- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ‘ਚ 7.78 ਲੱਖ ਪੁਰਸ਼, 7.47 ਲੱਖ ਮਹਿਲਾ ਤੇ 53 ਥਰਡ ਜੈਂਡਰ ਵੋਟਰ

-ਜਲੰਧਰ ਦੇ 15.25 ਲੱਖ ਵੋਟਰਾਂ ਦੀ ਸੂਚੀ ਜਾਰੀ
-ਵੋਟਰ ਸੂਚੀ ’ਚ ਨਾਂ ਨਹੀਂ ਤਾਂ ਹੁਣੇ ਕਰੋ ਦਾਅਵਾ, 4 ਜਨਵਰੀ ਨੂੰ ਆਵੇਗੀ ਅੰਤਿਮ ਸੂਚੀ
-ਨਵੀਂ ਵੋਟ ਲਈ ਫਾਰਮ-6, ਨਾਮ ਕਟਵਾਉਣ ਲਈ ਫਾਰਮ-7 ਤੇ ਸੋਧ ਲਈ ਫਾਰਮ-8
ਲਖਬੀਰ, ਪੰਜਾਬੀ ਜਾਗਰਣ, ਜਲੰਧਰ
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਵਿੱਚ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਨੇ ਚੋਣਾਂ ਦੀਆਂ ਤਿਆਰੀਆਂ ਨੂੰ ਨਵੀਂ ਰਫ਼ਤਾਰ ਦੇ ਦਿੱਤੀ ਹੈ। ਜ਼ਿਲ੍ਹੇ ਵਿੱਚ ਕੁੱਲ 15,25,450 ਵੋਟਰ ਦਰਜ ਕੀਤੇ ਗਏ ਹਨ। ਹੁਣ ਜਿਨ੍ਹਾਂ ਯੋਗ ਨਾਗਰਿਕਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਨਹੀਂ ਹਨ, ਉਨ੍ਹਾਂ ਲਈ 11 ਦਸੰਬਰ 2026 ਤੱਕ ਆਪਣਾ ਨਾਮ ਦਰਜ ਕਰਵਾਉਣ ਦਾ ਮੌਕਾ ਹੈ। ਇਸੇ ਤਰ੍ਹਾਂ ਗਲਤ ਐਂਟਰੀਆਂ ਜਾਂ ਅਯੋਗ ਵੋਟਾਂ ਸਬੰਧੀ ਇਤਰਾਜ਼ ਵੀ ਦਰਜ ਕਰਵਾਏ ਜਾ ਸਕਦੇ ਹਨ। ਤੈਅ ਸਮੇਂ ਤੋਂ ਬਾਅਦ ਦਾਅਵਿਆਂ ਅਤੇ ਇਤਰਾਜ਼ਾਂ ’ਤੇ ਕਾਰਵਾਈ ਕਰਕੇ 4 ਜਨਵਰੀ 2027 ਨੂੰ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।
----------------------------
15.25 ਲੱਖ ਵੋਟਰਾਂ ’ਚ ਔਰਤਾਂ ਦੀ ਗਿਣਤੀ 7.47 ਲੱਖ
ਮੁੱਢਲੀ ਵੋਟਰ ਸੂਚੀ ਦੇ ਅੰਕੜਿਆਂ ਮੁਤਾਬਕ ਜਲੰਧਰ ਵਿੱਚ 7,78,194 ਪੁਰਸ਼, 7,47,203 ਮਹਿਲਾ ਅਤੇ 53 ਥਰਡ ਜੈਂਡਰ ਵੋਟਰ ਹਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਨੇ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੀਆਂ ਕਾਪੀਆਂ ਤੇ ਬਿਨਾਂ ਫੋਟੋ ਵਾਲੀ ਸੂਚੀ ਦੀ ਸੀਡੀ ਸੌਂਪੀ।
-----------------------
ਨੌਜਵਾਨਾਂ ਲਈ ਵੀ ਵੋਟ ਬਣਵਾਉਣ ਦਾ ਮੌਕਾ
ਚੋਣ ਅਧਿਕਾਰੀ ਨੇ ਦੱਸਿਆ ਕਿ 1 ਜਨਵਰੀ 2027 ਨੂੰ ਯੋਗਤਾ ਮਿਤੀ ਮੰਨਦਿਆਂ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵੀ ਆਪਣੀ ਵੋਟ ਬਣਵਾ ਸਕਦੇ ਹਨ। ਇਸ ਲਈ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਪੋਰਟਲ ਰਾਹੀਂ ਫਾਰਮ-6 ਭਰਿਆ ਜਾ ਸਕਦਾ ਹੈ। ਵੋਟਰ ਸੂਚੀ ਵਿੱਚ ਨਾਮ ਜੋੜਨ ਲਈ ਫਾਰਮ-6, ਨਾਮ ਕਟਵਾਉਣ ਲਈ ਫਾਰਮ-7 ਅਤੇ ਨਾਮ, ਪਤੇ ਜਾਂ ਹੋਰ ਵੇਰਵਿਆਂ ਵਿੱਚ ਸੋਧ ਕਰਵਾਉਣ ਜਾਂ ਵੋਟ ਤਬਦੀਲ ਕਰਨ ਲਈ ਫਾਰਮ-8 ਭਰਨਾ ਹੋਵੇਗਾ। ਇਹ ਫਾਰਮ ਸਬੰਧਤ ਬੂਥ ਲੈਵਲ ਅਫ਼ਸਰਾਂ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਵੋਟਰ ਹੈਲਪਲਾਈਨ ਰਾਹੀਂ ਆਨਲਾਈਨ ਅਰਜ਼ੀ ਦੇਣ ਦੀ ਸਹੂਲਤ ਵੀ ਉਪਲਬਧ ਹੈ।
----------------------------
28 ਦਸੰਬਰ ਤੱਕ ਨਿਪਟਾਏ ਜਾਣਗੇ ਇਤਰਾਜ਼
ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ 11 ਦਸੰਬਰ ਤੱਕ ਪ੍ਰਾਪਤ ਹੋਣ ਵਾਲੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 28 ਦਸੰਬਰ ਤੱਕ ਕੀਤਾ ਜਾਵੇਗਾ। ਇਸ ਤੋਂ ਬਾਅਦ 4 ਜਨਵਰੀ 2027 ਨੂੰ ਅੰਤਿਮ ਸੂਚੀ ਪ੍ਰਕਾਸ਼ਿਤ ਹੋਵੇਗੀ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਯੋਗ ਨਾਗਰਿਕਾਂ ਨੂੰ ਆਪਣਾ ਨਾਮ ਸੂਚੀ ਵਿੱਚ ਚੈੱਕ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਣ ’ਤੇ ਨਿਰਧਾਰਤ ਸਮੇਂ ਅੰਦਰ ਅਰਜ਼ੀ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਐਸਡੀਐਮ ਜਲੰਧਰ-1 ਉਪਿੰਦਰਜੀਤ ਕੌਰ ਬਰਾੜ, ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।