ਜਲੰਧਰ ’ਚ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਧੇ
ਜਲੰਧਰ ’ਚ ਇਮੀਗ੍ਰੇਸ਼ਨ ਫਰਾਡ ਦਾ ਵਧਦਾ ਜਾਲ............
Publish Date: Fri, 20 Feb 2026 11:04 PM (IST)
Updated Date: Fri, 20 Feb 2026 11:06 PM (IST)

-ਇਕ ਸਾਲ ’ਚ 300 ਤੋਂ ਵੱਧ ਕੇਸ, 10 ਕਰੋੜ ਤੋਂ ਜ਼ਿਆਦਾ ਦੀ ਠੱਗੀ --20–25 ਸਾਲ ਦੇ ਨੌਜਵਾਨ ਸਭ ਤੋਂ ਵੱਧ ਸ਼ਿਕਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਵਿਦੇਸ਼ ਜਾਣ ਦੇ ਸੁਪਨੇ ਦਿਖਾ ਕੇ ਨੌਜਵਾਨਾਂ ਨਾਲ ਠੱਗੀ ਕਰਨ ਵਾਲੇ ਇਮੀਗ੍ਰੇਸ਼ਨ ਫਰਾਡ ਦਾ ਜਾਲ ਤੇਜ਼ੀ ਨਾਲ ਫੈਲ ਰਿਹਾ ਹੈ। ਇੰਟਰਨੈੱਟ ਮੀਡੀਆ ’ਤੇ ਆਕਰਸ਼ਕ ਇਸ਼ਤਿਹਾਰ, ਫਰਜ਼ੀ ਸਫਲਤਾ ਦੀਆਂ ਕਹਾਣੀਆਂ ਤੇ ਘੱਟ ਸਮੇਂ ’ਚ ਵੀਜ਼ਾ ਦਿਵਾਉਣ ਦੇ ਵਾਅਦਿਆਂ ਰਾਹੀਂ ਟ੍ਰੈਵਲ ਏਜੰਟ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾ ਰਹੇ ਹਨ। ਪਿਛਲੇ ਇਕ ਸਾਲ ’ਚ 300 ਤੋਂ ਵੱਧ ਮਾਮਲੇ ਦਰਜ ਹੋਏ ਹਨ ਤੇ ਪੁਲਿਸ ਰਿਕਾਰਡ ਮੁਤਾਬਕ 10 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਹੋ ਚੁੱਕੀ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪੀੜਤਾਂ ’ਚ ਜ਼ਿਆਦਾਤਰ 20 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਹਨ। ਇਕ ਸਾਲ ’ਚ 300 ਤੋਂ ਵੱਧ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਲਗਭਗ 50 ਗ੍ਰਿਫ਼ਤਾਰੀਆਂ ਹੀ ਹੋਈਆਂ ਹਨ, ਜੋ ਪੁਲਿਸ ਲਈ ਚੁਣੌਤੀ ਬਣੀ ਹੋਈ ਹੈ। ਜਾਂਚ ’ਚ ਸਭ ਤੋਂ ਵੱਡੀ ਸਮੱਸਿਆ ਦਸਤਾਵੇਜ਼ੀ ਸਬੂਤਾਂ ਦੀ ਘਾਟ ਹੈ, ਕਿਉਂਕਿ ਕਈ ਏਜੰਟ ਕਾਨੂੰਨੀ ਐਗਰੀਮੈਂਟ ਤੇ ਰਸੀਦਾਂ ਰਾਹੀਂ ਆਪਣੇ-ਆਪ ਨੂੰ ਸੁਰੱਖਿਅਤ ਕਰ ਲੈਂਦੇ ਹਨ। ਕਈ ਮਾਮਲਿਆਂ ’ਚ ਪੀੜਤਾਂ ਨੂੰ ਬਾਅਦ ’ਚ ਪਤਾ ਲੱਗਦਾ ਹੈ ਕਿ ਜਿਸ ਦਫ਼ਤਰ ’ਚ ਉਨ੍ਹਾਂ ਨੇ ਪੈਸੇ ਦਿੱਤੇ ਸਨ, ਉਹ ਅਸਥਾਈ ਜਾਂ ਕਿਰਾਏ ਦਾ ਸੀ। --------------------------- ਮਹੀਨੇਵਾਰ ਦਰਜ ਮਾਮਲੇ (ਪਿਛਲੇ ਸਾਲ ਦਾ ਪੁਲਿਸ ਡਾਟਾ) ਮਹੀਨਾ ਦਰਜ ਕੇਸ ਅਨੁਮਾਨਿਤ ਠੱਗੀ ਰਕਮ (ਲੱਖਾਂ ’ਚ) ਜਨਵਰੀ 18 60 ਫਰਵਰੀ 22 75 ਮਾਰਚ 25 90 ਅਪ੍ਰੈਲ 28 110 ਮਈ 30 120 ਜੂਨ 27 95 ਜੁਲਾਈ 26 85 ਅਗਸਤ 29 10.50 ਸਤੰਬਰ 31 11.50 ਅਕਤੂਬਰ 24 80 ਨਵੰਬਰ 23 75 ਦਸੰਬਰ 20 70 ਕੁੱਲ: 303 ਕੇਸ –1080 ਲੱਖ (10.8 ਕਰੋੜ) ----------------------- ਕੇਸ 1: ਬੱਸ ਸਟੈਂਡ ਕੋਲ ਫਰਜ਼ੀ ਦਫ਼ਤਰ ਹੁਸ਼ਿਆਰਪੁਰ ਦੇ ਮਹਿੰਦਰ ਪਾਲ ਨੇ ਥਾਣਾ ਬਾਰਾਦਰੀ ’ਚ ਸ਼ਿਕਾਇਤ ਦਿੱਤੀ ਕਿ ਉਸ ਨੇ ਇੰਟਰਨੈੱਟ ’ਤੇ ਟ੍ਰੈਵਲ ਏਜੰਸੀ ਦਾ ਇਸ਼ਤਿਹਾਰ ਵੇਖਿਆ। ਸੰਪਰਕ ਕਰਨ ’ਤੇ ਸੋਨੀਆ ਨਾਂ ਦੀ ਏਜੰਟ ਨੇ ਉਸਨੂੰ ਬੱਸ ਸਟੈਂਡ ਕੋਲ ਦਫ਼ਤਰ ਬੁਲਾਇਆ। ਲਗਭਗ ਡੇਢ ਲੱਖ ਰੁਪਏ ਲੈ ਕੇ ਏਜੰਟ ਗਾਇਬ ਹੋ ਗਈ। ਬਾਅਦ ’ਚ ਪਤਾ ਲੱਗਾ ਕਿ ਦਫ਼ਤਰ ਕਿਸੇ ਹੋਰ ਦਾ ਸੀ ਤੇ ਉਹ ਆਰਜ਼ੀ ਤੌਰ ’ਤੇ ਉੱਥੇ ਬੈਠਦੀ ਸੀ। --------------------- ਕੇਸ 2: ਸਟਡੀ ਵੀਜ਼ਾ ਦੇ ਨਾਂ ’ਤੇ 10 ਲੱਖ ਦੀ ਠੱਗੀ ਲੁਧਿਆਣਾ ਦੇ 22 ਸਾਲਾ ਨੌਜਵਾਨ ਨੂੰ ਇੰਗਲੈਂਡ ਲਈ ਸਟੱਡੀ ਵੀਜ਼ਾ ਦਾ ਝਾਂਸਾ ਦਿੱਤਾ ਗਿਆ। ਜਲੰਧਰ ਦੇ ਏਜੰਟ ਸ਼ੌਂਕੀ ਨੇ ਫਰਜ਼ੀ ਆਫ਼ਰ ਲੈਟਰ ਤੇ ਆਈਲਟਸ ਛੋਟ ਦਾ ਦਾਅਵਾ ਕੀਤਾ। 10 ਲੱਖ ਰੁਪਏ ਲੈ ਕੇ ਉਸ ਨੂੰ ਦਸਤਾਵੇਜ਼ ਦੇ ਦਿੱਤੇ ਗਏ। ਏਅਰਪੋਰਟ ’ਤੇ ਪਤਾ ਲੱਗਾ ਕਿ ਸਾਰੇ ਕਾਗਜ਼ ਫਰਜ਼ੀ ਹਨ, ਨੌਜਵਾਨ 15 ਦਿਨ ਜੇਲ੍ਹ ’ਚ ਰਿਹਾ। ਬਾਅਦ ’ਚ ਮਾਮਲਾ ਦਰਜ ਹੋਇਆ। ------------------- ਕੇਸ 3: ਵਰਕ ਪਰਮਿਟ ਦਾ ਫਰਜ਼ੀ ਕਾਂਟ੍ਰੈਕਟ 25 ਸਾਲਾ ਅਜੈ ਨੂੰ ਦੁਬਈ ’ਚ ਨੌਕਰੀ ਦਾ ਆਫ਼ਰ ਦਿਖਾ ਕੇ ਆਨਲਾਈਨ ਇੰਟਰਵਿਊ ਦਾ ਨਾਟਕ ਕੀਤਾ ਗਿਆ ਤੇ 2 ਲੱਖ ਰੁਪਏ ਐਡਵਾਂਸ ਲੈ ਲਏ। ਏਅਰ ਟਿਕਟ ਵੀ ਫਰਜ਼ੀ ਨਿਕਲੀ। -------------------- ਕੇਸ 4 : ਇੰਸਟਾਗ੍ਰਾਮ ਰੀਲ ਰਾਹੀਂ ਫਸਾਇਆ ਵਿਦੇਸ਼ੀ ਲੋਕੇਸ਼ਨ ਵਾਲੀਆਂ ਵੀਡੀਓ ਪੋਸਟ ਕਰ ਕੇ ਏਜੰਸੀ ਨੇ ਸੈਂਕੜਿਆਂ ਨੌਜਵਾਨਾਂ ਨੂੰ ਯੂਰਪ ਭੇਜਣ ਦਾ ਦਾਅਵਾ ਕੀਤਾ। ਦੋ ਦੋਸਤਾਂ ਤੋਂ 4 ਲੱਖ ਰੁਪਏ ਲੈ ਲਏ ਪਰ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ। -------------------- ਕੇਸ 5: ਛੇ ਮਹੀਨੇ ’ਚ ਵੀਜ਼ਾ ਦੇ ਨਾਂ ’ਤੇ 14 ਲੱਖ ਦੀ ਠੱਗੀ ਜਲੰਧਰ ਦੇ ਨਿਤਿਨ ਰਾਣਾ ਤੋਂ ਏਜੰਟ ਜੋੜੇ ਸਿਕੰਦਰ ਤੇ ਉਸਦੀ ਪਤਨੀ ਅਪੂਰਵਾ ਨੇ ਛੇ ਮਹੀਨੇ ’ਚ ਵੀਜ਼ਾ ਲਗਵਾਉਣ ਦੇ ਨਾਂ ’ਤੇ 14 ਲੱਖ ਰੁਪਏ ਲੈ ਲਏ। ਨਾ ਵੀਜ਼ਾ ਆਇਆ ਨਾ ਪੈਸੇ ਵਾਪਸ ਮਿਲੇ। ਬਾਅਦ ’ਚ ਪਤਾ ਲੱਗਾ ਕਿ ਉਹਨਾਂ ਦਾ ਕੋਈ ਪੱਕਾ ਦਫ਼ਤਰ ਹੀ ਨਹੀਂ ਸੀ। --------------------- ਇਸ ਤਰ੍ਹਾਂ ਫਸਾਉਂਦੇ ਹਨ ਟ੍ਰੈਵਲ ਏਜੰਟ 1. ਆਕਰਸ਼ਕ ਇਸ਼ਤਿਹਾਰ–100 ਫੀਸਦੀ ਵੀਜ਼ਾ ਗਾਰੰਟੀ, ਨੋ ਆਈਲਟਸ, ਪਹਿਲਾਂ ਜਾਬ ਬਾਅਦ ’ਚ ਭੁਗਤਾਨ 2. ਫਰਜ਼ੀ ਸਫਲਤਾ ਦੀਆਂ ਕਹਾਣੀਆਂ–ਐਡਿਟ ਕੀਤੀਆਂ ਫੋਟੋਆਂ ਤੇ ਵੀਡੀਓ 3. ਕਾਨੂੰਨੀ ਐਗਰੀਮੈਂਟ ਦਾ ਜਾਲ–ਜਟਿਲ ਭਾਸ਼ਾ ਵਾਲੇ ਕਾਂਟ੍ਰੈਕਟ 4. ਅਸਥਾਈ ਦਫ਼ਤਰ–ਕਿਰਾਏ ਦੀ ਜਗ੍ਹਾ ਤੋਂ ਕੰਮ ਕਰਕੇ ਗਾਇਬ ਹੋ ਜਾਣਾ 5. ਹੋਰ ਸ਼ਹਿਰਾਂ ਦੇ ਨੌਜਵਾਨਾਂ ਨੂੰ ਆਨਲਾਈਨ ਨਿਸ਼ਾਨਾ ਬਣਾਉਣਾ --------------------- ਪੁਲਿਸ ਸਾਹਮਣੇ ਚੁਣੌਤੀਆਂ ਜ਼ਿਆਦਾਤਰ ਭੁਗਤਾਨ ਨਕਦ ਜਾਂ ਨਿੱਜੀ ਖਾਤਿਆਂ ’ਚ ਪੈਸੇ ਦੇਣ ਦਾ ਕੋਈ ਰਿਕਾਰਡ ਨਹੀਂ ਨਾਂ ਬਦਲ ਕੇ ਨਵਾਂ ਦਫ਼ਤਰ ਖੋਲ੍ਹ ਲੈਣਾ ਦੂਜੇ ਸੂਬਿਆਂ ਤੋਂ ਚੱਲਦੇ ਨੈੱਟਵਰਕ --------------------- ਕੀ ਸਾਵਧਾਨੀਆਂ ਵਰਤੀਆਂ ਜਾਣ? ਇੰਟਰਨੈੱਟ ਇਸ਼ਤਿਹਾਰ ਦੇਖ ਕੇ ਤੁਰੰਤ ਫੈਸਲਾ ਨਾ ਕਰੋ ਭੁਗਤਾਨ ਤੋਂ ਪਹਿਲਾਂ ਲਿਖਤੀ ਤੇ ਰਿਕਾਰਡ ਦਸਤਾਵੇਜ਼ ਲਓ ਏਜੰਟ ਦੀ ਸਰਕਾਰੀ ਮਾਨਤਾ ਚੈੱਕ ਕਰੋ ਐਗਰੀਮੈਂਟ ਪੜ੍ਹ ਕੇ ਹੀ ਦਸਤਖ਼ਤ ਕਰੋ ਸ਼ੱਕ ਹੋਣ ’ਤੇ ਤੁਰੰਤ ਪੁਲਿਸ ਜਾਂ ਸਾਇਬਰ ਸੈੱਲ ਨਾਲ ਸੰਪਰਕ ਕਰੋ -------------------------- ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਨੌਜਵਾਨ ਸਿਰਫ਼ ਲਾਇਸੈਂਸ ਪ੍ਰਾਪਤ ਤੇ ਸਰਕਾਰੀ ਰਜਿਸਟਰਡ ਏਜੰਟਾਂ ਨਾਲ ਹੀ ਸੰਪਰਕ ਕਰਨ। ਭੁਗਤਾਨ ਤੋਂ ਪਹਿਲਾਂ ਰਜਿਸਟ੍ਰੇਸ਼ਨ ਨੰਬਰ, ਪੱਕਾ ਦਫ਼ਤਰ ਤੇ ਪਿਛਲੇ ਗਾਹਕਾਂ ਦਾ ਰਿਕਾਰਡ ਜ਼ਰੂਰ ਚੈੱਕ ਕੀਤਾ ਜਾਵੇ। ਕਿਸੇ ਵੀ ਫਰਾਡ ਦੀ ਸੂਰਤ ’ਚ ਤੁਰੰਤ ਪੁਲਿਸ ਕੋਲ ਆਉਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।