- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਦੇ ਹਾਕੀ ਪ੍ਰੇਮੀਆਂ ਨੇ ਰਚਿਆ ਇਤਿਹਾਸ, 10 ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਕੀਤੀ ਸ਼ਮੂਲੀਅਤ : ਨਿਤਿਨ ਕੋਹਲੀ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਖੇਡੇ ਗਏ ਮੈਚਾਂ ਨੂੰ ਦਰਸ਼ਕਾਂ ਵੱਲੋਂ ਮਿਲੇ ਬੇਮਿਸਾਲ ਪਿਆਰ ਤੇ ਉਤਸ਼ਾਹ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਟੇਡੀਅਮ ’ਚ 10 ਹਜ਼ਾਰ ਤੋਂ ਵੱਧ ਦਰਸ਼ਕਾਂ ਦਾ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਹਾਕੀ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੀ ਹੈ ਤੇ ਜਲੰਧਰ ਦੀ ਧਰਤੀ ਹਾਕੀ ਪ੍ਰਤੀ ਆਪਣੇ ਪਿਆਰ ਅਤੇ ਜਨੂੰਨ ਲਈ ਦੁਨੀਆ ਭਰ ’ਚ ਵਿਸ਼ੇਸ਼ ਪਛਾਣ ਰੱਖਦੀ ਹੈ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਅਤੇ ਸੀ.ਈ.ਓ. ਕੁਲਬੀਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਲੰਧਰ ਦੇ ਹਾਕੀ ਪ੍ਰੇਮੀਆਂ ਨੇ ਜਿਸ ਉਤਸ਼ਾਹ, ਪਿਆਰ ਤੇ ਜਜ਼ਬੇ ਨਾਲ ਸਟੇਡੀਅਮ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ, ਉਸ ਨੇ ਹਾਕੀ ਪੰਜਾਬ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੇ ਇਤਿਹਾਸ ’ਚ ਇਕ ਬਹੁਤ ਹੀ ਯਾਦਗਾਰੀ ਮੌਕਾ ਹੈ, ਜਦੋਂ 10 ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਸਟੇਡੀਅਮ ’ਚ ਕੌਮਾਂਤਰੀ ਪੱਧਰ ਦੇ ਹਾਕੀ ਮੁਕਾਬਲਿਆਂ ਦਾ ਆਨੰਦ ਮਾਣਿਆ। ਇਸ ਤੋਂ ਵੀ ਵੱਧ ਹੈਰਾਨੀ ਤੇ ਖੁਸ਼ੀ ਦੀ ਗੱਲ ਇਹ ਰਹੀ ਕਿ ਜਿੰਨੀ ਵੱਡੀ ਗਿਣਤੀ ’ਚ ਦਰਸ਼ਕ ਸਟੇਡੀਅਮ ਦੇ ਅੰਦਰ ਮੈਚ ਦੇਖ ਰਹੇ ਸਨ, ਲਗਭਗ ਓਨੀ ਹੀ ਵੱਡੀ ਗਿਣਤੀ ’ਚ ਹਾਕੀ ਪ੍ਰੇਮੀ ਬਾਹਰ ਖੜ੍ਹੇ ਰਹਿ ਗਏ।
ਉਨ੍ਹਾਂ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਜਿਨ੍ਹਾਂ ਦਰਸ਼ਕਾਂ ਨੂੰ ਟਿਕਟਾਂ ਜਾਂ ਪ੍ਰਬੰਧਾਂ ਦੇ ਬਾਵਜੂਦ ਸਟੇਡੀਅਮ ਵਿੱਚ ਦਾਖ਼ਲਾ ਨਹੀਂ ਮਿਲ ਸਕਿਆ, ਉਨ੍ਹਾਂ ਦਾ ਦਰਦ ਹਾਕੀ ਪੰਜਾਬ ਚੰਗੀ ਤਰ੍ਹਾਂ ਸਮਝਦਾ ਹੈ। ਹਾਕੀ ਪੰਜਾਬ ਉਨ੍ਹਾਂ ਸਾਰੇ ਦਰਸ਼ਕਾਂ ਤੋਂ ਦਿਲੋਂ ਮੁਆਫ਼ੀ ਮੰਗਦਾ ਹੈ, ਜਿਨ੍ਹਾਂ ਨੂੰ ਸਟੇਡੀਅਮ ਦੇ ਅੰਦਰ ਜਾਂ ਬਾਹਰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਹਾਕੀ ਪੰਜਾਬ ਦੇ ਅਹੁਦੇਦਾਰਾਂ ਨੇ ਏਸ਼ੀਅਨ ਹਾਕੀ ਫੈਡਰੇਸ਼ਨ, ਹਾਕੀ ਇੰਡੀਆ, ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਅੰਤ ’ਚ ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸਿਰਫ਼ ਹਾਕੀ ਦੇ ਮੈਚਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਜਲੰਧਰ ਦੇ ਲੋਕਾਂ ਦੇ ਹਾਕੀ ਪ੍ਰਤੀ ਪਿਆਰ, ਪੰਜਾਬ ਦੀ ਖੇਡ ਵਿਰਾਸਤ ਅਤੇ ਹਾਕੀ ਦੇ ਸੁਨਹਿਰੀ ਭਵਿੱਖ ਦੀ ਇੱਕ ਨਵੀਂ ਉਮੀਦ ਬਣ ਕੇ ਸਾਹਮਣੇ ਆਇਆ ਹੈ। ਹਾਕੀ ਪੰਜਾਬ ਆਪਣੇ ਸਮੂਹ ਹਾਕੀ ਪ੍ਰੇਮੀਆਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਹਾਕੀ ਨੂੰ ਪੰਜਾਬ ਦੀ ਧਰਤੀ ’ਤੇ ਹੋਰ ਬੁਲੰਦੀਆਂ ਤੱਕ ਲਿਜਾਣ ਲਈ ਲਗਾਤਾਰ ਯਤਨ ਜਾਰੀ ਰਹਿਣਗੇ।