
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਲਵਾਯੂ ਪਰਿਵਰਤਨ ਤੋਂ ਬਚਾਅ ਲਈ ਗੁਰਬਾਣੀ ’ਤੇ ਅਮਲ ਕਰਨਾ ਸਮੇਂ ਦੀ ਲੋੜ: ਸੰਤ ਸੀਚੇਵਾਲ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਇੰਗਲੈਂਡ ’ਚ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 83ਵੀਂ ਬਰਸੀ ਨੂੰ ਸਮਰਪਿਤ ਸਮਾਗਮ ਵਿੱਚ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਅਮਲ ਕਰਨ ਅਤੇ ਵਾਤਾਵਰਣ ਦੀ ਸੰਭਾਲ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਸਾਨੂੰ ਸੇਵਾ, ਸਿਮਰਨ, ਪਰਉਪਕਾਰ ਅਤੇ ਮਨੁੱਖਤਾ ਦੀ ਭਲਾਈ ਦਾ ਰਾਹ ਦਿਖਾਉਂਦੀ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਪਰਿਵਰਤਨ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਤਾਂ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਦੇ ਸੁਨੇਹੇ ’ਤੇ ਅਮਲ ਕਰਨਾ ਸਮੇਂ ਦੀ ਲੋੜ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਇਲਾਕੇ ਕਦੇ ਬਰਫ਼ ਨਾਲ ਢਕੇ ਰਹਿੰਦੇ ਸਨ, ਉੱਥੇ ਅੱਜ ਗਰਮੀ ਦੇ ਰਿਕਾਰਡ ਟੁੱਟ ਰਹੇ ਹਨ। ਦੂਜੇ ਪਾਸੇ ਕਿਤੇ ਸੋਕਾ ਅਤੇ ਕਿਤੇ ਭਿਆਨਕ ਹੜ੍ਹ ਆ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਪਹਿਲਾਂ ਹੀ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਸਮਝਾ ਦਿੱਤੀ ਸੀ ਪਰ ਉਸ ’ਤੇ ਅਮਲ ਨਹੀਂ ਕਰ ਰਹੇ। ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਸੰਭਾਲ ਕਰਨ ਅਤੇ ਕੁਦਰਤ ਨਾਲ ਆਪਣੀ ਸਾਂਝ ਨੂੰ ਮੁੜ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਤ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਕੁਦਰਤ ਦੀ ਸੇਵਾ ਦਾ ਸੰਕਲਪ ਲੈਣਾ ਮਹਾਂਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
---
ਸਰਬ ਧਰਮ ਸੰਮੇਲਨ ’ਚ ਵੀ ਸਾਂਝੀਵਾਲਤਾ ਤੇ ਵਾਤਾਵਰਣ ਸੰਭਾਲ ਦਾ ਸੁਨੇਹਾ
ਐਵਾਨ-ਏ-ਦੀਵਾਨ-ਏ-ਹਜ਼ੂਰੀ ਚੈਰੀਟੇਬਲ ਟਰੱਸਟ ਵੱਲੋਂ ਕੁਵੈਂਟਰੀ ਵਿਖੇ ਕਰਵਾਏ ਸਰਬ ਧਰਮ ਸੰਮੇਲਨ ’ਚ ਵੀ ਸੰਤ ਸੀਚੇਵਾਲ ਨੇ ਸ਼ਿਰਕਤ ਕੀਤੀ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ, ਮਨੁੱਖੀ ਏਕਤਾ ਤੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਸਾਂਝਾ ਕਰਦਿਆਂ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ।