ਪੰਜ ਗੁਰੂਘਰਾਂ ਦੇ ਵਜ਼ੀਰਾਂ ਨੂੰ ਕੀਤਾ ਸਨਮਾਨਿਤ
ਮਾਤਾ ਸੁਰਿੰਦਰ ਕੌਰ ਦੀ ਯਾਦ ’ਚ ਪੰਜਾ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਇਕ-ਇਕ ਲੱਖ ਤੇ ਲੋਈ ਦੇ ਕੇ ਸਨਮਾਨ ਕੀਤਾ
Publish Date: Tue, 17 Feb 2026 06:42 PM (IST)
Updated Date: Tue, 17 Feb 2026 06:45 PM (IST)

-ਮੱਲ ਪਰਿਵਾਰ ਦਾ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਨਾ ਸਲਾਘਾ ਯੋਗ ਕਦਮ : ਬਾੜੇਵਾਲ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਮਨਸੂਰਪੁਰ ਦੇ ਪ੍ਰਸਿੱਧ ਸਮਾਜ ਸੇਵੀ ਗੁਰਨਾਮ ਸਿੰਘ ਮੱਲ (ਯੂਐੱਸਏ) ਦੇ ਪਰਿਵਾਰ ਵੱਲੋਂ ਮਾਤਾ ਸੁਰਿੰਦਰ ਕੌਰ ਦੀ ਯਾਦ ’ਚ ਪੰਜ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੁਪਹਿਰ 2:30 ਵਜੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਮਨਸੂਰਪੁਰ ਵਿਖੇ ਕਰਵਾਇਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮਨਸੂਰਪੁਰ ਦੇ ਗ੍ਰੰਥੀ ਭਾਈ ਪਰਮਜੀਤ ਸਿੰਘ, ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਮਨਸੂਰਪੁਰ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ, ਗੁਰਦੁਆਰਾ ਭਾਈ ਬਾਲਾ ਸਾਹਿਬ ਜੀ ਕੰਗ ਜਾਗੀਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ, ਗੁਰ ਘਰ ਬਾੜੇਵਾਲ ਦੇ ਗ੍ਰੰਥੀ ਭਾਈ ਹਰਜਿੰਦਰ ਸਿੰਘ ਤੇ ਗ੍ਰੰਥੀ ਭਾਈ ਮਨਜੀਤ ਸਿੰਘ ਸੰਗ ਢੇਸੀਆ ਨੂੰ ਮੱਲ ਪਰਿਵਾਰ ਵੱਲੋਂ ਇਕ-ਇਕ ਲੱਖ ਰੁਪਏ ਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੋ ਗੁਰੂ ਘਰਾਂ ਨੂੰ 50-50 ਹਜ਼ਾਰ ਰੁਪਏ ਤੇ ਇਕ ਸਕੂਲ ਨੂੰ 11,000 ਰੁਪਏ ਦੀ ਭੇਟ ਵੀ ਦਿੱਤੀ ਗਈ। ਇਸ ਦੌਰਾਨ ਅਮਰਜੀਤ ਸਿੰਘ ਬਾੜੇਵਾਲ ਨੇ ਮੱਲ ਪਰਿਵਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੋਆਬਾ ਖੇਤਰ ’ਚ ਇਹ ਪਹਿਲਾ ਤੇ ਸਲਾਘਾਯੋਗ ਉਪਰਾਲਾ ਹੈ, ਜਿਸ ਤਹਿਤ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਇਕ-ਇਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਕਦਮ ਹੋਰ ਪਰਿਵਾਰਾਂ ਲਈ ਵੀ ਪ੍ਰੇਰਣਾ ਸ੍ਰੋਤ ਬਣਣਗੇ। ਸਮਾਗਮ ਦੌਰਾਨ ਚਰਨਜੀਤ ਸਿੰਘ ਮੱਲ ਤੇ ਸਾਬਕਾ ਸਰਪੰਚ ਮੀਨਾ ਕੁਮਾਰੀ ਨੇ ਹਾਜ਼ਰ ਵਿਸ਼ੇਸ਼ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਭਰ ਦੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗ੍ਰੰਥੀ ਸਿੰਘਾਂ ਦੀ ਘੱਟੋ-ਘੱਟ ਤਨਖਾਹ 25 ਹਜ਼ਾਰ ਰੁਪਏ ਨਿਰਧਾਰਤ ਕਰਨ ਲਈ ਮਤਾ ਪਾਸ ਕੀਤਾ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਇੱਜ਼ਤ ਨਾਲ ਕਰ ਸਕਣ।