ਜੰਗ ਦਾ ਅਸਰ : ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਉਤਪਾਦਾਂ ਦੀਆਂ ਕੀਮਤਾਂ ’ਚ 15 ਤੋਂ 25 ਫ਼ੀਸਦੀ ਤੱਕ ਵਾਧਾ
ਯੁੱਧ ਦਾ ਅਸਰ : ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ ਉਤਪਾਦਾਂ ਦੇ ਦਾਮਾਂ ’ਚ 15 ਤੋਂ 25 ਫੀਸਦੀ ਤੱਕ ਵਾਧਾ
Publish Date: Wed, 01 Apr 2026 10:17 PM (IST)
Updated Date: Wed, 01 Apr 2026 10:19 PM (IST)

-ਪਿੱਤਲ ਤੇ ਤਾਂਬੇ ਤੋਂ ਬਾਅਦ ਪਲਾਸਟਿਕ ਦਾਣਿਆਂ ਦੀਆਂ ਕੀਮਤਾਂ ਵਧਣ ਨਾਲ ਹੋਏ ਮਹਿੰਗੇ -ਵਾਇਰਿੰਗ ਤੋਂ ਲੈ ਕੇ ਵਾਸ਼ਿੰਗ ਮਸ਼ੀਨ, ਏਸੀ ਤੇ ਐੱਲਈਡੀ ਤੱਕ ਕੀਮਤਾਂ ਪ੍ਰਭਾਵਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਮਰੀਕਾ-ਇਜ਼ਰਾਇਲ ਤੇ ਈਰਾਨ ਵਿਚਾਲੇ ਚੱਲ ਰਹੇ ਯੁੱਧ ਦਾ ਅਸਰ ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਉਤਪਾਦਾਂ ’ਤੇ ਪੈ ਗਿਆ ਹੈ। ਇਸ ਕਰਕੇ ਮਾਰਕੀਟ ’ਚ ਇਨ੍ਹਾਂ ਦੇ ਕੀਮਤਾਂ ’ਚ 15 ਤੋਂ 25 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਉਤਪਾਦਾਂ ਦੀਆਂ ਕੀਮਤਾਂ 15 ਤੋਂ 25 ਫੀਸਦੀ ਤੇ ਇਲੈਕਟ੍ਰਾਨਿਕਸ ਉਤਪਾਦਾਂ ਦੀਆਂ ਕੀਮਤਾਂ ’ਚ 10 ਤੋਂ 15 ਫੀਸਦੀ ਤੱਕ ਵਾਧਾ ਹੋਇਆ ਹੈ। ਕਾਰੋਬਾਰੀਆਂ ਮੁਤਾਬਕ ਜੇ ਛੇਤੀ ਜੰਗਬੰਦੀ ਨਾ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ। ਉੱਥੇ ਹੀ, ਇਲੈਕਟ੍ਰਾਨਿਕਸ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੇ ਪਹਿਲੀ ਅਪ੍ਰੈਲ ਤੋਂ ਨਵੀਂ ਰੇਟ ਲਿਸਟ ਵੀ ਜਾਰੀ ਕਰ ਦਿੱਤੀ ਹੈ। ਇਸ ਮੁਤਾਬਕ ਤਾਰ ਤੋਂ ਲੈ ਕੇ ਸਵਿੱਚ, ਰੈਗੂਲੇਟਰ, ਟਿਊਬ ਲਾਈਟ ਤੇ ਐੱਲਈਡੀ ਸਮੇਤ ਸਾਰੇ ਉਤਪਾਦਾਂ ਦੀਆਂ ਕੀਮਤਾਂ ਉਤਪਾਦਨ ਲਾਗਤ ਵਧਣ ਅਨੁਸਾਰ ਵਧਾ ਦਿੱਤੀਆਂ ਗਈਆਂ ਹਨ। ਦਰਅਸਲ, ਅੰਤਰਰਾਸ਼ਟਰੀ ਮਾਰਕੀਟ ’ਚ ਪਹਿਲਾਂ ਹੀ ਤਾਂਬੇ ਤੇ ਪਿੱਤਲ ਦੀਆਂ ਕੀਮਤਾਂ ਵਧ ਚੁੱਕੀਆਂ ਸਨ। ਉੱਪਰੋਂ ਜੰਗ ਸ਼ੁਰੂ ਹੋਣ ਨਾਲ ਪਲਾਸਟਿਕ ਦਾਣਿਆਂ ਦੀ ਕੀਮਤ ’ਚ ਦੋਗੁਣਾ ਤੋਂ ਵੀ ਵੱਧ ਵਾਧਾ ਹੋ ਗਿਆ ਹੈ। ਜੰਗ ਤੋਂ ਪਹਿਲਾਂ 60 ਤੋਂ 65 ਰੁਪਏ ਪ੍ਰਤੀ ਕਿੱਲੋ ਵਿਕਣ ਵਾਲੇ ਪਲਾਸਟਿਕ ਦਾਣਿਆਂ ਦੀਆਂ ਕੀਮਤਾਂ ਹੁਣ ਵਧ ਕੇ 150 ਰੁਪਏ ਪ੍ਰਤੀ ਕਿੱਲੋ ਤੋਂ ਵੀ ਉੱਪਰ ਹੋ ਗਏ ਹਨ। ਇਸੇ ਤਰ੍ਹਾਂ ਤਾਂਬੇ ਤੇ ਪਿੱਤਲ ਦੇ ਦਰਾਮਦ ‘ਤੇ ਟਰਾਂਸਪੋਰਟ ਖਰਚ ਵਧਣ ਦਾ ਅਸਰ ਕੱਚੇ ਮਾਲ ਤੋਂ ਬਾਅਦ ਤਿਆਰ ਉਤਪਾਦਾਂ ‘ਤੇ ਵੀ ਪਿਆ ਹੈ। ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਉਤਪਾਦਾਂ ’ਚ ਇਨ੍ਹਾਂ ਤਿੰਨਾਂ ਸਮੱਗਰੀਆਂ ਦੀ ਵੱਡੇ ਪੱਧਰ ‘ਤੇ ਵਰਤੋਂ ਹੁੰਦੀ ਹੈ। ਜੰਗ ਕਾਰਨ ਇਨ੍ਹਾਂ ਦੀ ਸਪਲਾਈ ਪ੍ਰਭਾਵਿਤ ਹੋ ਗਈ ਹੈ ਤੇ ਟਰਾਂਸਪੋਰਟ ਲਾਗਤ ਵੀ ਵਧ ਗਈ ਹੈ, ਜਿਸ ਨਾਲ ਕੁੱਲ ਉਤਪਾਦਨ ਲਾਗਤ ‘ਤੇ ਅਸਰ ਪਿਆ ਹੈ। ਇਸ ਕਰਕੇ ਰੋਜ਼ਾਨਾ ਵਰਤੋਂ ਵਾਲੇ ਇਲੈਕਟ੍ਰੀਕਲ ਸਾਮਾਨ ਜਿਵੇਂ ਪੱਖੇ, ਸਵਿੱਚ, ਵਾਇਰਿੰਗ ਤੇ ਹੋਰ ਸਾਮਾਨ ਹੁਣ ਮਹਿੰਗੇ ਹੋ ਗਏ ਹਨ। ------------------------ ਖਪਤਕਾਰਾਂ ਨਾਲ ਨਾਲ ਵਪਾਰੀਆਂ ਦੀ ਵੀ ਵਧੀ ਪਰੇਸ਼ਾਨੀ ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਉਤਪਾਦਾਂ ਦੀਆਂ ਕੀਮਤਾਂ ਵਧਣ ਨਾਲ ਖਪਤਕਾਰਾਂ ਦੇ ਨਾਲ-ਨਾਲ ਵਪਾਰੀਆਂ ਦੀ ਵੀ ਪਰੇਸ਼ਾਨੀ ਵਧ ਗਈ ਹੈ। ਇਕ ਪਾਸੇ ਘਰੇਲੂ ਖਪਤਕਾਰਾਂ ਲਈ ਰੋਜ਼ਾਨਾ ਦੀ ਵਰਤੋਂ ਵਾਲੇ ਪੱਖੇ, ਸਵਿੱਚ, ਵਾਇਰ, ਐੱਲਈਡੀ, ਟਿਊਬ ਲਾਈਟ ਆਦਿ ਹੁਣ ਮਹਿੰਗੇ ਹੋ ਗਏ ਹਨ, ਦੂਜੇ ਪਾਸੇ ਵਪਾਰੀਆਂ ਦੀ ਨਿਵੇਸ਼ ਰਕਮ ਵੀ ਵਧ ਗਈ ਹੈ। ਇਸ ਬਾਰੇ ਇਲੈਕਟ੍ਰੀਕਲ ਮਾਰਕੀਟ ਫਗਵਾੜਾ ਗੇਟ ਦੇ ਕਾਰੋਬਾਰੀ ਅਮਿਤ ਸਹਗਲ ਨੇ ਦੱਸਿਆ ਕਿ ਯੁੱਧ ਦਾ ਸਿੱਧਾ ਅਸਰ ਉਤਪਾਦਾਂ ਦੀਆਂ ਕੀਮਤਾਂ ‘ਤੇ ਪਿਆ ਹੈ ਤੇ ਇਨ੍ਹਾਂ ਵਿਚ 15 ਤੋਂ 25 ਫੀਸਦੀ ਤੱਕ ਵਾਧਾ ਹੋਇਆ ਹੈ। ਇਸੇ ਤਰ੍ਹਾਂ ਇਲੈਕਟ੍ਰਾਨਿਕਸ ਕਾਰੋਬਾਰੀ ਬਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਕੱਚੇ ਮਾਲ ਦੇ ਦਾਮ ਵਧਣ ਦਾ ਸਿੱਧਾ ਅਸਰ ਉਤਪਾਦਾਂ ’ਤੇ ਪਿਆ ਹੈ ਤੇ ਜੇ ਛੇਤੀ ਜੰਗਬੰਧੀ ਨਾ ਹੋਇਆ ਤਾਂ ਕੀਮਤਾਂ ਹੋਰ ਵਧਣੀਆਂ ਲਾਜ਼ਮੀ ਹਨ।