ਜਲੰਧਰ-ਪਠਾਨਕੋਟ ਹਾਈਵੇਅ 'ਤੇ ਭਿਆਨਕ ਹਾਦਸਾ, ਕੈਂਟਰ ਤੇ ਟਰੈਕਟਰ ਦੀ ਟੱਕਰ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਅੱਡਾ ਬਿਆਸ ਪਿੰਡ ਨੇੜੇ ਬਿਸਤ ਦੁਆਬ ਨਹਿਰ ਦੇ ਪੁਲ ’ਤੇ ਕੈਂਟਰ ਟਰੱਕ ਅਤੇ ਟਰੈਕਟਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਦਾ ਟਾਇਰ ਪੈਂਚਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਟਰੱਕ ਦੇ ਕੈਬਿਨ ਵਿੱਚ ਫਸ ਗਿਆ ਸੀ।
Publish Date: Fri, 30 Oct 2026 01:40 PM (IST)
Updated Date: Fri, 30 Oct 2026 01:41 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਅੱਡਾ ਬਿਆਸ ਪਿੰਡ ਨੇੜੇ ਬਿਸਤ ਦੁਆਬ ਨਹਿਰ ਦੇ ਪੁਲ ’ਤੇ ਕੈਂਟਰ ਟਰੱਕ ਅਤੇ ਟਰੈਕਟਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਦਾ ਟਾਇਰ ਪੈਂਚਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਟਰੱਕ ਦੇ ਕੈਬਿਨ ਵਿੱਚ ਫਸ ਗਿਆ ਸੀ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 6:30 ਵਜੇ ਕਿਸੇ ਰਾਹਗੀਰ ਨੇ ਬਿਆਸ ਪਿੰਡ ਨਹਿਰ ਦੀ ਪੁਲੀ ’ਤੇ ਹਾਦਸਾ ਵਾਪਰਨ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ।
ਟੀਮ ਨੇ ਦੇਖਿਆ ਕਿ ਟਾਟਾ ਟਰੱਕ ਨੰਬਰ DL 1 MB 0297, ਜਿਸ ਨੂੰ ਡਰਾਈਵਰ ਰਾਜਕੁਮਾਰ ਪੁੱਤਰ ਰਾਮ ਨਰਾਇਣ ਵਾਸੀ ਜਹਾਂਗੀਰਪੁਰੀ, ਦਿੱਲੀ ਚਲਾ ਰਿਹਾ ਸੀ, ਪਠਾਨਕੋਟ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਟਰੱਕ ਬਿਆਸ ਪਿੰਡ ਨਹਿਰ ਦੇ ਪੁਲ ’ਤੇ ਪਹੁੰਚਿਆ ਤਾਂ ਉਸ ਦਾ ਟਾਇਰ ਪੈਂਚਰ ਹੋ ਗਿਆ। ਇਸ ਕਾਰਨ ਟਰੱਕ ਅੱਗੇ ਜਾ ਰਹੇ ਟਰੈਕਟਰ ਨਾਲ ਜ਼ੋਰਦਾਰ ਢੰਗ ਨਾਲ ਟਕਰਾ ਗਿਆ। ਟਰੈਕਟਰ ਨੂੰ ਵਿਜੇ ਪੁੱਤਰ ਲਖਨਾ ਵਾਸੀ ਸਿਮਦੇਗਾ, ਝਾਰਖੰਡ ਚਲਾ ਰਿਹਾ ਸੀ।
ਟੱਕਰ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਟਰੱਕ ਦੇ ਕੈਬਿਨ ਵਿੱਚ ਫਸ ਗਿਆ ਸੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ 108 ਐਂਬੂਲੈਂਸ ਰਾਹੀਂ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖ਼ਲ ਕਰਵਾਇਆ ਗਿਆ।
ਐੱਸਐੱਸਐੱਫ ਨੇ ਮੌਕੇ ’ਤੇ ਪਹੁੰਚ ਕੇ ਸੰਭਾਲਿਆ ਟ੍ਰੈਫਿਕ ਹਾਦਸੇ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਮਦਦ ਨਾਲ ਹਾਈਡਰਾ ਮਸ਼ੀਨ ਮੰਗਵਾਈ। ਇਸ ਦੀ ਮਦਦ ਨਾਲ ਦੋਵਾਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ ਗਿਆ ਅਤੇ ਰਸਤਾ ਸਾਫ਼ ਕਰਕੇ ਆਵਾਜਾਈ ਸੁਚਾਰੂ ਢੰਗ ਨਾਲ ਚਾਲੂ ਕਰਵਾਈ ਗਈ।
ਐੱਸਐੱਸਐੱਫ ਦੀ ਟੀਮ ਨੇ ਇਸ ਹਾਦਸੇ ਸਬੰਧੀ ਸੂਚਨਾ ਪੁਲਿਸ ਚੌਕੀ ਅਲਾਵਲਪੁਰ ਦੇ ਐੱਸਆਈ ਸਿਮਰਨਜੀਤ ਸਿੰਘ ਨੂੰ ਦਿੱਤੀ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ 112 ਦੀ ਟੀਮ ਦੇ ਐੱਸਆਈ ਯੋਗਰਾਜ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।