ਯਾਦਗਾਰੀ ਕੰਪਲੈਕਸ ਦਾ ਜਿੰਦਰਾ ਤੋੜੇ ਜਾਣ ਖ਼ਿਲਾਫ਼ ਫੈਲਿਆ ਰੋਹ ਪਾਸ਼ -ਹੰਸਰਾਜ ਯਾਦਗਾਰੀ ਕੰਪਲੈਕਸ ਦਾ ਜਿੰਦਰਾ ਤੋੜੇ ਜਾਣ ਖ਼ਿਲਾਫ਼ ਫੈਲਿਆ ਭਾਰੀ ਰੋਹ
Publish Date: Tue, 04 Aug 2026 06:38 PM (IST)
Updated Date: Tue, 04 Aug 2026 06:40 PM (IST)
-ਘਟਨਾਕ੍ਰਮ ਪਿੱਛੇ ਆਮ ਆਦਮੀ ਪਾਰਟੀ ਦੇ ਥਾਪੜੇ ਦਾ ਦੋਸ਼ -ਸੰਘਰਸ਼ ਵਿੱਢਣ ਲਈ 9 ਨੂੰ ਦੇਸ਼ ਭਗਤ ਯਾਦਗਾਰ ਹਾਲ ਸੱਦੀ ਮੀਟਿੰਗ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਉਸਦੇ ਸਾਥੀ ਹੰਸਰਾਜ ਦੀ ਯਾਦ ’ਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ, ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ’ਚ ਉਸਾਰੇ ਗਏ ਯਾਦਗਾਰੀ ਕੰਪਲੈਕਸ ਦੇ ਮੁੱਖ ਦੁਆਰ ਦਾ ਤਾਲਾ ਤੋੜਨ ਦਾ ਜਨਤਕ ਜਮਹੂਰੀ ਜਥੇਬੰਦੀਆਂ ਨੇ ਸਖ਼ਤ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਦੀ ਸ਼ਹਿ ਪ੍ਰਾਪਤ ਪਿੰਡ ਦੇ ਸਰਪੰਚ ਪਰਦੀਪ ਸਿੰਘ ਤੇ ਉਹਦੇ ਹਮਾਇਤੀਆਂ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਥੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਨੁਮਾਇੰਦੇ ਜਗੀਰ ਸਿੰਘ ਜੋਸਨ, ਪਾਸ਼-ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਣ ਸਿੰਘ ਬੱਲ, ਪਾਸ਼ ਦੇ ਪਿੰਡ ਤਲਵੰਡੀ ਸਲੇਮ ਤੋਂ ਮਨਜਿੰਦਰ ਸਿੰਘ ਸਾਬਕਾ ਸਰਪੰਚ, ਰਮੇਸ਼ ਕੁਮਾਰ ਸਾਬਕਾ ਪੰਚ, ਸੁਰਿੰਦਰ ਸਿੰਘ, ਮਜ਼ਦੂਰ ਭਾਈਚਾਰੇ ਦੇ ਆਗੂ ਜੀਤਾ, ਮਜ਼ਦੂਰ ਕਿਸਾਨ ਤੇ ਵੱਖ ਤਬਕਿਆਂ ਦੀਆਂ ਸਾਹਿਤਕ, ਤਰਕਸ਼ੀਲ, ਜਮਹੂਰੀ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀ ਅਗਵਾਈ ਹੇਠ ਇਕ ਵਫ਼ਦ ਐੱਸਡੀਐੱਮ ਨਕੋਦਰ ਸਿਮਰਜੀਤ ਸਿੰਘ ਨੂੰ ਮਿਲਿਆ। ਲਿਖਤੀ ਦਰਖਾਸਤ ਦੇ ਕੇ ਯਾਦਗਾਰ ਦੀ ਬੇਹੁਰਮਤੀ ਕਰਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਰਪੰਚ ਅਤੇ ਉਸਦੇ ਹਮਾਇਤੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਕੱਠੇ ਹੋਏ ਲੋਕ-ਜੱਥੇਬੰਦੀਆਂ ਦੇ ਨੁਮਾਇੰਦਿਆਂ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਮਨੋਹਰ ਸਿੰਘ ਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸੁਖਵਿੰਦਰ ਬਾਗਪੁਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਗਿਆਨ ਸੈਦਪੁਰੀ, ਐਡਵੋਕੇਟ ਸੁਰਿੰਦਰ ਖੀਵਾ, ਪਾਸ਼ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਸੁੱਚਾ ਆਦਿ ਨੇ ਕਿਹਾ ਕਿ ਪੰਜਾਬ ਪੱਧਰੇ ਸੰਘਰਸ਼ ਦੀ ਵਿਉਂਤ ਵਾਸਤੇ 9 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਮੀਟਿੰਗ ਰੱਖੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਚਾਹਿਲ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਪਾਵੇਲ ਕੁੱਸਾ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ (ਡਾ.), ਗੁਰਸ਼ਰਨ ਸਿੰਘ ਦੀਆਂ ਧੀਆਂ ਡਾ. ਅਰੀਤ, ਡਾ. ਨਵਸ਼ਰਨ ਨੇ ਯਾਦਗਾਰ ਨਾਲ਼ ਛੇੜ ਛਾੜ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ।