
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਿਲਗਾ ਦੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ਿਆਂ ਕਾਰਨ ਲੱਗਦੇ ਲੰਮੇ ਜਾਮ

-ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਤੇ ਬੇਤਰਤੀਬ ਖੜ੍ਹੇ ਵਾਹਨਾਂ ਨੇ ਵਧਾਈ ਮੁਸੀਬਤ, ਰਾਹਗੀਰ ਪਰੇਸ਼ਾਨ
ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਬਿਲਗਾ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਤੇ ਸੜਕਾਂ ’ਤੇ ਬੇਤਰਤੀਬ ਢੰਗ ਨਾਲ ਖੜ੍ਹੇ ਵਾਹਨਾਂ ਕਾਰਨ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਰੋਜ਼ਾਨਾ ਲੱਗਦੇ ਲੰਮੇ ਜਾਮ ਕਾਰਨ ਆਮ ਲੋਕਾਂ, ਸਕੂਲੀ ਬੱਚਿਆਂ ਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਬਾਜ਼ਾਰ ਦੇ ਕਈ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਦੁਕਾਨਾਂ ਤੋਂ ਬਾਹਰ ਸੜਕ ਤੱਕ ਰੱਖਿਆ ਜਾਂਦਾ ਹੈ। ਇਸ ਕਾਰਨ ਪਹਿਲਾਂ ਹੀ ਤੰਗ ਬਾਜ਼ਾਰਾਂ ’ਚ ਆਵਾਜਾਈ ਲਈ ਜਗ੍ਹਾ ਹੋਰ ਘੱਟ ਹੋ ਜਾਂਦੀ ਹੈ। ਇਸ ਦੇ ਨਾਲ ਹੀ ਬਾਜ਼ਾਰ ’ਚ ਖਰੀਦਦਾਰੀ ਕਰਨ ਆਉਣ ਵਾਲੇ ਲੋਕ ਆਪਣੇ ਮੋਟਰਸਾਈਕਲ ਤੇ ਹੋਰ ਵਾਹਨ ਸੜਕ ਦੇ ਕਿਨਾਰਿਆਂ ਦੀ ਬਜਾਏ ਬੇਤਰਤੀਬ ਢੰਗ ਨਾਲ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਆਵਾਜਾਈ ’ਚ ਹੋਰ ਵਿਘਨ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਸਥਿਤੀ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਵਾਹਨਾਂ ਦਾ ਲੰਘਣਾ ਤਾਂ ਦੂਰ, ਪੈਦਲ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜਾਮ ਕਾਰਨ ਐਮਰਜੈਂਸੀ ਵਾਹਨਾਂ ਦੇ ਵੀ ਫਸਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਤੇ ਸਮਾਜਿਕ ਆਗੂਆਂ ਨੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਾਜ਼ਾਰਾਂ ’ਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਇਸ ਦੇ ਨਾਲ ਹੀ ਸੜਕਾਂ ’ਤੇ ਗਲਤ ਢੰਗ ਨਾਲ ਵਾਹਨ ਖੜ੍ਹੇ ਕਰਨ ਵਾਲਿਆਂ ਵਿਰੁੱਧ ਟਰੈਫਿਕ ਨਿਯਮਾਂ ਅਨੁਸਾਰ ਕਾਰਵਾਈ ਤੇ ਚਲਾਨ ਕੀਤੇ ਜਾਣ।