ਜੇ ਅੱਜ ਨਾ ਸੰਭਲੇ ਤਾਂ ਖ਼ਰੀਦਣੀ ਪਵੇਗੀ ਆਕਸੀਜਨ : ਭਾਈ ਪਾਲ ਸਿੰਘ ਜੇਕਰ ਅੱਜ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਰੀਦਣੀ ਪਵੇਗੀ ਆਕਸੀਜ਼ਨ : ਭਾਈ ਪਾਲ ਸਿੰਘ
Publish Date: Wed, 26 Aug 2026 07:20 PM (IST)
Updated Date: Wed, 26 Aug 2026 07:22 PM (IST)
-ਸਰਕਾਰੀ ਹਾਈ ਸਕੂਲ ਸ਼ਾਹਕੋਟ ’ਚ ‘ਪੰਜਾਬੀ ਜਾਗਰਣ ਹਰਿਆਵਲ ਲਹਿਰ’ ਤਹਿਤ ਵੰਡੇ ਬੂਟੇ -ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਦਿੱਤਾ ਵਾਤਾਵਰਨ ਸੁਰੱਖਿਆ ਦਾ ਸੁਨੇਹਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ‘ਪੰਜਾਬੀ ਜਾਗਰਣ ਹਰਿਆਵਲ ਲਹਿਰ’ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਸ਼ਾਹਕੋਟ (ਨਿੰਮਾਂ ਵਾਲਾ) ਵਿਖੇ ਬੱਚਿਆਂ ਨੂੰ ਬੂਟੇ ਵੰਡੇ ਗਏ। ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਵੀ ਗਏ। ਸਮਾਗਮ ਵਿਚ ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨੇ ਮੁੱਖ ਮਹਿਮਾਨ ਜਦਕਿ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਸਾਬਕਾ ਐੱਮਸੀ ਪਵਨ ਅਗਰਵਾਲ ਅਤੇ ਲੋਕ ਭਲਾਈ ਸੁਸਾਇਟੀ ਦੇ ਚੇਅਰਮੈਨ ਦਲਜੀਤ ਸਿੰਘ ਸਚਦੇਵਾ ਤੇ ਗੌਤਮ ਪੁਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਪਹੁੰਚਣ ‘ਤੇ ਸੈਂਟਰ ਹੈੱਡ ਟੀਚਰ ਸੁਰਿੰਦਰ ਵਿੱਗ ਤੇ ਸਕੂਲ ਇੰਚਾਰਜ ਕਿਰਨ ਵਿੱਗ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਬੱਚਿਆਂ ਨੂੰ ਸੰਬੋਧਨ ਕਰਦਿਆਂ ਫਰਾਂਸ ਨੇ ਕਿਹਾ ਕਿ ਗੁਰਬਾਣੀ ਦੇ ਮਹਾਨ ਫ਼ਲਸਫ਼ੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਅਸੀਂ ਅਜੋਕੀ ਭੱਜ-ਦੌੜ ਅਤੇ ਲਾਲਚੀ ਜ਼ਿੰਦਗੀ ’ਚ ਵਿਸਾਰ ਦਿੱਤਾ ਹੈ। ਮਨੁੱਖ ਵੱਲੋਂ ਆਪਣੀਆਂ ਨਿੱਜੀ ਲੋੜਾਂ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਵੀ ਮੁੱਕ ਰਿਹਾ ਹੈ ਅਤੇ ਹਵਾ ਜ਼ਹਿਰੀਲੀ ਹੋ ਚੁੱਕੀ ਹੈ। ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਲੈਣ ਲਈ ਆਕਸੀਜਨ ਵੀ ਖ਼ਰੀਦਣੀ ਪਵੇਗੀ। ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨੇ ਕਿਹਾ ਕਿ ਅੱਜ ਸ਼ਹਿਰਾਂ ਤੇ ਪਿੰਡਾਂ ਵਿਚ ਪ੍ਰਦੂਸ਼ਣ, ਗੰਦਗੀ ਅਤੇ ਪਲਾਸਟਿਕ ਦੇ ਢੇਰ ਸਾਡੀ ਸਿਹਤ ਲਈ ਵੱਡਾ ਸੰਕਟ ਬਣ ਚੁੱਕੇ ਹਨ। ਸਰਕਾਰਾਂ ਜਾਂ ਪ੍ਰਸ਼ਾਸਨ ਇਕੱਲੇ ਦਮ ਤੇ ਵਾਤਾਵਰਨ ਨੂੰ ਸਾਫ਼-ਸੁਥਰਾ ਨਹੀਂ ਰੱਖ ਸਕਦੇ, ਜਦੋਂ ਤੱਕ ਹਰ ਨਾਗਰਿਕ ਇਸ ਮੁਹਿੰਮ ਵਿਚ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। ਸਕੂਲੀ ਵਿਦਿਆਰਥੀ ਸਮਾਜ ਵਿਚ ਜਾਗਰੂਕਤਾ ਲਿਆਉਣ ਲਈ ਸਭ ਤੋਂ ਵੱਡੀ ਤਾਕਤ ਹਨ। ਸਾਬਕਾ ਐੱਮਸੀ ਪਵਨ ਅਗਰਵਾਲ ਤੇ ਦਲਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਰੁੱਖ ਲਗਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ, ਪਰ ਸਾਡੀ ਜ਼ਿੰਮੇਵਾਰੀ ਸਿਰਫ਼ ਬੂਟਾ ਜ਼ਮੀਨ ਵਿਚ ਗੱਡਣ ਨਾਲ ਖ਼ਤਮ ਨਹੀਂ ਹੁੰਦੀ। ‘ਪੰਜਾਬੀ ਜਾਗਰਣ’ ਵੱਲੋਂ ਵਿਦਿਆਰਥੀਆਂ ਨੂੰ ਕੁਦਰਤ ਦੀ ਸੇਵਾ ਨਾਲ ਜੋੜਨ ਦਾ ਇਹ ਯਤਨ ਬਹੁਤ ਸ਼ਲਾਘਾਯੋਗ ਹੈ ਅਤੇ ਇਸ ਨਾਲ ਬੱਚਿਆਂ ਵਿੱਚ ਵਾਤਾਵਰਨ ਪ੍ਰਤੀ ਚੇਤਨਾ ਪੈਦਾ ਹੋਵੇਗੀ। ਸੈਂਟਰ ਹੈੱਡ ਟੀਚਰ ਸੁਰਿੰਦਰ ਵਿੱਗ ਅਤੇ ਸਕੂਲ ਇੰਚਾਰਜ ਕਿਰਨ ਵਿੱਗ ਨੇ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸਮਾਜਿਕ ਅਤੇ ਕੁਦਰਤੀ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨਾ ਸਕੂਲ ਦਾ ਮੁੱਖ ਫ਼ਰਜ਼ ਹੈ। ‘ਪੰਜਾਬੀ ਜਾਗਰਣ ਹਰਿਆਵਲ ਲਹਿਰ’ ਨੇ ਵਿਦਿਆਰਥੀਆਂ ਅੰਦਰ ਕੁਦਰਤ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਨਵੀਂ ਭਾਵਨਾ ਜਗਾਈ ਹੈ। ਅੱਜ ਲਗਾਏ ਗਏ ਸਾਰੇ ਬੂਟਿਆਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਮਹਿਮਾਨਾਂ ਦਾ ਸਕੂਲ ਪਹੁੰਚਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਜਸਬੀਰ ਕੌਰ, ਗੁਰਜਿੰਦਰ ਕੌਰ, ਪਰਵਿੰਦਰ ਸਿੰਘ, ਲਾਭਪ੍ਰੀਤ ਸਿੰਘ, ਹੇਮਨਪ੍ਰੀਤ ਕੌਰ, ਨਰਿੰਦਰ ਸਿੰਘ ਢੰਡੋਵਾਲ ਆਦਿ ਹਾਜ਼ਰ ਸਨ।