- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਨੇ ਡੀਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਵਰਲਡ ਰੇਬੀਜ਼ ਡੇ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸਿਹਤ ਵਿਭਾਗ ਵੱਲੋਂ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸੋਮਵਾਰ ਵਰਲਡ ਰੈਬੀਜ਼ ਡੇ ਮੌਕੇ ਡੀਐੱਸਐੱਸਡੀ (ਲੜਕੇ) ਸੀਨੀਅਰ ਸੈਕੰਡਰੀ ਸਕੂਲ ਸੋਢਲ ਰੋਡ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ। ਆਰਬੀਐੱਸਕੇ ਦੀ ਟੀਮ ਦੇ ਡਾ. ਦੇਵ ਨੇ ਦੱਸਿਆ ਗਿਆ ਕਿ ਰੇਬੀਜ਼ (ਹਲਕਾਅ) ਇਕ ਜਾਨਲੇਵਾ ਬਿਮਾਰੀ ਹੈ, ਜਿਸਦਾ ਬਚਾਅ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਜਾਨਵਰ ਦੇ ਵੱਢਣ 'ਤੇ ਜਖ਼ਮ ਨੂੰ ਸਾਬਣ ਤੇ ਵੱਗਦੇ ਪਾਣੀ ਨਾਲ ਤੁਰੰਤ ਧੋਵੋ, ਜ਼ਖਮ 'ਤੇ ਆਇਓਡੀਨ/ਸਪਿਰਿਟ ਜਾਂ ਹੋਰ ਉਪਲੱਬਧ ਐਂਟੀਸੈਪਟਿਕ ਲਗਾਓ ਤੇ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਦੇ ਵੱਢੇ ਜਾਂ ਖਰੋਚਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਹੈ, ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜਾਗਰੂਕਤਾ ਸੈਮੀਨਾਰ ਦੌਰਾਨ ਡਾ. ਮੋਨਿਕਾ ਨੇ ਦੱਸਿਆ ਗਿਆ ਕਿ ਹਰ ਸਾਲ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਓ ਤੇ ਜਾਨਵਰਾਂ ਦੇ ਵੱਢਣ 'ਤੇ ਜ਼ਖਮ ’ਤੇ ਮਿਰਚਾਂ, ਸਰ੍ਹੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ। ਜੇ ਕੋਈ ਜਾਨਵਰ ਵੱਢ ਲਵੇ ਤਾਂ ਤੁਰੰਤ ਮੁੱਢਲੀ ਸਹਾਇਤਾ ਲਈ ਨਜ਼ਦੀਕੀ ਸਿਹਤ ਕੇਂਦਰ ਜਾਓ। ਇਸ ਮੌਕੇ ਪ੍ਰਿੰਸੀਪਲ ਸੰਜੇ ਸ਼ਰਮਾ, ਟੀਚਰ ਅਰਵਿੰਦ ਨਾਗਪਾਲ, ਸੁਰਿੰਦਰਪਾਲ, ਵਿਵਨ ਸੋਪਤ ਤੇ ਵਿਦਿਆਰਥੀ ਹਾਜ਼ਰ ਸਨ।