- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਸ਼ਰਨ ਜਨਮ ਦਿਹਾੜਾ ਸਮਾਗਮ 16 ਨੂੰ

ਦੇਸ਼ ਭਗਤਾਂ ਵੱਲੋਂ ਸਮਾਗਮ ਸਫਲ ਕਰਨ ਦੀ ਅਪੀਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਇਨਕਲਾਬੀ ਰੰਗ ਮੰਚ ਲਹਿਰ ਦੇ ਮੋਢੀ ਸਿਰਜਕ, ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ ਨੂੰ ਯਾਦ ਕਰਦਿਆਂ ਨਾਟਕ ਗੀਤ ਸੰਗੀਤ ਅਤੇ ਫ਼ਿਲਮ ਪ੍ਰੇਮੀਆਂ ਦੀ ਮਿਲਣੀ ਹੋਏਗੀ। ਗੁਰਸ਼ਰਨ ਭਾਜੀ ਦੇ ਜਨਮ ਦਿਹਾੜੇ 16 ਸਤੰਬਰ ਵਾਲੇ ਦਿਨ ਉਨ੍ਹਾਂ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿਖੇ ਦਿਨੇ ਦੋ ਵਜੇ ਤੋਂ ਦੇਰ ਰਾਤ ਤੱਕ ਬਹੁਕਲਾ ਵੰਨਗੀਆਂ ਦਾ ਇੱਕ ਗੁਲਦਸਤਾ ਗੁਰਸ਼ਰਨ ਭਾਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੀ ਘਾਲਣਾ ਨੂੰ ਮੁਬਾਰਕਬਾਦ ਦੇਵੇਗਾ। ਇਨਕਲਾਬੀ ਰੰਗ ਮੰਚ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਗੰਭੀਰ ਵਿਚਾਰਾਂ ਕਰਦਿਆਂ ਅਹਿਦ ਲੈ ਕੇ ਅੱਗੇ ਪੁਲਾਂਘਾਂ ਭਰਨ ਦੀ ਵਚਨਬੱਧਤਾ ਦੁਹਰਾਏਗਾ। ਜ਼ਿਕਰਯੋਗ ਹੈ ਕਿ ਇਸ ਦੇ ਦਰਮਿਆਨ ਹੀ ਨਾਟਕ ਗੀਤ ਸੰਗੀਤ ਅਤੇ ਬਹੁ ਵੰਨਗੀ ਹੋਰ ਕਲਾ ਕਿਰਤਾਂ ਤੋਂ ਇਲਾਵਾ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਨਕੁਲ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ "ਲੱਖਾਂ ਬਗਾਵਤਾਂ" ਵੀ ਦਿਖਾਈ ਜਾਏਗੀ। ਤਰਕਾਲਾਂ ਪੈਂਦਿਆਂ ਹੀ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਗੁਰੂ ਖ਼ਾਲਸਾ ਨਿਵਾਸ ਨੂੰ ਮੋਮਬੱਤੀਆਂ ਦੀ ਰੌਸ਼ਨੀ ਨਾਲ ਜਗਮਗ ਜਗਮਗ ਕਰਨ ਲਾਇਆ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰਸਟੀ ਰਹੇ ਅਤੇ ਲੰਮਾ ਸਮਾਂ ਪੰਜਾਬੀ ਰੰਗ ਮੰਚ ਨੂੰ ਇੱਕ ਬੋਹੜ ਦੇ ਰੂਪ ਵਿੱਚ ਵਿਕਸਿਤ ਕਰਨ ਵਾਲੇ, ਮੇਲਾ ਗੱਦਰੀ ਬਾਬਿਆਂ ਦਾ ਨੂੰ ਚਾਰ ਚੰਨ ਲਾਉਣ ਵਾਲੇ ਗੁਰਸ਼ਰਨ ਭਾਅ ਜੀ ਦੀ ਯਾਦ 'ਚ ਹੋਣ ਵਾਲੇ ਜਨਮ ਦਿਹਾੜਾ ਸਮਾਗਮ ਮੌਕੇ 16 ਸਤੰਬਰ ਨੂੰ ਸਭਨਾਂ ਹੀ ਸਾਹਿਤਕ ਸੱਭਿਆਚਾਰਕ ਤਰਕਸ਼ੀਲ ਜਮਹੂਰੀ ਅਤੇ ਲੋਕ ਪੱਖੀ ਸੰਸਥਾਵਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਹੁੰਮ ਹੁਮਾ ਕੇ ਪਹੁੰਚਣ ਦੀ ਖੇਚਲ ਕਰਨ।