ਤੇਜ਼ੀ ਨਾਲ ਵੱਧ ਰਿਹਾ ਹਸਪਤਾਲ ਦਾ ਡੰਪ, ਪਖਾਨੇ ਵੀ ਬਲਾਕ

ਕੂੜਾ ਸੁੱਟਣ ਲਈ ਬਣਾਇਆ ਗਿਆ ਡੰਪ ਪੂਰੀ ਤਰ੍ਹਾਂ ਭਰਿਆ
-ਗੰਦਗੀ ਬਦਬੂ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਸਮੱਸਿਆਵਾਂ ਦਾ ਸਾਹਮਣਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਰਾਜ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ’ਚ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਸਪਤਾਲ ’ਚ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਚਰਮਰਾ ਗਿਆ ਹੈ ਤੇ ਸਫਾਈ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਨਾਲ ਪੱਤਰਚਾਰ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਹਸਪਤਾਲ ’ਚ ਕੂੜਾ ਸੁੱਟਣ ਲਈ ਬਣਾਇਆ ਗਿਆ ਡੰਪ ਪੂਰੀ ਤਰ੍ਹਾਂ ਭਰ ਚੁੱਕਾ ਹੈ, ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਬਦਬੂ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਜੱਚਾ-ਬੱਚਾ ਵਾਰਡ ਦੇ ਸ਼ੌਚਾਲਿਆਂ ’ਚ ਫੈਲੀ ਗੰਦਗੀ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਗੰਭੀਰ ਮੁਸ਼ਕਲ ਬਣੀ ਹੋਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਸਟਾਫ ਦੀ ਘਾਟ ਪੂਰੀ ਕਰਨ ਲਈ ਬਾਰ-ਬਾਰ ਪੱਤਰ ਲਿਖੇ ਜਾ ਰਹੇ ਹਨ ਪਰ ਨਤੀਜਾ ‘ਢਾਕ ਦੇ ਤਿੰਨ ਪਾਤ’ ਵਾਲਾ ਹੀ ਹੈ। ਸਿਵਲ ਹਸਪਤਾਲ ਦੇ ਸ਼ਵਗ੍ਰਹਿ ਕੋਲ ਕੂੜਾ ਸੁੱਟਣ ਲਈ ਬਣਾਇਆ ਡੰਪ ਨਗਰ ਨਿਗਮ ਤੇ ਸਿਹਤ ਵਿਭਾਗ ’ਚ ਤਾਲਮੇਲ ਦੀ ਘਾਟ ਕਾਰਨ ਲਗਾਤਾਰ ਭਰਦਾ ਜਾ ਰਿਹਾ ਹੈ। ਕੂੜੇ ’ਚ ਖੂਨ ਨਾਲ ਲਥਪਥ ਪੱਟੀਆਂ ਤੇ ਰੂਈ ਵੀ ਸ਼ਾਮਲ ਹਨ, ਜਿਸ ਨਾਲ ਆਵਾਰਾ ਕੁੱਤਿਆਂ ਦੀ ਗਿਣਤੀ ਵੱਧ ਗਈ ਹੈ ਤੇ ਉੱਥੋਂ ਲੰਘਣ ਵਾਲਿਆਂ ਲਈ ਖਤਰਾ ਬਣ ਰਹੀ ਹੈ। ਬਦਬੂ ਕਾਰਨ ਲੋਕਾਂ ਨੂੰ ਮੂੰਹ ਢੱਕ ਕੇ ਲੰਘਣਾ ਪੈ ਰਿਹਾ ਹੈ। ਉੱਧਰ ਜੱਚਾ-ਬੱਚਾ ਵਾਰਡ ਦੇ ਪਖਾਨਿਆਂ ’ਚ ਹਾਲਤ ਬਹੁਤ ਖਰਾਬ ਹੈ।
ਦਰਵਾਜ਼ੇ ਟੁੱਟੇ ਹੋਏ ਹਨ, ਸੀਵਰੇਜ ਬਲਾਕ ਪਿਆ ਹੈ ਤੇ ਹੱਥ ਧੋਣ ਵਾਲੇ ਵਾਸ਼ਬੇਸਿਨ ’ਚ ਗੰਦਾ ਪਾਣੀ ਖ[]Be ਹੈ। ਲੈਬ ’ਚ ਟੈਸਟ ਕਰਵਾਉਣ ਆਏ ਕੁਲਵੰਤ ਸਿੰਘ ਨੇ ਦੱਸਿਆ ਕਿ ਕਾਰ ਪਾਰਕਿੰਗ ’ਚ ਖੜੀ ਕਰਨ ਤੋਂ ਬਾਅਦ ਲੈਬ ਤੱਕ ਪਹੁੰਚਣ ’ਚ ਗੰਦਗੀ ਕਾਰਨ ਕਾਫੀ ਦਿਕ਼ਕਤ ਆਈ। ਡੰਪ ’ਚ ਤਿੰਨ-ਚਾਰ ਕੁੱਤੇ ਵੜੇ ਹੋਏ ਸਨ ਤੇ ਬਦਬੂ ਤੋਂ ਬਚਣ ਲਈ ਉਨ੍ਹਾਂ ਨੂੰ ਰੁਮਾਲ ਨਾਲ ਮੂੰਹ ਢੱਕਣਾ ਪਿਆ। ਜੱਚਾ-ਬੱਚਾ ਵਾਰਡ ’ਚ ਦਾਖਲ ਮਰੀਜ਼ ਦੀ ਸਹੇਲੀ ਸੁਨੀਤਾ ਨੇ ਦੱਸਿਆ ਕਿ ਪਖਾਨਿਆਂ ਦੇ ਦਰਵਾਜ਼ੇ ਟੁੱਟੇ ਹੋਏ ਹਨ ਤੇ ਵਾਸ਼ਬੇਸਿਨ ਬਲਾਕ ਹੋਣ ਕਾਰਨ ਗੰਦਗੀ ਭਰੀ ਪਈ ਹੈ। ਮਰੀਜ਼ਾਂ ਦੇ ਫਿਸਲਣ ਦਾ ਵੀ ਖਤਰਾ ਹੈ। ਤਿੰਨ ਦਿਨਾਂ ਤੋਂ ਸਮੱਸਿਆ ਬਾਰੇ ਸਟਾਫ ਨੂੰ ਦੱਸਿਆ ਗਿਆ ਪਰ ਹੱਲ ਦੀ ਬਜਾਏ ਟਾਲਮਟੋਲ ਕੀਤੀ ਗਈ।
ਸਫ਼ਾਈ ਕਰਮਚਾਰੀਆਂ ਦੀ ਘਾਟ : ਡਾ. ਨਮਿਤਾ ਘਈ
ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਹਸਪਤਾਲ ’ਚ ਸਫਾਈ ਕਰਮਚਾਰੀਆਂ ਦੀ ਘਾਟ ਹੈ ਤੇ ਇਸ ਨੂੰ ਪੂਰਾ ਕਰਨ ਲਈ ਵਿਭਾਗ ਨੂੰ ਲਿਖਿਆ ਗਿਆ ਹੈ। ਹਸਪਤਾਲ ’ਚ ਨਵੀਂ ਸੀਵਰੇਜ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ ਤੇ ਪਾਈਪ ਪੈਣ ਤੋਂ ਬਾਅਦ ਸੀਵਰੇਜ ਜੋੜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 130 ਪਖਾਨਿਆਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ।