ਨਿਗਮ ਦੀ ਬਾਗ਼ਬਾਨੀ ਬਰਾਂਚ ਨੇ ਛਾਂਗੇ ਦਰੱਖ਼ਤ, ਪੈਦਾ ਹੋਈ ਟ੍ਰੈਫਿਕ ਸਮੱਸਿਆ ਨਗਰ ਨਿਗਮ ਦੀ ਬਾਗ਼ਵਾਨੀ ਬਰਾਂਚ ਨੇ ਸੜਕਾਂ ਕੰਡੇ ਦਰਖਤ ਛਾਂਗ ਕੇ ਪੈਦਾ ਕੀਤੀ ਟ੍ਰੈਫਿਕ ਸਮੱਸਿਆ
Publish Date: Sat, 17 Oct 2026 08:53 PM (IST)
Updated Date: Sat, 17 Oct 2026 08:54 PM (IST)
ਦਰੱਖ਼ਤ ਛਾਂਗਣ ਪਿੱਛੋਂ ਤਿੰਨ ਦਿਨਾਂ ਤੋਂ ਪਿਆ ਹੈ ਹਰਾ ਮਲਬਾ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਦੀ ਬਾਗ਼ਬਾਨੀ ਬਰਾਂਚ ਵੱਲੋਂ ਸ਼ਹਿਰ ’ਚ ਸੜਕਾਂ ਦੇ ਕਿਨਾਰੇ ਲੱਗੇ ਦਰੱਖ਼ਤਾਂ ਨੂੰ ਛਾਂਗਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਜਿੱਥੇ ਦਰੱਖ਼ਤ ਛਾਂਗੇ ਜਾ ਰਹੇ ਹਨ, ਉੱਥੇ ਸੜਕਾਂ ’ਤੇ ਰੁੱਖਾਂ ਦੀਆਂ ਟਾਹਣੀਆਂ ਦਾ ਮਲਬਾ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਨਗਰ ਨਿਗਮ ਦੀ ਬਾਗ਼ਬਾਨੀ ਬਰਾਂਚ ਵੱਲੋਂ ਕਾਫੀ ਸਮੇਂ ਬਾਅਦ ਸੜਕਾਂ ਤੇ ਆਲੇ-ਦੁਆਲੇ ਲੱਗੇ ਰੁੱਖਾਂ ਦੇ ਛਾਂਗਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਨੇ ਟ੍ਰੈਫਿਕ ਸਮੱਸਿਆ ਪੈਦਾ ਕਰ ਦਿੱਤੀ ਹੈ। ਕਿਉਂਕਿ ਬਾਗ਼ਬਾਨੀ ਬਰਾਂਚ ਵੱਲੋਂ ਛਾਂਗੇ ਗਏ ਦਰੱਖ਼ਤਾਂ ਦਾ ਹਰਾ ਮਲਬਾ ਚੁੱਕਣ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਇਕ ਸਮੱਸਿਆ ਦਾ ਹੱਲ ਕੀਤਾ ਗਿਆ ਤੇ ਦੂਜੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਇਹ ਸਭ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਅਤੇ ਡਾਕਘਰ ਸਾਹਮਣੇ ਬਣੇ ਸਿਟੀ ਬੱਸ ਸਟੈਂਡ ਦੇ ਫੁੱਟਪਾਥ ਅਤੇ ਸੜਕ ’ਤੇ ਮਲਬਾ ਡਿੱਗਿਆ ਮਿਲਿਆ। ਮਲਬੇ ਕਾਰਨ ਉੱਥੇ ਟ੍ਰੈਫਿਕ ਸਮੱਸਿਆ ਤਿੰਨ ਦਿਨਾਂ ਤੋਂ ਚੱਲ ਰਹੀ ਹੈ, ਪਰ ਮਲਬਾ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਨਵੇਂ ਐੱਲਐੱਸਓ ਦੀ ਨਿਯੁਕਤੀ ਪਿੱਛੋਂ ਅਟਕਿਆ ਕੰਮ ਨਗਰ ਨਿਗਮ ਦੀ ਬਾਗ਼ਬਾਨੀ ਬਰਾਂਚ ’ਚ ਪਹਿਲਾਂ ਸੇਵਾਮੁਕਤ ਐਕਸੀਅਨ ਦਲੀਪ ਕੰਮ ਕਰ ਰਹੇ ਸਨ ਤੇ ਦਰੱਖ਼ਤ ਛਾਂਗਣ ਤੋਂ ਬਾਅਦ ਉਨ੍ਹਾਂ ਵੱਲੋਂ ਇਕ ਟ੍ਰੈਕਟਰ ਟਰਾਲੀ ਰਾਹੀਂ ਮਲਬਾ ਵੀ ਨਾਲੋਂ-ਨਾਲ ਚੁੱਕਿਆ ਜਾਂਦਾ ਰਿਹਾ ਹੈ, ਪਰ ਨਗਰ ਨਿਗਮ ’ਚ ਹੁਣ ਨਵੇਂ ਐੱਲਐੱਸਓ ਲੈਂਡ ਸਕੇਪਿੰਗ ਅਫਸਰ ਦੀ ਨਿਯੁਕਤੀ ਹੋਣ ਤੋਂ ਬਾਅਦ ਐਕਸੀਅਨ ਦਲੀਪ ਨੂੰ ਹਟਾ ਦਿੱਤਾ ਗਿਆ। ਨਵੇਂ ਐੱਲਐੱਸਓ ਨੇ ਆ ਕੇ ਭਾਵੇਂ ਕੰਮ ਤਾਂ ਸ਼ੁਰੂ ਕਰਾਇਆ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਦਰੱਖ਼ਤ ਛਾਂਗਣ ਤੋਂ ਬਾਅਦ ਜਿਹੜਾ ਮਲਬਾ ਸੜਕਾਂ ’ਤੇ ਡਿੱਗਦਾ ਹੈ, ਉਸ ਨੂੰ ਕਿਸ ਤਰ੍ਹਾਂ ਚੁਕਾਉਣਾ ਹੈ ਜਾਂ ਫਿਰ ਇਕ ਪਾਸੇ ਇਕੱਠਾ ਕਰਾ ਦੇਣਾ ਹੈ ਤਾਂ ਜੋ ਟ੍ਰੈਫਿਕ ਸਮੱਸਿਆ ਪੈਦਾ ਨਾ ਹੋ ਸਕੇ। ਪਰ ਇੱਥੇ ਕੰਮ ਉਲਟਾ ਹੀ ਹੋਇਆ ਅਤੇ ਨਵੇਂ ਅਧਿਕਾਰੀ ਨੇ ਕੰਮ ਦੇ ਨਾਲ-ਨਾਲ ਟ੍ਰੈਫਿਕ ਸਮੱਸਿਆ ਪੈਦਾ ਕਰ ਦਿੱਤੀ ਹੈ। ਲੋਕਾਂ ਨੇ ਮੰਗ ਕੀਤੀ ਕਿ ਸੜਕਾਂ ’ਤੇ ਡਿੱਗਾ ਹਰਾ ਮਲਬਾ ਹਟਾਇਆ ਜਾਵੇ ਤਾਂ ਜੋ ਟ੍ਰੈਫਿਕ ਸਮੱਸਿਆ ਹੱਲ ਹੋ ਸਕੇ।