ਸੜਕ ਹਾਦਸੇ 'ਚ ਤਿੰਨ ਘਰਾਂ ਦੇ ਬੁਝੇ ਚਿਰਾਗ : ਗੁਰਾਇਆ 'ਚ ਟਰੱਕ ਹੇਠਾਂ ਫਸਣ ਨਾਲ ਬਾਈਕ ਸਵਾਰ 3 ਨੌਜਵਾਨਾਂ ਦੀ ਮੌਤ; ਮਚਿਆ ਚੀਕ-ਚਿਹਾੜਾ ਗੁਰਾਇਆ 'ਚ ਓਵਰਬ੍ਰਿਜ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਟਰੱਕ ਦੇ ਹੇਠਾਂ ਜਾ ਫਸੀ, ਜਦਕਿ ਤਿੰਨੋਂ ਨੌਜਵਾਨ ਸੜਕ ’ਤੇ ਗੰਭੀਰ ਜ਼ਖ਼ਮੀ ਹਾਲਤ 'ਚ ਪਏ ਮਿਲੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਐੱਸਐੱਫ (ਸੜਕ ਸੁਰੱਖਿਆ ਬਲ) ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਜਾਣਕਾਰੀ ਮੁਤਾਬਕ ਐੱਸਐੱਸਐੱਫ ਟੀਮ ਦੇ ਏਐੱਸਆਈ ਸਰਬਜੀਤ ਸਿੰਘ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਉਹ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ।
Publish Date: Sat, 05 Sep 2026 01:56 PM (IST)
Updated Date: Sat, 05 Sep 2026 02:24 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਗੁਰਾਇਆ 'ਚ ਓਵਰਬ੍ਰਿਜ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਟਰੱਕ ਦੇ ਹੇਠਾਂ ਜਾ ਫਸੀ, ਜਦਕਿ ਤਿੰਨੋਂ ਨੌਜਵਾਨ ਸੜਕ ’ਤੇ ਗੰਭੀਰ ਜ਼ਖ਼ਮੀ ਹਾਲਤ 'ਚ ਪਏ ਮਿਲੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਐੱਸਐੱਫ (ਸੜਕ ਸੁਰੱਖਿਆ ਬਲ) ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਜਾਣਕਾਰੀ ਮੁਤਾਬਕ ਐੱਸਐੱਸਐੱਫ ਟੀਮ ਦੇ ਏਐੱਸਆਈ ਸਰਬਜੀਤ ਸਿੰਘ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਉਹ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ।
ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਮੋਟਰਸਾਈਕਲ ਟਰੱਕ ਨੰਬਰ MH-43BP-7167 ਦੇ ਹੇਠਾਂ ਫਸੀ ਹੋਈ ਸੀ। ਇਸ ਦੇ ਨੇੜੇ ਤਿੰਨ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ 'ਚ ਪਏ ਸਨ। ਐੱਸਐੱਸਐੱਫ ਟੀਮ ਨੇ ਤੁਰੰਤ 108 ਐਂਬੂਲੈਂਸ ਨੂੰ ਮੌਕੇ ’ਤੇ ਬੁਲਾਇਆ। ਐਂਬੂਲੈਂਸ ਟੀਮ ਨੇ ਤਿੰਨੋਂ ਨੌਜਵਾਨਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਤੋਂ ਬਾਅਦ ਘਟਨਾ ਸਥਾਨ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮ੍ਰਿਤਕਾਂ 'ਚੋਂ ਇੱਕ ਦੀ ਪਛਾਣ ਉਸ ਦੇ ਡਰਾਈਵਿੰਗ ਲਾਇਸੈਂਸ ਦੇ ਆਧਾਰ ’ਤੇ ਲੁਧਿਆਣਾ ਵਾਸੀ ਸਾਹਿਲ ਵਜੋਂ ਹੋਈ, ਜਦਕਿ ਦੂਜੇ ਦੀ ਪਛਾਣ ਜਿਤੇਂਦਰ ਵਜੋਂ ਦੱਸੀ ਗਈ ਹੈ। ਤੀਜੇ ਨੌਜਵਾਨ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਹਾਦਸੇ ਦੀ ਸੂਚਨਾ ਥਾਣਾ ਗੁਰਾਇਆ ਪੁਲਿਸ ਨੂੰ ਦਿੱਤੀ ਗਈ। ਐੱਸਐੱਸਐੱਫ ਟੀਮ ਨੇ ਏਐੱਸਆਈ ਬਾਵਾ ਸਿੰਘ ਨੂੰ ਮੌਕੇ ’ਤੇ ਬੁਲਾਇਆ। ਪੁਲਿਸ ਅਧਿਕਾਰੀ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਨਿੱਜੀ ਵਾਹਨ ਦੀ ਮਦਦ ਨਾਲ ਉਨ੍ਹਾਂ ਨੂੰ ਫਿਲੌਰ ਸਿਵਲ ਹਸਪਤਾਲ ਭੇਜਣ ਦੀ ਵਿਵਸਥਾ ਕੀਤੀ।
ਇਸ ਦੌਰਾਨ ਐੱਸਐੱਸਐੱਫ ਟੀਮ ਨੇ ਡਿਊਟੀ ਅਫਸਰ ਦੀ ਮਦਦ ਨਾਲ ਟਰੱਕ ਹੇਠਾਂ ਫਸੀ ਮੋਟਰਸਾਈਕਲ ਨੂੰ ਬਾਹਰ ਕਢਵਾਇਆ ਅਤੇ ਉਸ ਨੂੰ ਥਾਣਾ ਗੁਰਾਇਆ ਭੇਜ ਦਿੱਤਾ। ਇਸ ਤੋਂ ਬਾਅਦ ਹਾਈਡਰਾ ਮਸ਼ੀਨ ਦੀ ਮਦਦ ਨਾਲ ਟਰੱਕ ਨੂੰ ਓਵਰਬ੍ਰਿਜ ਤੋਂ ਹਟਾ ਕੇ ਟੋ ਕਰਵਾਇਆ ਗਿਆ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਤੀਜੇ ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਸਾਢੇ 3 ਵਜੇ ਵਾਪਰਿਆ ਹਾਦਸਾ ਇਹ ਖ਼ੂਨੀ ਹਾਦਸਾ ਦੇਰ ਰਾਤ ਤਕਰੀਬਨ 3:30 ਵਜੇ ਵਾਪਰਿਆ। ਤਿੰਨੋਂ ਨੌਜਵਾਨ ਇੱਕੋ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਗੋਰਾਇਆ ਓਵਰਬ੍ਰਿਜ ਕੋਲ ਪੁੱਜੇ ਤਾਂ ਉਨ੍ਹਾਂ ਦੀ ਬਾਈਕ ਅੱਗੇ ਜਾ ਰਹੇ ਡਾਕ ਪਾਰਸਲ ਟਰੱਕ ਦੇ ਪਿੱਛੇ ਜਾ ਟਕਰਾਈ। ਮੁੱਢਲੀ ਤਫ਼ਤੀਸ਼ ਦੌਰਾਨ ਹਾਦਸੇ ਦੇ ਠੋਸ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ, ਪਰ ਹਾਈਵੇਅ ‘ਤੇ ਅਚਾਨਕ ਬ੍ਰੇਕ ਲੱਗਣ ਦੇ ਖ਼ਦਸ਼ੇ ਸਮੇਤ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਘੋਖ ਕੀਤੀ ਜਾ ਰਹੀ ਹੈ।
ਟਰੱਕ ਦੇ ਹੇਠਾਂ ਕਰੀਬ 10 ਫੁੱਟ ਤੱਕ ਅੰਦਰ ਜਾ ਵੜੀ ਬਾਈਕ ਟੱਕਰ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਮੋਟਰਸਾਈਕਲ ਟਰੱਕ ਦੇ ਪਿਛਲੇ ਐਕਸਲ ਵੱਲ ਕਾਫ਼ੀ ਅੰਦਰ ਤੱਕ ਜਾ ਫਸਿਆ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਬਾਈਕ ਘੜੀਸਦੀ ਹੋਈ ਕਰੀਬ 10 ਫੁੱਟ ਅੰਦਰ ਵੜ ਗਈ ਸੀ, ਜਿਸ ਨੂੰ ਬਾਹਰ ਕੱਢਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਬਾਅਦ ਵਿੱਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਨੁਕਸਾਨੇ ਗਏ ਮੋਟਰਸਾਈਕਲ ਅਤੇ ਟਰੱਕ ਨੂੰ ਵੱਖ ਕਰਕੇ ਹਟਾਇਆ ਗਿਆ।