- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਦੀ ਛਾਪੇਮਾਰੀ ਦੌਰਾਨ 4 ਕੁਇੰਟਲ ਸ਼ੱਕੀ ਪਨੀਰ ਜ਼ਬਤ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟੀ ਉਤਪਾਦਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਸ਼ਹਿਰ ਦੇ ਦੋ ਸਥਾਨਾਂ 'ਤੇ ਛਾਪੇਮਾਰੀ ਕਰਕੇ ਲਗਭਗ 4 ਕੁਇੰਟਲ ਪਨੀਰ ਜ਼ਬਤ ਕੀਤਾ ਗਿਆ। ਮੌਕੇ 'ਤੇ ਨਮੂਨੇ ਇਕੱਠੇ ਕੀਤੇ ਗਏ ਤੇ ਜਾਂਚ ਲਈ ਲੈਬ ਭੇਜੇ ਗਏ। ਅਧਿਕਾਰੀਆਂ ਨੇ ਕਿਹਾ ਕਿ ਟੈਸਟ ਰਿਪੋਰਟਾਂ ਆਉਣ ਤੋਂ ਬਾਅਦ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਦੇ ਅਧਿਕਾਰੀ ਹਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਹਿਲਾ ਆਪ੍ਰੇਸ਼ਨ ਰਾਮਾ ਮੰਡੀ ਚੌਕ ਨੇੜੇ ਇਕ ਸੂਚਨਾ ਦੇ ਆਧਾਰ 'ਤੇ ਕੀਤਾ ਗਿਆ ਸੀ। ਟੀਮ ਨੇ ਪਨੀਰ ਨਾਲ ਭਰੀ ਇਕ ਗੱਡੀ ਨੂੰ ਰੋਕਿਆ ਤੇ ਉਸ ’ਚੋਂ ਲਗਭਗ 1.5 ਕੁਇੰਟਲ ਪਨੀਰ ਮਿਲਿਆ। ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਪਨੀਰ ਬਠਿੰਡਾ ਦੀ ਇਕ ਡੇਅਰੀ ਤੋਂ ਲਿਆਂਦਾ ਗਿਆ ਸੀ ਜਿਸ ਨੂੰ ਆਦਮਪੁਰ ਤੇ ਹੁਸ਼ਿਆਰਪੁਰ ਦੇ ਬਾਜ਼ਾਰਾਂ ’ਚ ਸਪਲਾਈ ਕਰਨਾ ਸੀ। ਪਨੀਰ ਦੀ ਗੁਣਵੱਤਾ ਬਾਰੇ ਸ਼ੱਕ ਹੋਣ ਕਾਰਨ ਜ਼ਬਤ ਕਰ ਲਿਆ ਗਿਆ ਤੇ ਨਮੂਨੇ ਜਾਂਚ ਲਈ ਭੇਜੇ ਗਏ। ਦੂਜੀ ਕਾਰਵਾਈ ਗੋਲਡਨ ਐਵੇਨਿਊ ਖੇਤਰ ’ਚ ਹੋਈ। ਸੂਚਨਾ ਮਿਲੀ ਸੀ ਕਿ ਇਕ ਘਰ ਦੇ ਬਾਹਰ ਇਕ ਵਾਹਨ ਤੋਂ ਵੱਡੀ ਮਾਤਰਾ ’ਚ ਪਨੀਰ ਉਤਾਰਿਆ ਜਾ ਰਿਹਾ ਸੀ। ਟੀਮ ਮੌਕੇ 'ਤੇ ਪਹੁੰਚੀ ਤੇ ਲਗਭਗ 2.5 ਕੁਇੰਟਲ ਪਨੀਰ ਜ਼ਬਤ ਕੀਤਾ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਖੇਪ ਸ਼ਹਿਰ ਭਰ ਦੇ ਵੱਖ-ਵੱਖ ਰੈਸਟੋਰੈਂਟਾਂ ਤੇ ਦੁਕਾਨਾਂ ਨੂੰ ਸਪਲਾਈ ਕੀਤੀ ਜਾਣੀ ਸੀ। ਹਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੈਬ ਰਿਪੋਰਟਾਂ ਦੋ ਦਿਨਾਂ ਦੇ ਅੰਦਰ ਆਉਣ ਦੀ ਉਮੀਦ ਹੈ। ਜੇ ਜਾਂਚ ’ਚ ਪਤਾ ਲੱਗਦਾ ਹੈ ਕਿ ਪਨੀਰ ਮਿਲਾਵਟੀ ਹੈ ਜਾਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ ਤਾਂ ਪੂਰੀ ਖੇਪ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਤੇ ਸਬੰਧਤ ਵਿਅਕਤੀਆਂ ਵਿਰੁੱਧ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਸ਼ਹਿਰ ’ਚ ਮਿਲਾਵਟੀ ਉਤਪਾਦਾਂ ਵਿਰੁੱਧ ਵਿਸ਼ੇਸ਼ ਮੁਹਿੰਮ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਾਰੀ ਰਹੇਗੀ।