ਜਲੰਧਰ ’ਚ ਪੁਲਿਸ ਦੀ ਦੋਹਰੀ ਕਾਰਵਾਈ ਦੌਰਾਨ ਗ਼ੈਰ-ਕਾਨੂੰਨੀ ਹੁੱਕਾ ਬਾਰ ਸੀਲ ਜਲੰਧਰ ’ਚ ਪੁਲਿਸ ਦੀ ਦੋਹਰੀ ਕਾਰਵਾਈ ਦੌਰਾਨ ਗੈਰ-ਕਾਨੂੰਨੀ ਹੁੱਕਾ ਬਾਰ ਸੀਲ
Publish Date: Fri, 11 Sep 2026 07:43 PM (IST)
Updated Date: Sat, 12 Sep 2026 04:08 AM (IST)
- 120 ਲੀਟਰ ਡਰਾਫਟ ਬੀਅਰ ਤੇ 8 ਹੁੱਕੇ ਜ਼ਬਤ, ਦੋ ਮੁਲਜ਼ਮ ਗ੍ਰਿਫ਼ਤਾਰ - ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਖੇਪ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਨਸ਼ਾ ਤਸਕਰੀ ਤੇ ਗ਼ੈਰ-ਕਾਨੂੰਨੀ ਕਾਰੋਬਾਰੀ ਗਤੀਵਿਧੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ’ਚ ਦੋ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ। ਪੁਲਿਸ ਨੇ ਇਕ ਲਾਇਸੈਂਸ-ਰਹਿਤ ਹੁੱਕਾ ਬਾਰ ਤੋਂ 120 ਲੀਟਰ ਡਰਾਫਟ ਬੀਅਰ ਤੇ 8 ਹੁੱਕੇ ਬਰਾਮਦ ਕੀਤੇ, ਜਦਕਿ ਇਕ ਮੈਡੀਕਲ ਸਟੋਰ ਤੋਂ 8800 ਪ੍ਰੀਗਾਬਾਲਿਨ ਕੈਪਸੂਲ ਜ਼ਬਤ ਕੀਤੇ ਗਏ। ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦੋਵਾਂ ਮਾਮਲਿਆਂ ’ਚ ਵੱਖ-ਵੱਖ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਥਾਣਾ-8 ਦੀ ਇਕ ਟੀਮ ਨੇ ਏਸੀਪੀ ਹੈੱਡਕੁਆਰਟਰ-ਕਮ-ਨਾਰਥ ਕਰਨੈਲ ਸਿੰਘ ਦੀ ਨਿਗਰਾਨੀ ਹੇਠ ਆਬਕਾਰੀ ਵਿਭਾਗ ਨਾਲ ਮਿਲ ਕੇ ਪਠਾਨਕੋਟ ਚੌਕ ਸਥਿਤ ਇਕ ਗ਼ੈਰ-ਕਾਨੂੰਨੀ ਹੁੱਕਾ ਬਾਰ ਤੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਕੁੱਲ 120 ਲੀਟਰ ਡਰਾਫਟ ਬੀਅਰ ਤੇ 8 ਹੁੱਕੇ ਬਰਾਮਦ ਕੀਤੇ ਗਏ। ਪੁਲਿਸ ਨੇ ਬਾਰ ਸੰਚਾਲਕ ਸ਼ਿਵਾ ਠਾਕੁਰ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਆਬਕਾਰੀ ਐਕਟ ਤੇ ਸਿਗਰੇਟ ਤੇ ਤੰਬਾਕੂ ਉਤਪਾਦ ਐਕਟ ਤਹਿਤ ਮਾਮਲਾ ਦਰਜ ਕੀਤਾ। --------------------- ਮੈਡੀਕਲ ਸਟੋਰ ਦੀ ਜਾਂਚ ਦੌਰਾਨ ਮਿਲਿਆ ਪਾਬੰਦੀਸ਼ੁਦਾ ਦਵਾਈਆਂ ਦਾ ਜ਼ਖ਼ੀਰਾ ਇਸੇ ਮੁਹਿੰਮ ਦੌਰਾਨ ਡਰੱਗ ਇੰਸਪੈਕਟਰ ਦੀ ਮੌਜੂਦਗੀ ’ਚ ਨੂਰਪੁਰ ਕਾਲੋਨੀ ਸਥਿਤ ਐੱਸਪੀ ਮੈਡੀਕੋਸ ਦੀ ਜਾਂਚ ਕੀਤੀ ਗਈ। ਸਟਾਕ ਦੀ ਜਾਂਚ ਕਰਨ ਤੇ 8,800 ਪ੍ਰੀਗਾਬਾਲਿਨ ਕੈਪਸੂਲਾਂ ਦਾ ਭੰਡਾਰ ਮਿਲਿਆ। ਇਸ ਤੋਂ ਬਾਅਦ ਮੈਡੀਕਲ ਸਟੋਰ ਦੇ ਸੰਚਾਲਕ ਪਵਨ ਬਜਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਦੋਵਾਂ ਮਾਮਲਿਆਂ ’ਚ ਜ਼ਬਤ ਕੀਤੀ ਗਈ ਨਸ਼ੀਲੀ ਸਮੱਗਰੀ ਨਾਲ ਜੁੜੇ ਸਰੋਤਾਂ, ਸਪਲਾਈ ਚੇਨਾਂ ਤੇ ਸਾਥੀਆਂ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ।