ਆਈਪੀਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ ਆਈ.ਪੀ.ਐਸ. ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
Publish Date: Sat, 28 Nov 2026 08:18 PM (IST)
Updated Date: Sun, 29 Nov 2026 04:05 AM (IST)
ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਸੜਕੀ ਅਪਰਾਧਾਂ, ਨਸ਼ਾ ਤਸਕਰੀ ਤੇ ਗੈਂਗਸਟਰਵਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਹੁਕਮ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀਆਂ ਟ੍ਰੈਫਿਕ ਸਮੱਸਿਆਵਾਂ ਨੂੰ ਜੜ੍ਹੋਂ ਖਤਮ ਕਰਨ ਲਈ ਅਪਣਾਈ ਜਾਵੇਗੀ ਜ਼ੀਰੋ-ਟੌਲਰੈਂਸ ਨੀਤੀ ਗਾਰਡ ਆਫ਼ ਆਨਰ (ਸਨਮਾਨ ਗਾਰਡ) ਦੀ ਰਸਮ ਉਪਰੰਤ ਸੰਭਾਲਿਆ ਅਹੁਦਾ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਪੁਲਿਸ ਕਮਿਸ਼ਨਰੇਟ ’ਚ ਇਕ ਤਜਰਬੇਕਾਰ ਤੇ ਸੂਝਵਾਨ ਅਧਿਕਾਰੀ ਦੀ ਵਾਪਸੀ ਨੇ ਪ੍ਰਸ਼ਾਸਨਿਕ ਹਲਕਿਆਂ ’ਚ ਨਵੀਂ ਊਰਜਾ ਭਰ ਦਿੱਤੀ ਹੈ। ਸੀਨੀਅਰ ਤੇ ਗਤੀਸ਼ੀਲ ਆਈ.ਪੀ.ਐੱਸ. ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ, ਜੋ ਪਹਿਲਾਂ ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਵਜੋਂ ਸੇਵਾ ਨਿਭਾ ਰਹੇ ਸਨ, ਨੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਸ਼ਹਿਰ ’ਚ ਸੜਕੀ ਅਪਰਾਧਾਂ, ਨਸ਼ਾ ਤਸਕਰੀ ਤੇ ਗੈਂਗਸਟਰਵਾਦ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਕਮਿਸ਼ਨਰੇਟ ਪਹੁੰਚਣ ਤੇ ਨਵੇਂ ਪੁਲਿਸ ਕਮਿਸ਼ਨਰ ਨੂੰ ਪੁਲਿਸ ਗਾਰਡ ਆਫ਼ ਆਨਰ ਵੱਲੋਂ ਰਸਮੀ ਸਲਾਮੀ ਦਿੱਤੀ ਗਈ। ਇਸ ਤੋਂ ਤੁਰੰਤ ਬਾਅਦ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੀ ਜੁਆਇਨਿੰਗ ਰਿਪੋਰਟ ਤੇ ਦਸਤਖਤ ਕੀਤੇ ਤੇ ਰਸਮੀ ਤੌਰ ਤੇ ਅਹੁਦਾ ਸੰਭਾਲ ਲਿਆ। ਇਸ ਮੌਕੇ ਉੱਥੇ ਮੌਜੂਦ ਗਜ਼ਟਿਡ ਅਤੇ ਗੈਰ-ਗਜ਼ਟਿਡ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਤੇ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਪੁਲਿਸ ਕਮਿਸ਼ਨਰ ਭੁੱਲਰ ਨੇ ਕਮਿਸ਼ਨਰੇਟ ਦੇ ਸਾਰੇ ਏਡੀਸੀਪੀਜ਼, ਏਸੀਪੀਜ਼ ਤੇ ਐੱਸਐੱਚਓਜ਼ ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ’ਚ ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਸ਼ਹਿਰ ’ਚ ਕਾਨੂੰਨ ਤੇ ਵਿਵਸਥਾ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। 2018 ਤੋਂ 2021 ਤੱਕ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਨਿਭਾਈ ਸੇਵਾ ਗੁਰਪ੍ਰੀਤ ਸਿੰਘ ਭੁੱਲਰ ਲਈ ਜਲੰਧਰ ਕੋਈ ਨਵਾਂ ਸ਼ਹਿਰ ਨਹੀਂ ਹੈ। ਉਹ ਪਹਿਲਾਂ ਵੀ 2018 ਤੋਂ 2021 ਤੱਕ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਸ਼ਹਿਰ ਦੇ ਕੰਮਕਾਜੀ ਢੰਗਾਂ ਤੇ ਜ਼ਮੀਨੀ ਹਕੀਕਤਾਂ ਬਾਰੇ ਉਨ੍ਹਾਂ ਦੀ ਡੂੰਘੀ ਜਾਣਕਾਰੀ ਨੇ ਪੁਲਿਸ ਵਿਭਾਗ ’ਚ ਕਾਫ਼ੀ ਉਤਸ਼ਾਹ ਪੈਦਾ ਕੀਤਾ ਹੈ। ਇਸ ਤੋਂ ਇਲਾਵਾ ਉਹ ਲੁਧਿਆਣਾ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਡੀ.ਆਈ.ਜੀ., ਰੂਪਨਗਰ ਰੇਂਜ ਦੇ ਡੀ.ਆਈ.ਜੀ., ਅਤੇ ਮੋਹਾਲੀ, ਬਠਿੰਡਾ, ਮੋਗਾ ਤੇ ਰੂਪਨਗਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੀਨੀਅਰ ਪੁਲਿਸ ਕਪਤਾਨ ਵਰਗੇ ਅਹਿਮ ਅਹੁਦਿਆਂ ਤੇ ਤਾਇਨਾਤ ਰਹਿ ਚੁੱਕੇ ਹਨ। ਨਾਮਵਰ ਤਗ਼ਮਿਆਂ ਨਾਲ ਸਨਮਾਨਿਤ ਆਪਣੇ ਲੰਬੇ ਤੇ ਸ਼ਾਨਦਾਰ ਕਰੀਅਰ ਦੌਰਾਨ ੳਨਾ ਨੂੰ ਅਮਨ-ਕਾਨੂੰਨ ਬਣਾਈ ਰੱਖਣ ’ਚ ਪਾਏ ਗਏ ਅਹਿਮ ਯੋਗਦਾਨ ਤੇ ਆਪਣੀ ਡਿਊਟੀ ਪ੍ਰਤੀ ਅਟੁੱਟ ਸਮਰਪਣ ਲਈ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ’ਚ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਤਗ਼ਮਾ , ਸ਼ਲਾਘਾਯੋਗ ਸੇਵਾ ਲਈ ਪੁਲਿਸ ਤਗ਼ਮਾ ਅਤੇ ਕੇਂਦਰੀ ਗ੍ਰਹਿ ਮੰਤਰੀ ਦਾ ਵਿਸ਼ੇਸ਼ ਆਪ੍ਰੇਸ਼ਨ ਤਗ਼ਮਾ ਸ਼ਾਮਲ ਹਨ। ਉਨ੍ਹਾਂ ਦੀ ਮੁੜ ਵਾਪਸੀ ਨਾਲ ਸ਼ਹਿਰ ’ਚ ਅਪਰਾਧਾਂ ਤੇ ਕਾਬੂ ਪਾਉਣ ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਨਵੀਂ ਗਤੀ ਮਿਲਣ ਦੀ ਉਮੀਦ ਹੈ।