- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕਿਤ ਸ਼ਰਮਾ, ਜਾਗਰਣ,

ਅੰਕਿਤ ਸ਼ਰਮਾ, ਜਾਗਰਣ,
ਜਲੰਧਰ : ਗੁਰੂ ਨਾਨਕਪੁਰਾ ਫਾਟਕ ’ਤੇ 48.95 ਕਰੋੜ ਰੁਪਏ ਦੀ ਲਾਗਤ ਨਾਲ ਆਰਓਬੀ ਦੀ ਉਸਾਰੀ ਕੀਤੀ ਜਾਣੀ ਹੈ। ਇਸ ਦਾ 10 ਦਿਨ ਪਹਿਲਾਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨੀਂਹ ਪੱਥਰ ਰੱਖਿਆ ਸੀ ਪਰ ਪੀਏਪੀ ’ਤੇ ਅੰਮ੍ਰਿਤਸਰ ਵੱਲ ਜਾਂਦੇ ਰੋਡ ’ਤੇ ਰੈਂਪ ਬਣਨ ਤੋਂ ਬਾਅਦ ਹੀ ਆਰਓਬੀ ਦਾ ਕੰਮ ਸ਼ੁਰੂ ਹੋ ਸਕੇਗਾ, ਕਿਉਂਕਿ ਗੁਰੂ ਨਾਨਕਪੁਰਾ ’ਚ ਪਹਿਲਾਂ ਹੀ ਟ੍ਰੈਫਿਕ ਬਹੁਤ ਸੀ ਤੇ ਹੁਣ ਪੀਏਪੀ ਦਾ ਰੋਡ ਬੰਦ ਹੋ ਜਾਣ ਕਾਰਨ 95 ਫੀਸਦੀ ਟ੍ਰੈਫਿਕ ਇਸ ਵੱਲ ਡਾਇਵਰਟ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਫਾਟਕ ਬੀ-67ਏ 'ਤੇ ਰੋਜ਼ਾਨਾ 140 ਰੇਲ ਗੱਡੀਆਂ ਲੰਘਦੀਆਂ ਹਨ, ਜਿਸ ਕਰ ਕੇ ਇਹ ਫਾਟਕ ਬੰਦ ਹੋ ਜਾਂਦਾ ਹੈ ਤੇ 4.66 ਲੱਖ ਵਾਹਨਾਂ ਦਾ ਟ੍ਰੈਫਿਕ ਇਸ ਫਾਟਕ ਤੋਂ ਲੰਘਦਾ ਹੈ। ਜੇ ਫਾਟਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਸਾਰਾ ਟ੍ਰੈਫਿਕ ਗੜਬੜਾ ਜਾਵੇਗਾ, ਜਿਸ ਦਾ ਅਸਰ ਸ਼ਹਿਰ ਦੇ ਹੋਰ ਹਿੱਸਿਆਂ 'ਤੇ ਵੀ ਪੈ ਸਕਦਾ ਹੈ, ਕਿਉਂਕਿ ਰੇਲਵੇ ਦਾ ਬਸ਼ੀਰਪੁਰਾ ਫਾਟਕ ਤੇ ਉਥੋਂ ਦਾ ਇਲਾਕਾ ਤੰਗ ਹੋਣ ਕਾਰਨ ਪਹਿਲਾਂ ਹੀ ਓਵਰਲੋਡ ਚੱਲ ਰਿਹਾ ਹੈ, ਜੋ ਵਾਧੂ ਟ੍ਰੈਫਿਕ ਨੂੰ ਝੱਲ ਨਹੀਂ ਕਰ ਸਕੇਗਾ। ਇਸ ਤੋਂ ਬਾਅਦ ਸਿਰਫ ਪੀਏਪੀ ਤੋਂ ਰਾਮਾ ਮੰਡੀ ਚੌਕ ਰਾਹੀਂ ਆਉਣ ਦਾ ਹੀ ਬਦਲ ਬਚਦਾ ਹੈ ਪਰ ਉਥੋਂ ਵੀ ਮੁੜ ਕੇ ਆਉਣ 'ਚ ਟ੍ਰੈਫਿਕ ਜਾਮ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਚਾਹੇ ਗੁਰੂ ਨਾਨਕਪੁਰਾ ਫਾਟਕੋਂ ਪਾਰ ਲੋਕਾਂ ਨੇ ਜਾਣਾ ਹੋਵੇ ਜਾਂ ਫਿਰ ਲੱਧੇਵਾਲੀ ਵਾਲੇ ਪਾਸੇ। ਸਾਰਾ ਟ੍ਰੈਫਿਕ ਉਸ ਪਾਸੇ ਡਾਇਵਰਟ ਹੋਵੇਗਾ। ਇਸ ਸਬੰਦੀ ਰੇਲਵੇ ਵੱਲੋਂ ਸਭ ਤੋਂ ਵਧੀਆ ਬਦਲ ਪੀਏਪੀ ਦਾ ਰੈਂਪ ਜਲਦੀ ਤਿਆਰ ਕਰਵਾਉਣਾ ਮੰਨਿਆ ਜਾ ਰਿਹਾ ਹੈ। ਇਸ ਬਾਰੇ ਛੇਤੀ ਹੀ ਰੇਲਵੇ ਦੇ ਅਧਿਕਾਰੀਆਂ ਵੱਲੋਂ ਡੀਸੀ ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਉਹ ਐੱਨਐੱਚਆਈ ਤੋਂ ਪੀਏਪੀ ਰੈਂਪ ਬਣਾਉਣ ਦਾ ਕੰਮ ਛੇਤੀ ਸ਼ੁਰੂ ਕਰਵਾ ਸਕਣ।
---
ਯੂਟੀਲਿਟੀ ਸ਼ਿਫਟਿੰਗ ਦਾ ਨਹੀਂ ਦਿੱਤਾ ਗਿਆ ਹਾਲੇ ਤੱਕ ਐਸਟੀਮੇਟ
ਗੁਰੂ ਨਾਨਕਪੁਰਾ ਫਾਟਕ 'ਤੇ ਬਣਾਉਣ ਵਾਲੇ ਆਰਓਬੀ ਦਾ ਨੀਂਹ ਪੱਥਰ ਤਾਂ ਰੱਖਿਆ ਜਾ ਚੁੱਕਾ ਹੈ ਪਰ ਹੈਰਾਨੀ ਇਸ ਗੱਲ ਹੈ ਕਿ ਇੱਥੇ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਯੂਟੀਲਿਟੀ ਸ਼ਿਫਟਿੰਗ ਕੀਤੀ ਜਾਣੀ ਹੈ। ਇਸ ’ਚ ਬਿਜਲੀ ਦੀਆਂ ਤਾਰਾਂ, ਬਿਜਲੀ ਦੇ ਖੰਭੇ, ਦਰੱਖਤ, ਪਾਣੀ ਦੀਆਂ ਪਾਈਪਾਂ ਆਦਿ ਸ਼ਾਮਲ ਹਨ। ਇਸ ਸਬੰਧੀ ਲਗਪਗ ਡੇਢ ਸਾਲ ਤੋਂ ਐਸਟੀਮੇਟ ਬਣਾਉਣ 'ਤੇ ਕੰਮ ਚੱਲ ਰਿਹਾ ਹੈ ਪਰ ਹਾਲੇ ਤੱਕ ਐਸਟੀਮੇਟ ਫਾਈਨਲ ਨਹੀਂ ਕੀਤਾ ਜਾ ਸਕਿਆ, ਕਿਉਂਕਿ ਰੇਲਵੇ ਵੱਲ ਆਰਓਬੀ ਦੀ ਉਸਾਰੀ 'ਤੇ 100 ਫੀਸਦੀ ਖਰਚਾ ਭਰਿਆ ਜਾਵੇਗਾ, ਜਦਕਿ ਸੂਬਾ ਸਰਕਾਰ ਵੱਲੋਂ ਸਿਰਫ ਯੂਟੀਲਿਟੀ ਸ਼ਿਫਟਿੰਗ ਹੀ ਕੀਤੀ ਜਾਣੀ ਹੈ। ਹਾਲਾਂਕਿ ਪਹਿਲਾਂ 60-40 ਦੇ ਅਨੁਪਾਤ 'ਤੇ ਰੇਲ ਤੇ ਸੂਬਾ ਸਰਕਾਰ ਵੱਲੋਂ ਖਰਚਾ ਕੀਤਾ ਜਾਣਾ ਸੀ।
---
ਆਰਓਬੀ ਦੀ ਉਸਾਰੀ ਨਾਲ ਇਨ੍ਹਾਂ ਇਲਾਕਿਆਂ ਨੂੰ ਮਿਲੇਗਾ ਲਾਭ
ਗੁਰੂ ਨਾਨਕਪੁਰਾ ਆਰਓਬੀ ਬਣਨ ਨਾਲ ਗੁਰੂ ਨਾਨਕਪੁਰਾ ਵੈਸਟ, ਗੁਰੂ ਨਾਨਕਪੁਰਾ ਈਸਟ, ਚੁਗਿੱਟੀ, ਭਾਰਤ ਨਗਰ, ਕਮਲ ਵਿਹਾਰ, ਬੇਅੰਤ ਨਗਰ, ਨਿਊ ਬੇਅੰਤ ਨਗਰ, ਲੱਧੇਵਾਲੀ, ਰੇਲ ਵਿਹਾਰ, ਪ੍ਰੀਤ ਇਨਕਲੇਵ, ਟਾਵਰ ਇਨਕਲੇਵ, ਧਾਲੀਵਾਲ ਕਾਲੋਨੀ, ਹਿਮਾਚਲ ਕਾਲੋਨੀ, ਯੂਨੀਵਰਸਿਟੀ ਇਨਕਲੇਵ, ਲੁਭਾਣਾ ਇਨਕਲੇਵ, ਕਰੋਲ ਬਾਗ, ਸਿਲਵਰ ਸਿਟੀ, ਸ਼ਨਸ਼ਾਈਨ ਵੈਲੀ, ਜੰਨਤ ਐਵੀਨਿਊ, ਕਿੰਗ ਸਿਟੀ, ਗ੍ਰੀਨ ਕਾਊਂਟੀ, ਗ੍ਰੀਨ ਐਵੀਨਿਊ, ਲੱਧੇਵਾਲੀ, ਨੰਗਲ ਸ਼ਾਮਾ ਆਦਿ ਆਸ-ਪਾਸ ਦੇ 20 ਪਿੰਡਾਂ ਤੇ 50 ਤੋਂ ਵੱਧ ਕਾਲੋਨੀਆਂ ਨੂੰ ਰਾਹਤ ਮਿਲੇਗੀ। ਇਸ ਨਾਲ ਹੁਸ਼ਿਆਰਪੁਰ ਵੱਲ ਜਾਣ ਲਈ ਮੁੱਖ ਰਸਤਾ ਮਿਲ ਜਾਵੇਗਾ। ਇਸ ਨਾਲ ਟ੍ਰੈਫਿਕ ਸਾਰਾ ਰਾਮਾ ਮੰਡੀ ਵੱਲ ਜਾਣ ਦੀ ਬਜਾਏ ਦੋ ਹਿੱਸਿਆਂ ’ਚ ਵੀ ਵੰਡਿਆ ਜਾਵੇਗਾ।