ਕੁਮਾਰੀ ਰਿਧਮ 'ਮਿਸ ਤੀਆਂ’ ਦੇ ਐਵਾਰਡ ਨਾਲ ਸਨਮਾਨਿਤ ਐੱਚਐੱਮਵੀ ਦੀ ਕੁਮਾਰੀ ਰਿਧਮ 'ਮਿਸ ਤੀਆਂ’ ਦੇ ਐਵਾਰਡ ਨਾਲ ਸਨਮਾਨਿਤ
Publish Date: Wed, 12 Aug 2026 08:06 PM (IST)
Updated Date: Wed, 12 Aug 2026 08:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਕਾਲਜ ਦੀ ਵਿਰਾਸਤੀ ਸੁਸਾਇਟੀ ਦੇ ਸਹਿਯੋਗ ਨਾਲ ਸਭਿਆਚਾਰਕ ਮਾਨਸੂਨ ਤਿਉਹਾਰ ਤੀਆਂ ਧੀਆਂ ਨਾਲ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਹ ਸਮਾਗਮ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਪ੍ਰੇਰਨਾ ਤੇ ਯੋਗ ਅਗਵਾਈ ਹੇਠ ਕਰਵਾਇਆ ਗਿਆ। ਐੱਚਐੱਮਵੀ ਪਰਿਵਾਰ ਦੀ ਮੈਂਬਰ ਅਰੁਣਿਮਾ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਸ਼ਮੀ ਘਈ ਦਾ ਵਿਸ਼ੇਸ਼ ਮਹਿਮਾਨ ਵਜੋਂ ਸਵਾਗਤ ਕੀਤਾ ਗਿਆ। ਰਸ਼ਮੀ ਘਈ ਨੇ ਤੀਆਂ ਧੀਆਂ ਨਾਲ ਦੀ ਭਾਵਨਾ ਨੂੰ ਸਮਰਪਿਤ ਸੁਰੀਲਾ ਗੀਤ ਪੇਸ਼ ਕੀਤਾ। ਇਸ ਸਮਾਗਮ ’ਚ ਰਵਾਇਤੀ ਤੇ ਸਭਿਆਚਾਰਕ ਲੋਕ ਗੀਤਾਂ, ਸੰਗੀਤ, ਗਿੱਧੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਰਾਹੀਂ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਦੀ ਝਲਕ ਦਿਖਾਈ ਗਈ। ਅਜੀਤ ਸਿੰਘ ਫਾਊਂਡੇਸ਼ਨ ਐੱਨਜੀਓ ਦੀ ਨੁਮਾਇੰਦਾ ਰਮਨਪ੍ਰੀਤ ਕੌਰ ਨੇ ਇਸ ਸਮਾਗਮ ’ਚ ਜੱਜ ਦੀ ਭੂਮਿਕਾ ਨਿਭਾਈ। ਕੁਮਾਰੀ ਰਿਧਮ ਨੂੰ ਮਿਸ ਤੀਆਂ ਚੁਣਿਆ ਗਿਆ, ਜਦੋਂ ਕਿ ਸੰਗੀਤਾ ਅਰੋੜਾ ਤੇ ਪ੍ਰੋਤਿਮਾ ਮੰਡੇਰ ਨੂੰ ਮਿਸਿਜ਼ ਤੀਆਂ ਵਜੋਂ ਸਨਮਾਨਿਤ ਕੀਤਾ ਗਿਆ। ਨਾਨ-ਟੀਚਿੰਗ ਸਟਾਫ਼ ਦੀ ਮੈਂਬਰ ਸੋਨਾ ਨੂੰ ਵੀ ਉਨ੍ਹਾਂ ਦੀ ਜੋਸ਼ੀਲੀ ਭਾਗੀਦਾਰੀ ਲਈ ਸਲਾਹਿਆ। ਇਸ ਮੌਕੇ ਡਿਜ਼ਾਈਨ ਤੇ ਕਾਸਮੈਟੋਲੋਜੀ ਵਿਭਾਗਾਂ ਵੱਲੋਂ ਲਗਾਏ ਗਏ ਖੀਰ ਤੇ ਪੂੜਿਆਂ ਦੇ ਫੂਡ ਸਟਾਲ ਖਿੱਚ ਦਾ ਮੁੱਖ ਕੇਂਦਰ ਰਹੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਪੰਜਾਬੀ ਵਿਭਾਗ ਦੇ ਮੁਖੀ ਤੇ ਇਸ ਸਮਾਗਮ ਦੇ ਇੰਚਾਰਜ ਕੁਲਜੀਤ ਕੌਰ ਦੇ ਨਾਲ-ਨਾਲ ਪ੍ਰਬੰਧਕੀ ਟੀਮ ਦੇ ਮੈਂਬਰਾਂ ਡਾ. ਅੰਜਨਾ ਭਾਟੀਆ, ਡਾ. ਅਸ਼ਮੀਨ ਕੌਰ, ਡਾ. ਰਮਾ ਸ਼ਰਮਾ ਤੇ ਸਵਿਤਾ ਮਹਿੰਦਰੂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤੀਆਂਕ ਤੀਜ ਦੇ ਤਿਉਹਾਰ ਦਾ ਖੇਤਰੀ ਨਾਮ ਹੈ, ਜੋ ਪੂਰੇ ਪੰਜਾਬ ’ਚ ਮਾਨਸੂਨ ਦੀ ਆਮਦ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ ਤੇ ਇਹ ਧੀਆਂ ਤੇ ਭੈਣਾਂ ਤੇ ਕੇਂਦਰਿਤ ਹੁੰਦਾ ਹੈ। ਇਸ ਤੋਂ ਇਲਾਵਾ, ਪ੍ਰਿੰਸੀਪਲ ਡਾ. ਖੋਸਲਾ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਜਸ਼ਨ ਆਜ਼ਾਦੀ, ਸਭਿਆਚਾਰਕ ਪਛਾਣ ਤੇ ਮਹਿਲਾ ਸਸ਼ਕਤੀਕਰਨ ਦੇ ਪ੍ਰਤੀਕ ਹਨ। ਇਸ ਜਸ਼ਨ ਦੌਰਾਨ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਹਾਜ਼ਰ ਸਨ।