- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਟੇਨਰ ਤੇ ਕੈਂਟਰ ’ਚ ਤੜਕੇ ਹੋਈ ਭਿਆਨਕ ਟੱਕਰ, ਦੋਨੋਂ ਡਰਾਈਵਰ ਗੰਭੀਰ ਜ਼ਖਮੀ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਰਾਉਵਾਲੀ ਵਿਖੇ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਇਕ ਕੰਟੇਨਰ ਤੇ ਟੈਂਕਰ ’ਚ ਭਿਆਨਕ ਟੱਕਰ ਹੋਣ ਕਾਰਨ ਦੋਨੋਂ ਵਾਹਨਾਂ ਦੇ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਐੱਮਡੀਟੀ ਡਿਵਾਈਸ ਤੋਂ ਉਨਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਅੱਡਾ ਰਾਓਵਾਲੀ ਵਿਖੇ ਕੰਟੇਨਰ ਤੇ ਟੈਂਕਰ ’ਚ ਭਿਆਨਕ ਟੱਕਰ ਹੋਈ ਹੈ। ਸੂਚਨਾ ਉਪਰੰਤ ਐੱਸਐੱਸਐੱਫ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਟੈਂਕਰ ਨੰਬਰ ਪੀਬੀ-46-ਏਐੱਨ--4545 ਜਿਸ ਨੂੰ ਬਚਿੱਤਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਬਾਸੀ ਪਿੰਡ ਬਾਰਵਾਂ ਡੇਰਾ ਰਾਂਝਾ ਫਾਰਮ ਕੁਰੂਕਸ਼ੇਤਰ ਹਰਿਆਣਾ ਚਲਾ ਰਿਹਾ ਸੀ। ਜੋ ਕਿ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਿਹਾ ਸੀ ਜੋ ਕਿ ਡਿਵਾਈਡਰ ਕ੍ਰੋਸ ਕਰਕੇ ਜਲੰਧਰ ਤੋਂ ਪਠਾਨਕੋਟ ਜਾ ਰਹੇ ਕੰਟੇਨਰ ਨੰਬਰ ਐੱਚਆਰ-65-ਏ-1007 ਜਿਸ ਨੂੰ ਰਾਕੇਸ਼ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਚਲਾਇਨੀ ਊਧਮਪੁਰ ਜੰਮੂ ਚਲਾ ਰਿਹਾ ਸੀ ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਦੌਰਾਨ ਕੰਟੇਨਰ ਡਰਾਈਵਰ ਬੁਰੀ ਤਰ੍ਹਾਂ ਨਾਲ ਕੈਬੀਨ ’ਚ ਫਸਿਆ ਰਿਹਾ। ਕੈਬਿਨ ’ਚ ਫਸੇ ਹੋਏ ਕੰਟੇਨਰ ਡਰਾਈਵਰ ਨੂੰ ਐੱਸਐੱਸਐੱਫ ਟੀਮ ਵੱਲੋਂ ਪਬਲਿਕ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਜ਼ਖਮੀ ਹਾਲਤ ’ਚ ਬਾਹਰ ਕੱਢਿਆ ਗਿਆ। ਇਸ ਉਪਰੰਤ ਐੱਸਐੱਸਐੱਫ ਟੀਮ ਵੱਲੋਂ 108 ਐਂਬੂਲੈਂਸ ਦੀ ਮਦਦ ਰਾਹੀਂ ਦੋਵਾਂ ਗੰਭੀਰ ਜ਼ਖਮੀ ਡਰਾਈਵਰਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸਐੱਸਐੱਫ ਟੀਮ ਵੱਲੋਂ ਹਾਈਵੇ ਵਾਲਿਆਂ ਦੀ ਮਦਦ ਨਾਲ ਹਾਈਡਰਾ ਤੇ ਜੇਸੀਬੀ ਮਸ਼ੀਨ ਮੰਗਵਾ ਕੇ ਦੋਵੇਂ ਹਾਦਸਾ ਗ੍ਰਸਤ ਵਾਹਨਾਂ ਨੂੰ ਰੋਡ ਤੋਂ ਸਾਈਡ ’ਤੇ ਕਰਵਾਇਆ ਗਿਆ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ। ਐੱਸਐੱਸਐੱਫ ਟੀਮ ਵੱਲੋਂ ਇਸ ਸਾਰੇ ਹਾਦਸੇ ਸਬੰਧੀ ਸੂਚਨਾ ਸਬੰਧਤ ਪੁਲਿਸ ਥਾਣਾ ਮਕਸੂਦਾਂ ਦੇ ਨਾਈਟ ਮੁਨਸ਼ੀ ਕਾਸਟੇਬਲ ਸ਼ਮਸ਼ੇਰ ਸਿੰਘ ਨੂੰ ਦਿੱਤੀ ਗਈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।