- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਵਾਂ-ਧੀਆਂ ਦੀ ਲਲਕਾਰ - ਬੰਦ ਕਰਾਵਾਂਗੇ ਨਸ਼ੇ ਦਾ ਵਪਾਰ

-ਹਲਕਾ ਫਿਲੌਰ ’ਚ ਬੀਬੀ ਬਾਦਲ ਦਾ ਨਿੱਘਾ ਸਵਾਗਤ
-ਮਾਵਾਂ-ਧੀਆਂ ਦੀ ਲਲਕਾਰ ਮੁਹਿੰਮ ਤਹਿਤ ਇਕੱਠ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ
ਅੱਜ ਹਲਕਾ ਫਿਲੌਰ ਦੇ ਸ਼ਹਿਰ ਗੁਰਾਇਆ ਵਿਖੇ ਸਥਾਨਕ ਰਿਜ਼ੋਰਟ ਵਿਖੇ ਮਾਵਾਂ-ਧੀਆਂ ਦੀ ਲਲਕਾਰ ਮੁਹਿੰਮ ਤਹਿਤ ਵੱਡਾ ਇਕੱਠ ਹੋਇਆ। ਇਸ ਮੌਕੇ ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਹਲਕਾ ਫਿਲੌਰ ਦੀਆਂ ਮਾਵਾਂ-ਭੈਣਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੀਬੀ ਬਾਦਲ ਹਲਕਾ ਦੀਆਂ ਮਾਵਾਂ-ਭੈਣਾਂ ਦੇ ਰੂਬਰੂ ਹੋਏ। ਵੱਡੀ ਗਿਣਤੀ ’ਚ ਪੁੱਜ ਬੀਬੀ ਨਾਲ ਦਿਲ ਦੇ ਦੁੱਖ, ਆਪਣੇ ਬੱਚਿਆਂ ਦੀਆਂ ਚਿੰਤਾਵਾਂ ਤੇ ਨਸ਼ੇ ਕਾਰਨ ਉੱਜੜ ਰਹੇ ਘਰਾਂ ਦੀਆਂ ਦਰਦ ਭਰੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅੱਜ ਪੰਜਾਬ ਦੀ ਇਕੱਲੀ ਬੀਬੀ ਹਨ ਜੋ ਦੇਸ਼ ਦੀ ਲੋਕ ਸਭਾ ’ਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ ਤੇ ਪੰਜਾਬ ਦੀ ਆਵਾਜ਼ ਬਣ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਇਕ ਮੁਹਿੰਮ ਨਹੀਂ, ਇਹ ਸਾਡੇ ਬੱਚਿਆਂ ਦੇ ਅੱਜ ਤੇ ਕੱਲ੍ਹ ਨੂੰ ਬਚਾਉਣ ਦੀ ਲੜਾਈ ਹੈ। ਬੀਬੀ ਬਾਦਲ ਨੇ ਭਰੋਸਾ ਦਿਵਾਇਆ ਕਿ ਇਸ ਲੜਾਈ ’ਚ ਉਹ ਇਕੱਲੀਆਂ ਨਹੀਂ ਹਨ, ਸ਼੍ਰੋਮਣੀ ਅਕਾਲੀ ਦਲ ਹਰ ਮਾਂ-ਧੀ ਦੇ ਨਾਲ ਖੜ੍ਹਾ ਹੈ। ਉਨਾਂ ਕਿਹਾ ਕਿ ਜਦੋਂ ਤੱਕ ਪੰਜਾਬ ’ਚੋਂ ਨਸ਼ੇ ਦਾ ਵਪਾਰ ਬੰਦ ਨਹੀਂ ਹੁੰਦਾ, ਇਹ ਲਲਕਾਰ ਰੁਕੇਗੀ ਨਹੀਂ। ਉਨ੍ਹਾਂ ਕਿਹਾ ਕਿ ਇਸ ਗੁਰੂ-ਦੋਖੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ’ਚ ਪੰਜਾਬ ਨੂੰ 40 ਦਹਾਕੇ ਪਿੱਛੇ ਧੱਕ ਦਿੱਤਾ ਹੈ। ਅੰਤ ’ਚ ਖਹਿਰਾ ਨੇ ਫਿਲੌਰ ਦੀਆਂ ਸਮੂਹ ਮਾਵਾਂ-ਭੈਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 2027 ਦੀ ਚੋਣ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੀ ਚੋਣ ਹੈ ਤੇ ਸੇਵਾ, ਵਿਸ਼ਵਾਸ ਤੇ ਵਿਕਾਸ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਨੂੰ ਬਚਾ ਸਕਦੀ ਹੈ।