ਰੱਖੜੀ ਬੰਨ੍ਹਵਾ ਕੇ ਪਰਤ ਰਹੇ ਪਤੀ-ਪਤਨੀ ’ਤੇ ਦਾਤਰ ਨਾਲ ਹਮਲਾ, ਬਾਈਕ ਖੋਹੀ ਰੱਖੜੀ ਬੰਨ੍ਹਵਾ ਕੇ ਪਰਤ ਰਹੇ ਪਤੀ ਪਤਨੀ 'ਤੇ ਦਾਤਰ ਨਾਲ ਹਮਲਾ, ਮੋਟਰਸਾਈਕਲ ਖੋਹ ਕੇ ਲੁਟੇਰੇ ਫ਼ਰਾਰ
Publish Date: Fri, 28 Aug 2026 11:16 PM (IST)
Updated Date: Fri, 28 Aug 2026 11:19 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪਿੰਡ ਮੱਲ੍ਹੀਵਾਲ ਤੋਂ ਦੌਲਤਪੁਰ ਢੱਡਾ ਰੋਡ ਤੇ ਲੁੱਟ-ਖੋਹ ਦੀ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪਤਨੀ ਨਾਲ ਰੱਖੜੀ ਬੰਨ੍ਹਵਾ ਕੇ ਸਹੁਰੇ ਘਰੋਂ ਪਰਤ ਰਹੇ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁਟੇਰੇ ਉਸ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਸੁਖਵਿੰਦਰ ਸਿੰਘ ਪੁੱਤਰ ਜਗੀਰ ਸਿੰਘ, ਵਾਸੀ ਪਿੰਡ ਸ਼ਤਾਬਗੜ੍ਹ (ਸੁਲਤਾਨਪੁਰ ਲੋਧੀ) ਨੇ ਦੱਸਿਆ ਕਿ ਉਹ ਆਪਣੀ ਪਤਨੀ ਮਨਦੀਪ ਕੌਰ ਨਾਲ ਆਪਣੇ ਸਹੁਰੇ ਪਿੰਡ ਜਹਾਂਗੀਰ ਤੋਂ ਰੱਖੜੀ ਦਾ ਤਿਉਹਾਰ ਮਨਾ ਕੇ ਘਰ ਜਾ ਰਿਹਾ ਸੀ। ਜਦੋਂ ਉਹ ਪਿੰਡ ਦੌਲਤਪੁਰ ਢੱਡਾ ਨਜ਼ਦੀਕ ਪੁੱਜੇ ਤਾਂ ਪਿੱਛੋਂ ਮੋਟਰਸਾਈਕਲ ਤੇ ਆਏ ਦੋ ਅਣਪਛਾਤੇ ਲੁਟੇਰਿਆਂ ਨੇ ਰਸਤਾ ਰੋਕ ਲਿਆ। ਲੁਟੇਰਿਆਂ ਨੇ ਉਸ ’ਤੇ ਦਾਤਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਲੁਟੇਰੇ ਉਸ ਦਾ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਮਲਸੀਆਂ ਦੀ ਟੀਮ ਨੇ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਇਸ ਸਬੰਧੀ ਚੌਕੀ ਇੰਚਾਰਜ ਏ.ਐੱਸ.ਆਈ. ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਲਾਕੇ ’ਚ ਲੱਗੇ ਸੀਸੀਟੀਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤੇ ਲੁਟੇਰਿਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।