ਗੁਰਾਇਆ ਹਾਈਵੇਅ ’ਤੇ ਭਿਆਨਕ ਹਾਦਸਾ : ਖੜ੍ਹੇ ਕੈਂਟਰ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਨੌਜਵਾਨਾਂ ਦੀ ਮੌਤ; ਕਈ ਜ਼ਖ਼ਮੀ
ਗੁਰਾਇਆ ਵਿੱਚ ਨੈਸ਼ਨਲ ਹਾਈਵੇਅ ’ਤੇ ਸ਼ਿਵ ਮੰਦਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਆਟੋ ਦੇ ਖੜ੍ਹੇ ਕੈਂਟਰ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
Publish Date: Thu, 29 Oct 2026 01:30 PM (IST)
Updated Date: Thu, 29 Oct 2026 01:36 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ,ਗੁਰਾਇਆ : ਗੁਰਾਇਆ ਵਿੱਚ ਨੈਸ਼ਨਲ ਹਾਈਵੇਅ ’ਤੇ ਸ਼ਿਵ ਮੰਦਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਆਟੋ ਦੇ ਖੜ੍ਹੇ ਕੈਂਟਰ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਆਟੋ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਸੀ। ਆਟੋ ਵਿੱਚ ਡਰਾਈਵਰ ਸਮੇਤ ਕੁੱਲ 11 ਸਵਾਰੀਆਂ ਸਵਾਰ ਸਨ। ਜਦੋਂ ਆਟੋ ਗੁਰਾਇਆ ਹਾਈਵੇਅ ’ਤੇ ਸ਼ਿਵ ਮੰਦਰ ਦੇ ਨਜ਼ਦੀਕ ਪਹੁੰਚਿਆ ਤਾਂ ਉਹ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਟੀਮ ਮੌਕੇ ’ਤੇ ਪਹੁੰਚੀ। ਐੱਸਐੱਸਐੱਫ ਦੇ ਇੰਚਾਰਜ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਤੁਰੰਤ ਐਂਬੂਲੈਂਸ ਦਾ ਪ੍ਰਬੰਧ ਕਰਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ। ਉੱਧਰ, ਗੁਰਾਇਆ ਥਾਣੇ ਦੇ ਐੱਸਐੱਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।