- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
120 ਫੁੱਟੀ ਸੜਕ ਨੂੰ ਨਿਗਲ ਗਏ ਨਾਜਾਇਜ਼ ਕਬਜ਼ੇ, ਰੁੱਕਿਆ ਵਿਕਾਸ

-ਬੰਦ ਰਸਤਾ ਖੁੱਲ੍ਹਵਾਉਣ ਲਈ ਡੀਸੀ ਦਰਬਾਰ ਪੁੱਜੇ ਇਲਾਕਾ ਵਾਸੀ
-2012 ਵਿੱਚ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਖੁੱਲ੍ਹਿਆ ਰਾਹ
ਲਖਬੀਰ ਪੰਜਾਬੀ ਜਾਗਰਣ ਜਲੰਧਰ
ਜਲੰਧਰ ਦੀ 120 ਫੁੱਟੀ ਸੜਕ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ’ਚ ਪੈਦਾ ਹੋ ਰਹੀ ਰੁਕਾਵਟ ਦਾ ਮਾਮਲਾ ਹੁਣ ਪ੍ਰਸ਼ਾਸਨ ਤੱਕ ਪਹੁੰਚ ਗਿਆ ਹੈ। ਪੀਪੀਆਰ ਮਾਲ ਤੋਂ ਇਨਕਮ ਟੈਕਸ ਕਾਲੋਨੀ ਰੋਡ ਤੱਕ ਬੰਦ ਪਏ ਹਿੱਸੇ ਨੂੰ ਖੁੱਲ੍ਹਵਾਉਣ ਦੀ ਮੰਗ ਕਰਦਿਆਂ ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸੌਂਪਿਆ। ਕਾਂਗਰਸ ਦੇ ਸੀਨੀਅਰ ਆਗੂ ਤੇ ਕੌਂਸਲਰ ਬਲਰਾਜ ਠਾਕੁਰ ਦੀ ਅਗਵਾਈ ਹੇਠ ਪੁੱਜੇ ਵਫ਼ਦ ਨੇ ਡੀਸੀ ਦੀ ਗੈਰ-ਮੌਜੂਦਗੀ ਵਿੱਚ ਏਡੀਸੀ ਦਿਵਿਆ ਪੀ. ਨੂੰ ਮੰਗ ਤੋਂ ਜਾਣੂ ਕਰਵਾਇਆ। ਏਡੀਸੀ ਨੇ ਜਲਦ ਹੱਲ ਦਾ ਭਰੋਸਾ ਦਿੰਦਿਆਂ ਖੁਦ ਮੌਕੇ ਦਾ ਦੌਰਾ ਕਰਨ ਦੀ ਗੱਲ ਕਹੀ। ਬਲਰਾਜ ਠਾਕੁਰ ਅਨੁਸਾਰ ਇਹ ਸੜਕ ਗੁਰੂ ਰਵਿਦਾਸ ਮਹਾਰਾਜ ਚੌਕ ਤੋਂ ਸ਼ੁਰੂ ਹੋ ਕੇ ਜੀਬੀ ਨਗਰ, ਲਤੀਫਪੁਰਾ, ਗਰੀਨ ਮਾਡਲ ਕਾਲੋਨੀ ਅਤੇ ਪੀਪੀਆਰ ਮਾਰਕੀਟ ਵਿੱਚੋਂ ਲੰਘਦੀ ਹੋਈ ਇਨਕਮ ਟੈਕਸ ਕਾਲੋਨੀ ਰੋਡ ਨਾਲ ਜੁੜਦੀ ਹੈ ਪਰ ਪੀਪੀਆਰ ਤੋਂ ਅੱਗੇ ਅੰਧ ਵਿਦਿਆਲਾ ਤੋਂ ਇਨਕਮ ਟੈਕਸ ਕਾਲੋਨੀ ਤੱਕ ਸਿਰਫ਼ 20 ਫੁੱਟ ਰਸਤਾ ਹੀ ਆਵਾਜਾਈ ਲਈ ਬਚਿਆ ਹੈ, ਜਦਕਿ ਲਗਭਗ 100 ਫੁੱਟ ਹਿੱਸਾ ਕਥਿਤ ਨਾਜਾਇਜ਼ ਕਬਜ਼ਿਆਂ ਹੇਠ ਹੈ। ਇਹ ਜਗ੍ਹਾ ਇੰਪਰੂਵਮੈਂਟ ਟਰੱਸਟ ਦੀ ਰਿਸ਼ੀ ਨਗਰ ਸਕੀਮ ਅਧੀਨ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀ ਲੰਮੇ ਸਮੇਂ ਤੋਂ ਇਸ ਮਸਲੇ ਨੂੰ ਉਠਾ ਰਹੇ ਹਨ। ਸੜਕ ਦੀ ਚੌੜਾਈ ਘਟ ਕੇ ਮਹਿਜ਼ 20 ਫੁੱਟ ਰਹਿ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲਰਾਜ ਠਾਕੁਰ ਨੇ ਕਿਹਾ ਕਿ ਨਿਰਧਾਰਤ ਚੌੜਾਈ ਅਨੁਸਾਰ ਸੜਕ ਖੁੱਲ੍ਹਣ ਨਾਲ ਆਸ-ਪਾਸ ਦੀਆਂ ਕਈ ਕਾਲੋਨੀਆਂ ਦੇ ਵਸਨੀਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਪੀਪੀਐਆਰ ਮਾਰਕੀਟ ਦੇ ਪ੍ਰਧਾਨ ਗੁਰਦੀਪ ਸਿੰਘ ਰਾਜਾ, ਮਾਡਲ ਟਾਊਨ ਮਾਰਕੀਟ ਦੇ ਪ੍ਰਧਾਨ ਰਾਜੀਵ ਦੁੱਗਲ, ਰਵਿੰਦਰ ਸਿੰਘ, ਅਜੀਤ ਵਾਲੀਆ, ਰਾਕੇਸ਼ ਸ਼ਰਮਾ, ਗੁਰਪ੍ਰੀਤ ਸਿੱਧੂ, ਜਗਮੋਹਨ ਕੌੜਾ, ਅਭਿਸ਼ੇਕ ਗੁਪਤਾ, ਹਰਜੀਤ ਸਿੰਘ ਬਿੱਟੂ, ਇੰਦਰਜੀਤ ਗੁੰਬਰ, ਪ੍ਰਿੰਸਜੀਤ ਪਿੰਕਾ, ਸ਼ਾਂਤੀ ਲਾਲ ਦੂਆ, ਬਾਬੂ ਰਾਮ ਅਰੋੜਾ, ਗੁਰਪ੍ਰੀਤ ਭਾਟੀਆ, ਲੱਕੀ ਨਾਹਰ, ਤਰਨਪ੍ਰੀਤ ਰਾਜਾ, ਮਾਸਟਰ ਪ੍ਰਸ਼ੋਤਮ, ਐਡਵੋਕੇਟ ਮਧੂ, ਰਚਨਾ, ਤਰਸੇਮ ਲਾਲ ਚੁੰਬਰ, ਵਿਸ਼ਾਲ ਸ਼ਰਮਾ, ਡਾ. ਮਨੋਜ ਭਾਰਦਵਾਜ, ਦਮਨ ਓਬਰਾਏ, ਡਾ. ਸ਼ਸ਼ੀ ਕਾਂਤ, ਰਾਜਵੰਤ ਸਿੰਘ ਅਤੇ ਪਰਮਜੀਤ ਸਿੰਘ ਮੌਜੂਦ ਸਨ।