- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ

ਹਾਕੀ ਇੰਡੀਆ ਦੇ ਉਪ ਪ੍ਰਧਾਨ ਨੇ ਪ੍ਰਸ਼ਾਸਕੀ ਸਕੱਤਰ ਖੇਡਾਂ ਸਮੇਤ ਸਟੇਡੀਅਮ ਵਿਖੇ ਪ੍ਰਬੰਧਾਂ ਦਾ ਕੀਤਾ ਨਿਰੀਖਣ
ਸ਼ਹਿਰ ’ਚ ਪਹਿਲੇ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਨੂੰ ਦੇਖਣ ਲਈ ਦਰਸ਼ਕਾਂ ਵਾਸਤੇ ਮੁਫ਼ਤ ਐਂਟਰੀ ਦਾ ਐਲਾਨ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਸ਼ਹਿਰ ਵੱਕਾਰੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੇ ਚਲਦਿਆਂ ਉੱਚ ਅਧਿਕਾਰੀਆਂ ਵੱਲੋਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਟੇਡੀਅਮ ਦਾ ਦੌਰਾ ਕੀਤਾ ਜਾ ਰਿਹਾ ਹੈ। ਹਾਕੀ ਇੰਡੀਆ ਦੇ ਉਪ-ਪ੍ਰਧਾਨ ਅਤੇ ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਵਰੁਣ ਰੂਜਮ ਤੇ ਹੋਰ ਉੱਚ ਅਧਿਕਾਰੀਆਂ ਸਮੇਤ ਸਟੇਡੀਅਮ ਵਿਖੇ ਪ੍ਰਬੰਧਾਂ ਤੇ ਸਹੂਲਤਾਂ ਦਾ ਜਾਇਜ਼ਾ ਲਿਆ ਤਾਂ ਜੋ ਇਸ ਸ਼ਾਨਦਾਰ ਅੰਤਰਰਾਸ਼ਟਰੀ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਟੂਰਨਾਮੈਂਟ ਦੀ ਇਤਿਹਾਸਕ ਅਹਿਮੀਅਤ ’ਤੇ ਚਾਨਣਾ ਪਾਉਂਦਿਆਂ ਕੋਹਲੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਖਾਸ ਤੌਰ 'ਤੇ ਜਲੰਧਰ ਵਿੱਚ ਇੰਨੇ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਚੋਟੀ ਦੀਆਂ 6 ਟੀਮਾਂ, ਜਿਨ੍ਹਾਂ ਵਿੱਚ ਭਾਰਤ, ਚੀਨ, ਜਾਪਾਨ, ਕੋਰੀਆ, ਬੰਗਲਾਦੇਸ਼ ਅਤੇ ਮਲੇਸ਼ੀਆ ਸ਼ਾਮਿਲ ਹਨ, ਖਿਤਾਬ ਲਈ ਮੁਕਾਬਲਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਮੈਚ ਜਲੰਧਰ ਅਤੇ ਮੋਹਾਲੀ ਵਿੱਚ ਕਰਵਾਏ ਜਾਣਗੇ। 27 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਖੇਡ ਸਮਾਗਮ ਦਾ ਉਦਘਾਟਨ ਕੀਤਾ ਜਾਵੇਗਾ, ਜਦਕਿ ਗਰੈਂਡ ਫਿਨਾਲੇ 5 ਨਵੰਬਰ ਨੂੰ ਮੋਹਾਲੀ ਵਿਖੇ ਹੋਵੇਗਾ।
---
ਦਰਸ਼ਕਾਂ ਲਈ ਮੁਫ਼ਤ ਦਾਖਲਾ
ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਤੇ ਨਵੀਂ ਪੀੜ੍ਹੀ ਵਿੱਚ ਖੇਡਾਂ ਪ੍ਰਤੀ ਲਗਾਅ ਪੈਦਾ ਕਰਨ ਦੇ ਉਦੇਸ਼ ਨਾਲ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਮੈਚਾਂ ਵਿੱਚ ਐਂਟਰੀ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਦਰਸ਼ਕ ਆਨਲਾਈਨ ਡਿਜੀਟਲ ਪਾਸ ਪ੍ਰਾਪਤ ਕਰ ਸਕਦੇ ਹਨ ਜਾਂ ਸਟੇਡੀਅਮ ਦੇ ਗੇਟਾਂ 'ਤੇ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੋਹਲੀ ਅਤੇ ਰੂਜਮ ਨੇ ਕਿਹਾ ਕਿ ਬੱਚਿਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਮੁਕਾਬਲੇ ਦਿਖਾਉਣ ਨਾਲ ਖੇਡਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਪੈਦਾ ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਬਿਹਤਰ ਫੈਸਲੇ ਲੈਣ ਵਾਲੇ, ਖਿਡਾਰੀ ਅਤੇ ਭਵਿੱਖ ਦੇ ਨਾਗਰਿਕ ਬਣਨ ਵਿੱਚ ਮਦਦ ਮਿਲੇਗੀ। ਇਸ ਮੌਕੇ ਡਾਇਰੈਕਟਰ ਖੇਡਾਂ ਅਭਿਜੀਤ ਕਪਲਿਸ਼ ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ, ਜ਼ਿਲਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾ, ਨਗਰ ਨਿਗਮ ਦੇ ਕਮਿਸ਼ਨਰ ਵੀ ਮੌਜੂਦ ਸਨ।
---
ਖਿਡਾਰੀਆਂ ਨੂੰ ਹੋਟਲਾਂ ਤੇ ਸਟੇਡੀਅਮ ਤੱਕ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ
'ਚੈਂਪੀਅਨਜ਼ ਟਰਾਫੀ' ਵਿੱਚ ਹਿੱਸ ਲੈਣ ਵਾਲੀਆਂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੂੰ ਹਵਾਈ ਅੱਡੇ ਤੋਂ ਜਲੰਧਰ ’ਚ ਉਨ੍ਹਾਂ ਦੇ ਹੋਟਲਾਂ ਅਤੇ ਸਟੇਡੀਅਮ ਤੱਕ ਲਿਜਾਣ ਲਈ ਸਪੈਸ਼ਲ ਬੱਸਾਂ ਸਖਤ ਪੁਲਿਸ ਪਹਿਰੇ ਹੇਠ ਚੱਲਣਗੀਆਂ, ਜਿਨ੍ਹਾਂ ਹੋਟਲਾਂ ਵਿੱਚ ਟੀਮਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
---
ਇਸ ਕਾਰਨ ਨਹੀਂ ਆਈ ਪਾਕਿਸਤਾਨ ਟੀਮ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਤੇ ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਪਾਕਿਸਤਾਨ ਦੀ ਟੀਮ ਨਾ ਆਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਕ੍ਰਿਕਟ ਟਰਾਫੀ ਨੂੰ ਲੈਣ ਲਈ ਕੁਝ ਵਿਵਾਦ ਹੋਣ ਕਾਰਨ ਉਨ੍ਹਾਂ ਦੀ ਅੰਬੈਂਸੀ ਨੇ ਟਰਾਫੀ ਲੈਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਬੰਗਲਾਦੇਸ਼ ਦੀ ਟੀਮ ਨਾਲ ਇੰਡੀਆ ਟੀਮ ਦੇ ਮੈਚ ਦਾ ਵੀ ਖੇਡ ਪ੍ਰੇਮੀ ਓਨਾ ਦੀ ਅਨੰਦ ਮਾਣਨਗੇ।