ, ਸਾਬਕਾ ਪੰਚ ਧਰਮਵੀਰ ਪਵਾਰ ਜੌਨੀ, ਸਤਵਿੰਦਰ ਕੁਮਾਰ ਤੇ ਹਰਭਜਨ ਕੁਮਾਰ ਸਮੇਤ ਹੋਰ ਵੀ ਕਈ ਪਿੰਡ ਵਾਸੀ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਹਰਦੀਪ ਕੌਰ ਤੇ ਪਿੰਡ ਵਾਸੀਆਂ ਵੱਲੋਂ ਵੀ ਆਏ ਹੋਏ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।