ਸਬਜ਼ੀ ਮੰਡੀ ਜਾਓਗੇ ਤਾਂ ਮੁਫ਼ਤ ’ਚ ਬਿਮਾਰੀਆਂ ਘਰ ਲਿਆਓਗੇ ਸਬਜ਼ੀ ਮੰਡੀ ਜਾਓਗੇ ਤਾਂ ਮੁਫ਼ਤ ‘ਚ ਬਿਮਾਰੀਆਂ ਘਰ ਲਿਆਓਗੇ
Publish Date: Sun, 02 Aug 2026 08:21 PM (IST)
Updated Date: Sun, 02 Aug 2026 08:22 PM (IST)
ਲੱਖਾਂ ਦੀ ਸੈਗਰੀਗੇਟਰ ਮਸ਼ੀਨ ਵੀ ਨਾ ਆਈ ਰਾਸ, ਚਿੱਟਾ ਹਾਥੀ ਬਣੀ ਸੈਗਰੀਗੇਟਰ ਮਸ਼ੀਨ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਅੱਜ-ਕੱਲ੍ਹ ਬਾਜ਼ਾਰ ’ਚ ਆਮ ਵੇਖਣ ਨੂੰ ਮਿਲਦਾ ਹੈ ਕਿ ਕੋਈ ਇਕ ਵਸਤੂ ਖਰੀਦੋ ਤਾਂ ਉਸ ਨਾਲ ਇਕ ਵਸਤੂ ਮੁਫ਼ਤ ਪਾਓ ਜਾਂ ਦੋ ਵਸਤੂਆਂ ਨਾਲ ਇਕ ਵਸਤੂ ਮੁਫ਼ਤ ਘਰ ਲੈ ਜਾਓ। ਸਬਜ਼ੀ ਮੰਡੀ ’ਚ ਭਾਵੇਂ ਇਸ ਤਰ੍ਹਾਂ ਦੀ ਕਿਸੇ ਨੇ ਸਕੀਮ ਲਗਾਈ ਤਾਂ ਨਹੀਂ ਪਰ ਤੁਸੀਂ ਸਬਜ਼ੀ ਮੰਡੀ ’ਚ ਸਬਜ਼ੀ ਜਾਂ ਫ਼ਲ ਖਰੀਦਣ ਜਾਓਗੇ ਤਾਂ ਉਥੇ ਪਈ ਹੋਈ ਬੇਸ਼ੁਮਾਰ ਗੰਦਗੀ ਇਹ ਬਿਆਨ ਕਰਦੀ ਹੈ ਕਿ ਸਬਜ਼ੀਆਂ ਦੇ ਨਾਲ ਤੁਸੀਂ ਮੁਫ਼ਤ ’ਚ ਬਿਮਾਰੀਆਂ ਵੀ ਘਰ ਲੈ ਜਾਓ। ਬਰਸਾਤੀ ਮੌਸਮ ਦੌਰਾਨ ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਪਈ ਹੋਈ ਗੰਦਗੀ ਨੇ ਤੋਬਾ ਕਰਵਾ ਦਿੱਤੀ। ਜ਼ਿਕਰਯੋਗ ਹੈ ਕਿ ਸਬਜ਼ੀ ਮੰਡੀ ਅੰਦਰ ਲੱਗੇ ਗੰਦਗੀ ਦੇ ਢੇਰਾਂ ਨੂੰ ਸਾਫ ਕਰਨ ਲਈ ਮੰਡੀ ਬੋਰਡ ਵੱਲੋਂ ਸਫ਼ਾਈ ਲਈ ਠੇਕੇਦਾਰ ਨੂੰ ਹਰ ਮਹੀਨੇ ਪੈਸੇ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸਬਜ਼ੀ ਮੰਡੀ ਮਕਸੂਦਾਂ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਨਜ਼ਰ ਆਉਂਦੇ ਹਨ ਜੋ ਕਿ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਇਥੇ ਹੀ ਬੱਸ ਨਹੀਂ ਸਬਜ਼ੀ ਮੰਡੀ ਛੱਪੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਤੰਦਰੁਸਤੀ ਲਈ ਤਾਜ਼ੀਆਂ ਸਬਜ਼ੀਆਂ ਤੇ ਤਾਜ਼ੇ ਫ਼ਲ ਖਰੀਦਣ ਆਉਂਦੇ ਹਨ ਪਰ ਫ਼ਲਾਂ ਤੇ ਸਬਜ਼ੀਆਂ ਦੇ ਨਾਲ ਉਨਾਂ ਨੂੰ ਬਿਮਾਰੀਆਂ ਵੀ ਮਿਲ ਰਹੀਆਂ ਹਨ ਜਿਸ ਨੂੰ ਉਹ ਮਜਬੂਰੀ ਨਾਲ ਘਰ ਲੈ ਕੇ ਜਾਂਦੇ ਹਨ। ਜਿਸ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਨਹੀਂ ਜਾਂਦਾ। ----------------------------- ਬਰਸਾਤੀ ਮੌਸਮ ਕਰਕੇ ਹੁੰਦੀ ਦੇਰੀ ਸਫ਼ਾਈ ਠੇਕੇਦਾਰ ਅਨਵਰ ਬੱਬਰ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਹੋਣ ਕਰਕੇ ਕੂੜਾ ਦੀ ਬਣਦੀ ਦਲਦਲ ਚੁੱਕਣ ’ਚ ਦੇਰੀ ਹੁੰਦੀ ਹੈ। ਫਿਰ ਵੀ ਉਨ੍ਹਾਂ ਦੀ ਟੀਮ ਸਬਜ਼ੀ ਮੰਡੀ ’ਚੋਂ ਕੂੜਾ ਚੁੱਕਣ ਲਈ ਯਤਨ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਵੱਲੋਂ ਧਿਆਨ ’ਚ ਲਿਆਂਦੇ ਜਾਣ ’ਤੇ ਉਨ੍ਹਾਂ ਵੱਲੋਂ ਦੋ ਹੋਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ------------------------- ਲੱਖਾਂ ਦੀ ਸੈਗਰੀਗੇਟਰ ਮਸ਼ੀਨ ਵੀ ਨਾ ਆਈ ਰਾਸ ਨਵੀਂ ਸਬਜ਼ੀ ਮੰਡੀ ’ਚ ਲੱਗੇ ਗੰਦਗੀ ਦੇ ਢੇਰਾਂ ਨੂੰ ਖ਼ਤਮ ਕਰਨ ਲਈ ਲੱਖਾਂ ਰੁਪਏ ਖਰਚ ਕੇ ਸੈਗਰੀਗੇਟਰ ਮਸ਼ੀਨ ਲਿਆਂਦੀ ਗਈ ਸੀ ਪਰ ਇਹ ਮਸ਼ੀਨ ਪ੍ਰਸ਼ੰਸਾ ਤੱਕ ਹੀ ਸੀਮਤ ਰਹੀ। ------------------------ ਸਫ਼ਾਈ ਠੇਕੇਦਾਰ ਤੇ ਮਾਰਕੀਟ ਕਮੇਟੀ ਸਕੱਤਰ ਦਿੱਤੀਆਂ ਜਾਣਗੀਆਂ ਹਦਾਇਤਾਂ -ਸਾਹੀ ਇਸ ਸਬੰਧੀ ਮਾਰਕੀਟ ਕਮੇਟੀ ਦੇ ਜ਼ਿਲ੍ਹਾ ਮੰਡੀ ਅਫ਼ਸਰ ਹਰਵਿੰਦਰ ਸਿੰਘ ਸਾਹੀ ਦੇ ਧਿਆਨ ’ਚ ਇਹ ਸਾਰਾ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਉਨਾਂ ਨੂੰ ਜਾਣਕਾਰੀ ਪ੍ਰਾਪਤ ਹੋਣ ’ਤੇ ਉਹ ਮਾਰਕੀਟ ਕਮੇਟੀ ਦੇ ਸਕੱਤਰ ਤੇ ਸਫ਼ਾਈ ਠੇਕੇਦਾਰ ਨੂੰ ਹਦਾਇਤਾਂ ਕਰਕੇ ਸਬਜ਼ੀ ਮੰਡੀ ਅੰਦਰ ਪਈ ਹੋਈ ਗੰਦਗੀ ਨੂੰ ਤੁਰੰਤ ਸਾਫ਼ ਕਰਵਾਉਣਗੇ। ਇਸ ਤੋਂ ਇਲਾਵਾ ਸੈਗਰੀਗੇਟਰ ਮਸ਼ੀਨ ਬਾਰੇ ਉਨ੍ਹਾਂ ਕਿਹਾ ਕਿ ਸੈਗਰੀਗੇਟਰ ਮਸ਼ੀਨ ਬਰਸਾਤਾਂ ’ਚ ਕੰਮ ਨਹੀਂ ਕਰਦੀ ਜਿਸ ਕਰਕੇ ਮਸ਼ੀਨ ਬੰਦ ਹੈ। ------------------------- ਸਿਹਤ ਵਿਭਾਗ ਦੀ ਸਪੈਸ਼ਲ ਡੇਂਗੂ ਟੀਮ ਕਰੇਗੀ ਦੌਰਾ ਇਸ ਸਬੰਧੀ ਨਗਰ ਨਿਗਮ ਸਿਹਤ ਵਿਭਾਗ ਦੀ ਟੀਮ ਦੇ ਮੁਖੀ ਡਾਕਟਰ ਕਿਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਵੀਂ ਸਬਜ਼ੀ ਮੰਡੀ ’ਚ ਸਫਾਈ ਕਰਾਉਣ ਦਾ ਪ੍ਰਬੰਧ ਮਾਰਕੀਟ ਕਮੇਟੀ ਵੱਲੋਂ ਕਰਵਾਉਣਾ ਹੁੰਦਾ ਹੈ। ਜਿਸ ਸਬੰਧੀ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਸਬਜ਼ੀ ਮੰਡੀ ਅੰਦਰ ਬੇਸ਼ੁਮਾਰ ਗੰਦਗੀ ਹੈ ਤਾਂ ਉਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ ਨਾਲ ਭਿਆਨਕ ਬਿਮਾਰੀਆਂ ਵੀ ਫੈਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਦੇਖਦੇ ਹੋਏ ਉਹ ਸਪੈਸ਼ਲ ਟੀਮ ਦਾ ਗਠਨ ਕਰਕੇ ਸਬਜ਼ੀ ਮੰਡੀ ਅੰਦਰ ਪਈ ਗੰਦਗੀ ਤੇ ਖੜ੍ਹੇ ਹੋਏ ਪਾਣੀ ਤੋਂ ਪੈਦਾ ਹੋਣ ਵਾਲੇ ਲਾਰਵੇ ਨੂੰ ਰੋਕਣ ਦੇ ਪ੍ਰਬੰਧ ਕਰਨਗੇ ਤੇ ਫੋਗਿੰਗ ਵੀ ਕਰਵਾ ਦੇਣਗੇ। ----------------------------- ਹਰ ਇਕ ਨੂੰ ਸਫ਼ਾਈ ਦਾ ਰੱਖਣਾ ਚਾਹੀਦਾ ਹੈ ਧਿਆਨ ਆੜਤੀ ਪ੍ਰਭਜੋਤ ਸਿੰਘ ਜੋਸਨ ਦਾ ਕਹਿਣਾ ਹੈ ਕਿ ਸਬਜ਼ੀ ਮੰਡੀ ਅੰਦਰ ਗੰਦਗੀ ਫੈਲਾਉਣ ਵਾਲੇ ਲੋਕਾਂ ਨੂੰ ਰੋਕਣਾ ਚਾਹੀਦਾ ਤੇ ਹਰ ਵਿਅਕਤੀ ਨੂੰ ਆਪਣਾ ਫਰਜ਼ ਸਮਝ ਕੇ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸਬਜ਼ੀ ਮੰਡੀ ਅੰਦਰ ਹੀ ਖਾਣਾ ਵਿਕਦਾ ਹੈ। ਜਿਸ ਕਰਕੇ ਸਫਾਈ ਹੋਣਾ ਬੇਹੱਦ ਜ਼ਰੂਰੀ ਹੈ। ------------------------- ਪਹਿਲ ਦੇ ਅਧਾਰ ’ਤੇ ਮੇਅਰ ਨਾਲ ਕੀਤੀ ਵਿਸ਼ੇਸ਼ ਮੀਟਿੰਗ ਨਵੀਂ ਸਬਜ਼ੀ ਮੰਡੀ ਤੇ ਫ਼ਲ ਮੰਡੀ ਆੜਤੀ ਐਸੋਸੀਏਸ਼ਨ ਦੇ ਹਾਲ ਹੀ ’ਚ ਚੁਣੇ ਗਏ ਪ੍ਰਧਾਨ ਗੋਲਡੀ ਖਾਲਸਾ ਦਾ ਕਹਿਣਾ ਹੈ ਕਿ ਮੰਡੀ ’ਚ ਪਈ ਹੋਈ ਗੰਦਗੀ ਨੂੰ ਖ਼ਤਮ ਕਰਨ ਲਈ ਉਨ੍ਹਾਂ ਵੱਲੋਂ ਪਹਿਲ ਦੇ ਆਧਾਰ ’ਤੇ ਮੇਅਰ ਵਨੀਤ ਧੀਰ ਨੂੰ ਉਚੇਚੇ ਤੌਰ ’ਤੇ ਦਫ਼ਤਰ ਬੰਦ ਹੋਣ ਦੇ ਬਾਵਜੂਦ ਆਪਣੇ ਗ੍ਰਹਿ ਵਿਖੇ ਸੱਦ ਕੇ ਮੰਡੀ ਦੇ ਆੜਤੀ ਸਾਹਿਲ, ਪ੍ਰਿੰਸ, ਕਪਿਲ, ਸੰਨੀ ਬੱਤਰਾ, ਸੌਰਵ, ਸਰਜੂ, ਪਰਵੇਸ਼, ਮੋਨੂੰ ਪੁਰੀ, ਮਹੇਸ਼ ਮਖੀਜਾ, ਜਿੰਮੀ ਕਾਲੀਆ, ਮਹਿੰਦਰ ਪਾਲ, ਗੁਰਦੀਪ ਮੋਂਗੀਆ, ਰਾਜੀਵ ਧਮੀਜਾ, ਲਵਲੀ, ਸੁਭਾਸ਼ ਢੱਲ, ਮਦਨ ਸਣੇ ਉਨਾਂ ਨੂੰ ਮੰਡੀ ’ਚ ਪਈ ਹੋਈ ਗੰਦਗੀ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਸਬਜ਼ੀ ਮੰਡੀ ’ਚ ਪਈ ਹੋਈ ਗੰਦਗੀ ਨੂੰ ਖ਼ਤਮ ਕਰਵਾਉਣ ਲਈ ਉਹ ਨਗਰ ਨਿਗਮ ਵਿਭਾਗ ਦੀ ਟੀਮ ਨੂੰ ਹਦਾਇਤਾਂ ਕਰਨਗੇ। ਜਿਸ ਦੀ ਜਾਂਚ ਲਈ ਉਹ ਹਰ ਹਫ਼ਤੇ ਸਬਜ਼ੀ ਮੰਡੀ ਦਾ ਦੌਰਾ ਕਰਿਆ ਕਰਨਗੇ। ਇਸ ਤੋਂ ਇਲਾਵਾ ਉਹ ਆੜਤੀਆਂ ਸਮੇਤ ਕਮੇਟੀ ਦਾ ਗਠਨ ਵੀ ਕਰਨਗੇ।