ਨਸ਼ੇ ਦਾ ਸੇਵਨ ਕਰਦਾ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਕਾਬੂ, ਵੀਡੀਓ ਵਾਇਰਲ ਨਸ਼ੇ ਦਾ ਸੇਵਨ ਕਰਦਾ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਕਾਬੂ, ਵੀਡੀਓ ਵਾਇਰਲ, ਸੰਗਤ ਕੋਲੋਂ ਮੁਆਫੀ ਮੰਗ ਕੇ ਛੁਡਾਈ ਜਾਨ
Publish Date: Wed, 12 Aug 2026 08:12 PM (IST)
Updated Date: Wed, 12 Aug 2026 08:14 PM (IST)
ਸੰਗਤ ਕੋਲੋਂ ਮਾਫ਼ੀ ਮੰਗ ਕੇ ਛੁਡਾਈ ਜਾਨ ਅੱਗੇ ਤੋਂ ਕਿਸੇ ਵੀ ਗੁਰਦੁਆਰੇ ’ਚ ਡਿਊਟੀ ਨਾ ਕਰਨ ਦਾ ਕੀਤਾ ਪ੍ਰਣ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਵੀਡੀਓ ਵਾਇਰਲ ਹੋਣ ਪਿੱਛੋਂ ਜਲੰਧਰ ਦੇ ਅਵਤਾਰ ਨਗਰ ਰੋਡ ’ਤੇ ਸਥਿਤ ਅਸ਼ੋਕ ਨਗਰ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਨਸ਼ੇ ਦਾ ਸੇਵਨ ਕਰਦੇ ਸੇਵਾਦਾਰ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਵ੍ਹਟਸਐਪ ਗਰੁੱਪ ਰਾਹੀਂ ਕਿਰਪਾਲ ਸਿੰਘ ਵਾਸੀ ਪਟਿਆਲਾ ਨੂੰ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਰੱਖਿਆ ਗਿਆ ਸੀ। ਉਸ ਨੇ ਅਗਲੇ ਦਿਨ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਤਕਰੀਬਨ ਇਕ ਹਜ਼ਾਰ ਰੁਪਏ ਚੋਰੀ ਕਰ ਲਏ। ਗ੍ਰੰਥੀ ਸਿੰਘ ਵੱਲੋਂ ਸ਼ਿਕਾਇਤ ਕਰਨ ’ਤੇ ਜਦੋਂ ਉਸ ਕੋਲੋਂ ਪੁੱਛਿਆ ਗਿਆ ਤਾਂ ਉਸ ਵਕਤ ਉਸ ਦੇ ਮੂੰਹ ’ਚੋਂ ਬੀੜੀ ਪੀਣ ਦੀ ਬਦਬੂ ਆਈ। ਇਸ ਉਪਰੰਤ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਤੇ ਬੈਗ ’ਚੋਂ ਬੀੜੀਆਂ ਦੇ ਬੰਡਲ ਤੋਂ ਇਲਾਵਾ ਨਸ਼ੀਲੇ ਕੈਪਸੂਲ ਤੇ ਪੈਨ ਡ੍ਰਾਈਵ ਬਰਾਮਦ ਹੋਈ। ਜਦੋਂ ਉਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਬੀੜੀ ਪੀਂਦਾ ਹੈ ਜਿਸ ਦੌਰਾਨ ਉਸ ਨੇ ਲਿਖਤੀ ਮਾਫ਼ੀ ਮੰਗੀ। -------------------------- ਵੀਡੀਓ ਵਾਇਰਲ ਹੋਣ ’ਤੇ ਮਾਮਲਾ ਆਇਆ ਸਾਹਮਣੇ ਪ੍ਰਬੰਧਕਾਂ ਨੇ ਦੱਸਿਆ ਕਿ ਵ੍ਹਟਸਐਪ ਗਰੁੱਪ ’ਚ ਉਨਾਂ ਵੱਲੋਂ ਸੇਵਾਦਾਰ ਦੀ ਮੰਗ ਕੀਤੀ ਗਈ ਸੀ ਜਿਸ ਦੌਰਾਨ ਕਿਰਪਾਲ ਸਿੰਘ 6 ਅਗਸਤ ਨੂੰ ਸੇਵਾ ਲਈ ਗੁਰੂਦੁਆਰੇ ਆਇਆ ਸੀ ਤੇ ਇਕ ਦਿਨ ਬਾਅਦ ਹੀ ਉਨ੍ਹਾਂ ਨੂੰ ਇਸ ਦੀ ਭਿਣਕ ਪੈ ਗਈ। ਉਨ੍ਹਾਂ ਦੱਸਿਆ ਕਿ ਕਿਰਪਾਲ ਸਿੰਘ ਆਪਣੇ ਮੂੰਹ ’ਤੇ ਰੁਮਾਲ ਬੰਨ੍ਹ ਕੇ ਰੱਖਦਾ ਸੀ ਤਾਂ ਕਿ ਕਿਸੇ ਨੂੰ ਵੀ ਭਿਣਕ ਨਾ ਪਵੇ। ਮਾਮਲਾ ਸਾਹਮਣੇ ਆਉਣ ’ਤੇ ਵਾਇਰਲ ਵੀਡੀਓ ’ਚ ਉਸ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਬਣੇ ਰਿਹਾਇਸ਼ੀ ਕਮਰੇ ’ਚ ਉਸ ਨੇ ਬੀੜੀ ਪੀਤੀ ਸੀ। ਉਸ ਦਾ ਮੰਨਣਾ ਹੈ ਕਿ ਪ੍ਰਬੰਧਕ ਕਮੇਟੀ ਨੇ ਆਪਣੇ ਮੋਬਾਈਲ ਫ਼ੋਨ ਰਾਹੀਂ ਵੀਡੀਓ ਬਣਾ ਕੇ ਉਸ ਦੇ ਸਾਹਮਣੇ ਸਾਰੇ ਸਾਮਾਨ ਦੀ ਤਲਾਸ਼ੀ ਲਈ ਜਿਸ ਦੌਰਾਨ ਉਸ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ। ---------------------------- ਇਤਰਾਜ਼ਯੋਗ ਵੀਡੀਓ ਦੀ ਪੈਨ ਡ੍ਰਾਈਵ ਵੀ ਹੋਈ ਬਰਾਮਦ ਪ੍ਰਬੰਧਕਾਂ ਨੇ ਦੱਸਿਆ ਕਿ ਤਲਾਸ਼ੀ ਲਏ ਜਾਣ ਉਪਰੰਤ ਉਸ ਦੇ ਬੈਗ ’ਚੋਂ ਬੀੜੀ, ਸਿਗਰਟ, ਨਸ਼ੀਲੇ ਕੈਪਸੂਲ ਬਰਾਮਦ ਹੋਣ ਤੋਂ ਇਲਾਵਾ ਉਸ ਕੋਲੋਂ ਕੁਝ ਪੈਨ ਡ੍ਰਾਈਵ ਵੀ ਬਰਾਮਦ ਹੋਈਆਂ। ਪੈਨ ਡਰਾਈਵ ’ਚ ਧਾਰਮਿਕ ਸ਼ਬਦ ਤੇ ਕੁਝ ’ਚ ਇਤਰਾਜ਼ਯੋਗ ਵੀਡੀਓਜ਼ ਹਨ। ਸੰਗਤ ਦੇ ਸਾਹਮਣੇ ਆਪਣੀ ਗਲਤੀ ਕਬੂਲੀ ਵਾਇਰਲ ਵੀਡੀਓ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਉੱਪਰ ਗਲਤੀ ਦੀ ਮਾਫੀ ਲਿਖਣ ਸਬੰਧੀ ਪ੍ਰਬੰਧਕ ਕਮੇਟੀ ਤੇ ਸੰਗਤ ਵੱਲੋਂ ਕੋਈ ਵੀ ਦਬਾਅ ਨਹੀਂ ਪਾਇਆ ਗਿਆ। ਉਹ ਆਪਣੀ ਮਰਜ਼ੀ ਨਾਲ ਆਪਣੀ ਜਾਨ ਛਡਾਉਣ ਲਈ ਮਾਫੀਨਾਮਾ ਲਿਖ ਕੇ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਦਾ ਮੋਬਾਈਲ ਫੋਨ, ਪਾਵਰ ਬੈਂਕ ਤੇ ਹੋਰ ਸਾਮਾਨ ਉਸ ਨੂੰ ਵਾਪਸ ਕਰ ਦਿੱਤਾ ਗਿਆ। ਕਿਰਪਾਲ ਸਿੰਘ ਨੇ ਗੁਰੂ ਸਾਹਿਬ ਤੇ ਸੰਗਤ ਸਾਹਮਣੇ ਆਪਣੀ ਗਲਤੀ ਕਬੂਲ ਕੀਤੀ ਤੇ ਇਸ ਨੂੰ ਦੁਬਾਰਾ ਨਾ ਦੁਹਰਾਉਣ ਦਾ ਵਾਅਦਾ ਕੀਤਾ। ਵੀਡੀਓ ’ਚ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਸਾਮਾਨ ਸਮੇਤ ਇਥੋਂ ਸੁਰੱਖਿਅਤ ਜਾ ਰਿਹਾ ਹੈ। --------------------------- ਪਿਤਾ ਨੇ ਵੀ ਝਾੜਿਆ ਪੱਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨਾਂ ਵੱਲੋਂ ਕਿਰਪਾਲ ਸਿੰਘ ਦੇ ਪਿਤਾ ਨਾਲ ਟੈਲੀਫੋਨ ’ਤੇ ਗੱਲਬਾਤ ਕਰ ਕੇ ਉਨਾਂ ਦੇ ਪੁੱਤਰ ਦੀ ਸਾਰੀ ਜਾਣਕਾਰੀ ਦੇਣ ਉਪਰੰਤ ਉਨ੍ਹਾਂ ਨੂੰ ਜਲੰਧਰ ਆਉਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਵੱਲੋਂ ਵੀ ਆਪਣਾ ਪੱਲਾ ਝਾੜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਵੱਲੋਂ ਦੱਸੇ ਜਾ ਰਹੇ ਆਪਣੇ ਭਰਾ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਤਾਂ ਟੈਲੀਫੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਇਸ ਦਾ ਭਰਾ ਨਹੀਂ ਹੈ, ਉਸ ਨੂੰ ਇਕ ਵਾਰ ਹੀ ਮਿਲਿਆ ਸੀ ਤੇ ਉਹ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਰੱਖਦਾ।