ਕੈਂਟ ’ਚ ਬੰਦ ਸੜਕਾਂ ਨੂੰ ਲੈ ਕੇ ਬੋਰਡ ਦੇ ਵਿਹੜੇ ’ਚ ਜ਼ਬਰਦਸਤ ਹੰਗਾਮਾ ਕੈਂਟ ’ਚ ਬੰਦ ਸੜਕਾਂ ਨੂੰ ਲੈ ਕੇ ਬੋਰਡ ਦੇ ਵਿਹੜੇ ’ਚ ਜ਼ਬਰਦਸਤ ਹੰਗਾਮਾ
Publish Date: Wed, 29 Jul 2026 10:48 PM (IST)
Updated Date: Wed, 29 Jul 2026 10:49 PM (IST)
-ਸਿਵਲ ਮੈਂਬਰ ਨੇ ਕਿਹਾ-ਲੋਕ ਅੱਜ ਵੀ ਗੁਲਾਮਾਂ ਵਾਂਗ ਜੀਅ ਰਹੇ -ਕੈਂਟ ਬੋਰਡ ਦੇ ਅਧਿਕਾਰੀ ਵੀ ਕਰਨ ਲੱਗੇ ਸਿਆਸਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਛਾਉਣੀ ਕੈਂਟ ਬੋਰਡ ’ਚ ਬੁੱਧਵਾਰ ਕੈਂਟ ਦੇ ਲੋਕਾਂ ਨੇ ਇਕਜੁੱਟ ਹੋ ਕੇ ਲੋਕਲ ਮਿਲਟਰੀ ਅਥਾਰਟੀ ਵੱਲੋਂ ਬੰਦ ਕੀਤੀਆਂ ਗਈਆਂ ਸੜਕਾਂ ਦੇ ਵਿਰੋਧ ’ਚ ਬੋਰਡ ਦੇ ਵਿਹੜੇ ’ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ’ਚ ਭਾਵੇਂ ਤਾਲਮੇਲ ਦੀ ਕਮੀ ਨਜ਼ਰ ਆਈ ਪਰ ਇਸ ਦੇ ਬਾਵਜੂਦ ਇਲਾਕਾ ਵਾਸੀ ਕੈਂਟ ਬੋਰਡ ਤੇ ਲੋਕਲ ਮਿਲਟਰੀ ਅਥਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਮੌਕੇ ’ਤੇ ਪਹੁੰਚੇ ਐੱਸਡੀਐੱਮ ਸ਼ੁਭੀ ਅੰਗਾਰਾ ਤੇ ਬ੍ਰਿਗੇਡੀਅਰ ਕਪਿਲ ਸੂਦ ਨੇ ਲੋਕਾਂ ਤੋਂ ਦੋ ਦਿਨ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਫੌਜ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਰੋਸ ਪ੍ਰਦਰਸ਼ਨ ’ਚ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ, ਅਕਾਲੀ ਦਲ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ, ਭਾਜਪਾ ਵੱਲੋਂ ਸਰਬਜੀਤ ਸਿੰਘ ਮੱਕੜ, ਕੈਂਟ ਹਲਕੇ ਦੇ ਪ੍ਰਧਾਨ ਮਨੀਸ਼ ਜੈਨ ਸਮੇਤ ਹੋਰ ਆਗੂ ਮੌਜੂਦ ਸਨ। ਉਨ੍ਹਾਂ ਨੇ ਕੈਂਟ ਬੋਰਡ ਤੇ ਲੋਕਲ ਮਿਲਟਰੀ ਅਥਾਰਟੀ ਦੀ ਸਖ਼ਤ ਨਿੰਦਾ ਕੀਤੀ। ਪ੍ਰਦਰਸ਼ਨ ਦੌਰਾਨ ਸੁਮਿਤ ਧੀਰ, ਵਿਕਰਮ ਕੁਮਾਰ, ਸੰਜੀਵ, ਵਿੱਕੀ ਚੱਢਾ, ਗੁਰਵਿੰਦਰ ਲੰਬਾ, ਭਾਰਤ ਬਤਰਾ, ਸੌਰਵ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਲੋਕਲ ਮਿਲਟਰੀ ਅਥਾਰਟੀ ਕੈਂਟ ਐਕਟ ਦੀਆਂ ਧਾਰਾਵਾਂ 257 ਤੇ 258 ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਰਮੀ ਅਥਾਰਟੀ ਜਦੋਂ ਦਿਲ ਕਰਦਾ ਹੈ, ਉਦੋਂ ਹੀ ਕੈਂਟ ਦੀਆਂ ਸੜਕਾਂ ਤੇ ਕਈ ਬੈਰੀਅਰ ਆਵਾਜਾਈ ਲਈ ਬੰਦ ਕਰ ਦਿੰਦੀ ਹੈ, ਜਿਸ ਕਾਰਨ ਕੈਂਟ ਵਾਸੀਆਂ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਪੁਲਿਸ ਤੇ ਟ੍ਰੈਫਿਕ ਪੁਲਿਸ ਰਾਹੀਂ ਆਏ ਦਿਨ ਅਣਗਿਣਤ ਚਲਾਨ ਕੀਤੇ ਜਾ ਰਹੇ ਹਨ, ਜਿਸ ਨਾਲ ਕਾਰੋਬਾਰ ’ਤੇ ਵੀ ਗੰਭੀਰ ਅਸਰ ਪੈ ਰਿਹਾ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਣਗੇ। ਪ੍ਰਦਰਸ਼ਨ ਦੌਰਾਨ ਸਿਵਲ ਮੈਂਬਰ ਪੁਨੀਤ ਸ਼ੁਕਲਾ ਤੇ ਭਾਰਤ ਬਤਰਾ ਵਿਚਕਾਰ ਕਾਫ਼ੀ ਤਕਰਾਰ ਵੀ ਹੋਈ। ਇਸ ਤੋਂ ਇਲਾਵਾ ਪ੍ਰਦਰਸ਼ਨ ’ਚ ਤਾਲਮੇਲ ਦੀ ਕਮੀ ਕਾਰਨ ਪ੍ਰਦਰਸ਼ਨ ’ਚ ਸ਼ਾਮਲ ਹੋਣ ਆਏ ਕੁਝ ਆਗੂਆਂ ਦੇ ਖ਼ਿਲਾਫ਼ ਵੀ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰ ਦਿੱਤੀ। ਇਸ ਮੌਕੇ ਪੁਨੀਤ ਸ਼ੁਕਲਾ ਨੇ ਕਿਹਾ ਕਿ ਉਹ ਸਾਲ 2022 ਤੋਂ ਹੀ ਆਰਮੀ ਪ੍ਰਸ਼ਾਸਨ ਤੇ ਕੈਂਟ ਬੋਰਡ ਨਾਲ ਇਹ ਲੜਾਈ ਲੜ ਰਹੇ ਹਨ ਕਿ ਸਿਵਲ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਇਸ ਸਬੰਧੀ ਉਨ੍ਹਾਂ ਵੱਲੋਂ ਕਈ ਪੱਤਰ ਵੀ ਲਿਖੇ ਗਏ ਹਨ ਤੇ ਬੋਰਡ ਦੀਆਂ ਮੀਟਿੰਗਾਂ ’ਚ ਇਤਰਾਜ਼ ਵੀ ਦਰਜ ਕਰਵਾਏ ਗਏ ਹਨ। ਸ਼ੁਕਲਾ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਸਿਵਲ ਮੈਂਬਰ ਹਨ, ਪਰ ਕੈਂਟ ਦੀ ਜਨਤਾ ਅੱਜ ਵੀ ਗੁਲਾਮਾਂ ਵਾਲੀ ਜ਼ਿੰਦਗੀ ਜੀ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ 62 ਕੈਂਟੋਨਮੈਂਟਾਂ ਨੂੰ ਨੇੜਲੇ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ’ਚ ਸ਼ਾਮਲ ਕਰਨ ਲਈ ਯਤਨਸ਼ੀਲ ਹੈ, ਪਰ ਇਸ ’ਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ ’ਤੇ ਪਹੁੰਚੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨਗੇ ਤੇ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਕੈਂਟ ਦੇ ਕਈ ਲੋਕ ਕੈਂਟ ਬੋਰਡ ਤੇ ਆਰਮੀ ਦੇ ਅਧਿਕਾਰੀਆਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇਣ ਲਈ ਵੀ ਤਿਆਰ ਹੋ ਗਏ। ਮੌਕੇ ’ਤੇ ਪਹੁੰਚੇ ਏਸੀਪੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜਲਦ ਹੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ----------------------- ਦੋ ਦਿਨਾਂ ’ਚ ਫੈਸਲਾ ਨਾ ਹੋਇਆ ਤਾਂ ਹੋਵੇਗਾ ਵੱਡਾ ਪ੍ਰਦਰਸ਼ਨ ਇਸ ਮਾਮਲੇ ’ਚ ਕੈਂਟ ਦੀ ਆਵਾਜ਼ ਬੁਲੰਦ ਕਰ ਰਹੇ ਸੁਮਿਤ ਧੀਰ, ਵਿਕਰਮ ਕੁਮਾਰ, ਸੰਜੀਵ, ਭਾਰਤ ਬਤਰਾ, ਗੁਰਿੰਦਰ ਲੰਬਾ, ਸੌਰਭ ਚੋਪੜਾ ਤੇ ਵਿੱਕੀ ਚੱਢਾ ਨੇ ਕਿਹਾ ਕਿ ਜੇਕਰ ਲੋਕਲ ਮਿਲਟਰੀ ਅਥਾਰਟੀ ਨੇ ਦੋ-ਤਿੰਨ ਦਿਨਾਂ ਦੇ ਅੰਦਰ ਕੋਈ ਠੋਸ ਅਤੇ ਸਕਾਰਾਤਮਕ ਨਤੀਜਾ ਨਾ ਦਿੱਤਾ ਤਾਂ ਕੈਂਟ ਦੀ ਜਨਤਾ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।