- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੁੱਧ ਤੇ ਹਿੰਸਾ ਦੇ ਦੌਰ 'ਚ ਆਪਸੀ ਸੰਵਾਦ ਤੇ ਭਾਈਚਾਰਾ ਹੀ ਵੱਡਾ ਹੱਲ: ਰਾਜਪਾਲ ਕਟਾਰੀਆ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਸ਼ਾਹਕੋਟ : ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਮਾਗਮਾਂ ਦੌਰਾਨ ‘ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ’ ਵਿਸ਼ੇ ’ਤੇ ਕਰਵਾਏ ਜਾ ਰਹੇ 8ਵੇਂ ਅੰਤਰਰਾਸ਼ਟਰੀ ਸੰਮੇਲਨ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਬੋਧਨ ਵਿਚ ਰਾਜਪਾਲ ਕਟਾਰੀਆ ਨੇ ਸੰਸਥਾ ਦੇ ਮੁਖੀ ਬਾਬਾ ਬਲਦੇਵ ਸਿੰਘ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਹਿਜ਼ ਕੁਝ ਸਾਲਾਂ ਵਿਚ ਹੀ ਭਾਰਤ ਅਤੇ ਸਿੱਖ ਗੁਰੂਆਂ ਦੇ ਮਹਾਨ ਆਦਰਸ਼ਾਂ ਨੂੰ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਤੱਕ ਪਹੁੰਚਾਉਣ ਦਾ ਇਤਿਹਾਸਕ ਕਾਰਜ ਕੀਤਾ ਹੈ। ਆਪਣੇ 49 ਸਾਲਾਂ ਦੇ ਲੰਬੇ ਰਾਜਨੀਤਿਕ ਜੀਵਨ ਦੇ ਤਜ਼ਰਬੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਤੋਂ ਸ਼ੁਰੂ ਹੋਈ ਮਾਨਵਤਾਵਾਦੀ ਵਿਚਾਰਧਾਰਾ ਸਦਕਾ ਅੱਜ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਇੱਥੇ ਇਕੱਠੇ ਹੋ ਕੇ ਮਾਨਵਤਾ, ਪਿਆਰ ਅਤੇ ਵਿਸ਼ਵ ਸ਼ਾਂਤੀ ਵਰਗੇ ਅਹਿਮ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ। ਇੱਥੇ ਆਉਣ ਵਾਲੇ ਸ਼ਰਧਾਲੂ ਗੁਰੂ ਦੇ ਬਚਨ ਸੁਣ ਕੇ ਅਧਿਆਤਮਿਕ ਪ੍ਰੇਰਨਾ ਲੈਂਦੇ ਹਨ ਅਤੇ ਸਮਾਜ ਭਲਾਈ ਦੇ ਸੰਕਲਪ ਨਾਲ ਜਾਂਦੇ ਹਨ।
ਰਾਜਪਾਲ ਨੇ ਸੰਮੇਲਨ ਦੇ ਮੁੱਖ ਵਿਸ਼ੇ 'ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ - ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ' ਦਾ ਜ਼ਿਕਰ ਕਰਦਿਆਂ ਕਿਹਾ ਕਿ ਨਿਮਰਤਾ, ਦਿਆਲਤਾ ਅਤੇ ਪਿਆਰ ਵਰਗੇ ਗੁਣ ਹੀ ਮਨੁੱਖ ਨੂੰ ਅਸਲ ਅਰਥਾਂ ਵਿਚ ਬਿਹਤਰ ਇਨਸਾਨ ਬਣਾਉਂਦੇ ਹਨ। ਪਿਆਰ ਦਾ ਧਾਗਾ ਵੱਖ-ਵੱਖ ਜਾਤਾਂ, ਭਾਈਚਾਰਿਆਂ ਅਤੇ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਕਰ ਕੇ ਸਮਾਜ ਨੂੰ ਇਕ ਸੁੰਦਰ ਗੁਲਦਸਤੇ ਵਿਚ ਬਦਲ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਦੇ ਸਿਧਾਂਤ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਾਨੂੰ ਪਰਮਾਤਮਾ ਦਾ ਸਿਮਰਨ ਕਰਨ, ਮਿਹਨਤ ਨਾਲ ਕਮਾਈ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਪ੍ਰੇਰਨਾ ਦਿੰਦਾ ਹੈ। ਬੇਸਹਾਰਾ ਲੋਕਾਂ ਨੂੰ ਬਰਾਬਰੀ ਦਾ ਜੀਵਨ ਦੇਣਾ ਹੀ ਸੱਚੀ ਮਨੁੱਖਤਾ ਹੈ। ਉਨ੍ਹਾਂ ਬਾਬਾ ਬਲਦੇਵ ਸਿੰਘ ਦੇ ਸੱਦੇ ਦਾ ਧੰਨਵਾਦ ਕਰਦਿਆਂ ਪੰਜਾਬ ਦੀ ਸੇਵਾ ਕਰਨ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਇਮਾਨਦਾਰੀ ਨਾਲ ਆਪਣੇ ਕੰਮ ਵਿਚ ਲਾਗੂ ਕਰਨ ਲਈ ਆਸ਼ੀਰਵਾਦ ਵੀ ਮੰਗਿਆ।
ਵਿਸ਼ਵ ਵਿੱਚ ਚੱਲ ਰਹੇ ਮੌਜੂਦਾ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਅੱਜ ਰੂਸ-ਯੂਕਰੇਨ ਯੁੱਧ ਸਮੇਤ ਦੁਨੀਆ ਦੇ ਕਈ ਹਿੱਸੇ ਜੰਗ ਤੇ ਹਿੰਸਾ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਇਸ ਪਵਿੱਤਰ ਅਸਥਾਨ ਤੋਂ ਉੱਠਿਆ ਸ਼ਾਂਤੀ ਤੇ ਭਾਈਚਾਰੇ ਦਾ ਸੁਨੇਹਾ ਪੂਰੀ ਦੁਨੀਆ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਆਪਣੀ ਰਾਏ ਨੂੰ ਹੀ ਸਹੀ ਮੰਨਣ ਦੀ ਬਜਾਏ ਦੂਜਿਆਂ ਦੀ ਗੱਲ ਸੁਣਨ ਅਤੇ ਆਪਸੀ ਸੰਵਾਦ ਰਾਹੀਂ ਹੀ ਵੱਡੇ ਟਕਰਾਵਾਂ ਨੂੰ ਰੋਕਿਆ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਸੰਗਤ ਅਤੇ ਪੰਗਤ’ ਦੀ ਪਰੰਪਰਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਲੰਗਰ ਪ੍ਰਥਾ ਵਿਚ ਬਿਨਾਂ ਕਿਸੇ ਜਾਤ, ਧਰਮ, ਉੱਚ-ਨੀਚ ਜਾਂ ਅਮੀਰ-ਗ਼ਰੀਬ ਦੇ ਵਿਤਕਰੇ ਤੋਂ ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਪਰਮਾਤਮਾ ਨੇ ਸਾਰਿਆਂ ਨੂੰ ਬਰਾਬਰ ਬਣਾਇਆ ਹੈ, ਇਸ ਲਈ ਹੰਕਾਰ ਦਾ ਤਿਆਗ ਕਰ ਕੇ ਹਰ ਵਿਅਕਤੀ ਨੂੰ ਬਰਾਬਰ ਸਤਿਕਾਰ ਦੇਣਾ ਚਾਹੀਦਾ ਹੈ।
ਗੋਬਿੰਦ ਸਰਵਰ ਸਕੂਲ ਦੇ ਐੱਮਡੀ ਪਰਵਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ 'ਬਲਿਓ ਚਰਾਗੁ ਉਤਸਵ' ਅਤੇ ਕਾਨਫ਼ਰੰਸ ਦੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 16 ਤੇ 17 ਨਵੰਬਰ ਨੂੰ ਸਵੇਰੇ 10 ਵਜੇ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਅਗਲੇ ਸੈਸ਼ਨ ਹੋਣਗੇ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਵਾਨ ਵਿਚਾਰ ਪੇਸ਼ ਕਰਨਗੇ। 18 ਨਵੰਬਰ ਨੂੰ ਸਵੇਰੇ 7 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਤੇ ਦੁਪਹਿਰ 12 ਵਜੇ ਯੂਨੀਵਰਸਿਟੀ ਵਿਖੇ ਬਾਹਰੋਂ ਆਈਆਂ ਸੰਗਤਾਂ ਨੂੰ ਪਿਆਰ ਬਖ਼ਸ਼ਿਆ ਜਾਵੇਗਾ। ਸਮਾਗਮਾਂ ਦੀ ਸੰਪੂਰਨਤਾ ਮੌਕੇ 19 ਨਵੰਬਰ ਨੂੰ ਸਾਰੀ ਮਨੁੱਖਤਾ ਦੇ ਸਾਂਝੇ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਵਿਸ਼ੇਸ਼ ਯਾਤਰਾ ਕਰਵਾਈ ਜਾਵੇਗੀ।