- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਕੀ ਪੰਜਾਬ ਨੇ ਕੀਤਾ ਉਲੰਪੀਅਨ ਮਨਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ

ਭਾਰਤੀ ਹਾਕੀ ਦੇ ਇਤਿਹਾਸ ’ਚ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਖਿਡਾਰੀ ਬਣੇ ਮਨਪ੍ਰੀਤ ਸਿੰਘ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਭਾਰਤੀ ਹਾਕੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ 413 ਅੰਤਰਰਾਸ਼ਟਰੀ ਹਾਕੀ ਮੈਚ ਖੇਡਣ ਵਾਲੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਮਨਪ੍ਰੀਤ ਸਿੰਘ ਦਾ ਹਾਕੀ ਪੰਜਾਬ ਵਲੋਂ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਮਿੱਠਾਪੁਰ ਦੇ ਸ਼ਹੀਦ ਦਰਸ਼ਨ ਸਿੰਘ ਕੇ ਪੀ ਹਾਕੀ ਸਟੇਡੀਅਮ ਵਿੱਚ ਹਾਕੀ ਪੰਜਾਬ ਅਤੇ ਯੂਥ ਸਪੋਰਟਸ ਕਲੱਬ ਮਿੱਠਾਪੁਰ ਵਲੋਂ ਕਰਵਾਏ ਗਏ ਸਮਾਗਮ ਵਿੱਚ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਖਜ਼ਾਨਚੀ ਉਲੰਪੀਅਨ ਸੰਜੀਵ ਕੁਮਾਰ, ਹਾਕੀ ਪੰਜਾਬ ਦੇ ਵਿਸ਼ੇਸ਼ ਸਲਾਹਕਾਰ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਵੱਲੋਂ ਇਹ ਸਨਮਾਨ ਉਲੰਪੀਅਨ ਮਨਪ੍ਰੀਤ ਸਿੰਘ, ਉਨ੍ਹਾਂ ਦੀ ਮਾਤਾ ਮਨਜੀਤ ਕੌਰ, ਧਰਮ ਪਤਨੀ ਇਲੀ ਪੁਆਰ ਅਤੇ ਉਨ੍ਹਾਂ ਦੀਆਂ ਦੋਵੇਂ ਧੀਆਂ ਨੂੰ ਦਿੱਤਾ ਗਿਆ। ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਕਿਹਾ ਕਿ ਉਲੰਪੀਅਨ ਮਨਪ੍ਰੀਤ ਸਿੰਘ ਨੇ ਜਿਥੇ ਆਪਣੇ ਪਰਿਵਾਰ, ਆਪਣੇ ਸੂਬੇ ਪੰਜਾਬ ਤੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਚਮਕਾਇਆ ਹੈ ਉਥੇ ਨਾਲ ਹੀ ਉਸ ਵੱਲੋਂ ਪੰਜਾਬ ਦੇ ਨਵੇਂ ਉਭਰਦੇ ਖਿਡਾਰੀਆਂ ਨੂੰ ਵੀ ਇਕ ਨਵੀਂ ਸੇਧ ਦਿੱਤੀ ਹੈ। ਮਨਪ੍ਰੀਤ ਸਿੰਘ ਨੇ ਇਹ ਸਾਬਤ ਕੀਤਾ ਹੈ ਕਿ ਜੇਕਰ ਇਰਾਦੇ ਬੁਲੰਦ ਹੋਣ ਤਾਂ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਉਲੰਪੀਅਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਹੱਤਵਪੂਰਨ ਪ੍ਰਾਪਤੀ ਵਿੱਚ ਜਿਥੇ ਉਸ ਦੇ ਪਰਿਵਾਰ ਦਾ ਯੋਗਦਾਨ ਹੈ, ਉਸ ਦੇ ਨਾਲ-ਨਾਲ ਹਾਕੀ ਪੰਜਾਬ, ਹਾਕੀ ਇੰਡੀਆ ਤੇ ਪ੍ਰਸ਼ੰਸਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਉਲੰਪੀਅਨ ਮਨਦੀਪ ਸਿੰਘ, ਤੇਜਾ ਸਿੰਘ, ਯੂਥ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਰਵਿੰਦਰ ਸਿੰਘ, ਜ਼ੋਰਾਵਰ ਜੌਨੀ ਖਜ਼ਾਨਚੀ, ਨਵਜੋਸ਼ ਸਿੰਘ, ਕੁਲਦੀਪ ਸਿੰਘ, ਹਰਬੰਸ ਸਿੰਘ, ਰਣਬੀਰ ਸਿੰਘ ਆਰਸੀਐੱਫ, ਰਘਬੀਰ ਸਿੰਘ, ਬਲਵਿੰਦਰ ਵਿੱਕੀ, ਸਰਬਜੀਤ ਸਾਬੀ, ਬਲਦੇਵ ਸਿੰਘ ਪੁਆਰ, ਸੁਰਿੰਦਰ ਪਾਲ ਸਿੰਘ ਲਾਲੀ, ਬ੍ਰਿਗੇਡੀਅਰ ਐੱਚਐੱਸ ਸੰਧੂ, ਗੁਨਦੀਪ ਸਿੰਘ ਕਪੂਰ, ਜੀਐੱਸ ਸੰਘਾ ਅੰਤਰਰਾਸ਼ਟਰੀ ਅੰਪਾਇਰ, ਭੁਪਿੰਦਰ ਸਿੰਘ ਅੰਤਰਰਾਸ਼ਟਰੀ ਅੰਪਾਇਰ, ਡੀਐੱਸਪੀ ਅਜੇ ਸਿੰਘ ਤੇ ਸਰਪਾਲ ਸਿੰਘ ਰੋਡਾ ਹਾਜ਼ਰ ਸਨ।