ਗੁਰਬਾਣੀ ਦਿੰਦੀ ਹੈ ਕੁਦਰਤ ਦੇ ਸਤਿਕਾਰ ਦਾ ਸੁਨੇਹਾ : ਭਾਈ ਪਾਲ ਸਿੰਘ ਗੁਰਬਾਣੀ ਦਿੰਦੀ ਹੈ ਕੁਦਰਤ ਦਾ ਸਤਿਕਾਰ ਕਰਨ ਦਾ ਸੁਨੇਹਾ : ਭਾਈ ਪਾਲ ਸਿੰਘ
Publish Date: Tue, 01 Sep 2026 07:33 PM (IST)
Updated Date: Tue, 01 Sep 2026 07:34 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਾਤਾਵਰਨ ਦੀ ਸ਼ੁੱਧਤਾ ਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ‘ਪੰਜਾਬੀ ਜਾਗਰਣ’ ਵੱਲੋਂ ਸ਼ੁਰੂ ਕੀਤੀ ‘ਹਰਿਆਵਲ ਲਹਿਰ’ ਤਹਿਤ ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਮਾਗਮ ਕਰਵਾਇਆ ਗਿਆ। ਸਕੂਲ ਕੋਆਰਡੀਨੇਟਰ ਮਾਨਸੀ ਬਾਂਸਲ ਅਤੇ ਪ੍ਰਿੰਸੀਪਲ ਡਿੰਪਲ ਗੁਪਤਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਬੂਟੇ ਵੰਡੇ ਗਏ ਤੇ ਸਕੂਲ ਗਰਾਊਂਡ ਵਿਚ ਬੂਟੇ ਲਗਾਏ ਗਏ। ਸਮਾਗਮ ਦੌਰਾਨ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਪਵਨ ਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ, ਸਮਾਜ ਸੇਵਕ ਟਿੰਪੀ ਕੁਮਰਾ, ਐੱਮਸੀ ਰਾਖੀ ਮੱਟੂ, ਸਮਾਜ ਸੇਵੀ ਭਾਈ ਹਜ਼ਾਰਾ ਸਿੰਘ ਅਤੇ ਸੈਂਟਰ ਹੈੱਡ ਟੀਚਰ ਸੁਰਿੰਦਰ ਵਿੱਗ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਗੁਰਬਾਣੀ ਵਿਚ ਵੀ ਸਾਨੂੰ ਕੁਦਰਤ ਦਾ ਸਤਿਕਾਰ ਕਰਨ ਅਤੇ ਵਾਤਾਵਰਨ ਨਾਲ ਸਾਂਝ ਪਾਉਣ ਦਾ ਅਧਿਆਤਮਕ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਮਨੁੱਖ ਵੱਲੋਂ ਆਪਣੀ ਅੰਨ੍ਹੀ ਦੌੜ ਤੇ ਲਾਲਚ ਖ਼ਾਤਰ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਪਾਣੀ, ਹਵਾ ਅਤੇ ਜ਼ਮੀਨ ਬੁਰੀ ਤਰ੍ਹਾਂ ਪਲੀਤ ਹੋ ਚੁੱਕੇ ਹਨ, ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮਿਹਨਤ, ਲਗਨ, ਚੰਗੀ ਸਿੱਖਿਆ ਅਤੇ ਸਖ਼ਤ ਅਨੁਸ਼ਾਸਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਹਮੇਸ਼ਾ ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ। ਮੁੱਖ ਮਹਿਮਾਨ ਪਵਨ ਪੁਰੀ ਨੇ ਕਿਹਾ ਕਿ ਧਰਤੀ ‘ਤੇ ਸਮੁੱਚੀ ਮਾਨਵਤਾ ਅਤੇ ਜੀਵ-ਜੰਤੂਆਂ ਦੀ ਹੋਂਦ ਲਈ ਬਨਸਪਤੀ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਪਿੱਪਲ, ਬੋਹੜ ਅਤੇ ਨਿੰਮ ਵਰਗੇ ਰਵਾਇਤੀ ਰੁੱਖ ਸਾਡੀ ਸਿਹਤ, ਆਯੁਰਵੇਦ ਅਤੇ ਸਾਡੇ ਆਲੇ-ਦੁਆਲੇ ਦੇ ਸ਼ੁੱਧੀਕਰਨ ਲਈ ਵਰਦਾਨ ਸਾਬਤ ਹੁੰਦੇ ਹਨ। ਉਨ੍ਹਾਂ ਹਰੇਕ ਨਾਗਰਿਕ ਨੂੰ ਆਪਣੇ ਜੀਵਨ ਦੇ ਖ਼ਾਸ ਦਿਨਾਂ ਤੇ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਉਣ ਅਤੇ ਉਸ ਦੀ ਸਾਂਭ-ਸੰਭਾਲ ਕਰਨ ਦਾ ਸੱਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ ਨੇ ਕਿਹਾ ਕਿ ਰੁੱਖਾਂ ਅਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਤੇ ਅਨਿੱਖੜਵਾਂ ਹੈ। ਪੁਰਾਤਨ ਸਮਿਆਂ ਵਿਚ ਪਿੰਡਾਂ ਦੀਆਂ ਸੱਥਾਂ ਵਿੱਚ ਲੱਗੇ ਬੋਹੜ-ਪਿੱਪਲ ਜਿੱਥੇ ਰਾਹਗੀਰਾਂ ਨੂੰ ਠੰਢੀ ਛਾਂ ਅਤੇ ਮਾਨਸਿਕ ਸ਼ਾਂਤੀ ਦਿੰਦੇ ਸਨ, ਉੱਥੇ ਹੀ ਵਾਤਾਵਰਨ ਨੂੰ ਭਾਰੀ ਮਾਤਰਾ ਵਿੱਚ ਆਕਸੀਜਨ ਮੁਹੱਈਆ ਕਰਵਾ ਕੇ ਬਿਮਾਰੀਆਂ ਤੋਂ ਬਚਾਉਂਦੇ ਸਨ। ਸਮਾਜ ਸੇਵਕ ਟਿੰਪੀ ਕੁਮਰਾ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਧਦੇ ਤਾਪਮਾਨ ਅਤੇ ਗਲੋਬਲ ਵਾਰਮਿੰਗ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ। ਇਨ੍ਹਾਂ ਖ਼ਤਰਨਾਕ ਪ੍ਰਭਾਵਾਂ ਨੂੰ ਠੱਲ੍ਹ ਪਾਉਣ ਲਈ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਮੋਹਰੀ ਹੋ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਰੁੱਖਾਂ ਦੀ ਕਟਾਈ ਰੋਕਣ ਲਈ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਪੈਣਗੀਆਂ। ਸੀਐੱਚਟੀ ਸੁਰਿੰਦਰ ਵਿੱਗ ਨੇ ਸੰਬੋਧਨ ਦੌਰਾਨ ‘ਪੰਜਾਬੀ ਜਾਗਰਣ’ ਵੱਲੋਂ ਵਿੱਢੀ ਗਈ ‘ਹਰਿਆਵਲ ਲਹਿਰ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਲੜੀਵਾਰ ਸਮਾਗਮ ਕਰਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਬੂਟੇ ਵੰਡਣੇ ਅਤੇ ਉਨ੍ਹਾਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨਾ ਬੇਹੱਦ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਉਪਰਾਲਾ ਹੈ। ਅੰਤ ਵਿਚ ਕੋਆਰਡੀਨੇਟਰ ਮਾਨਸੀ ਬਾਂਸਲ ਅਤੇ ਪ੍ਰਿੰਸੀਪਲ ਡਿੰਪਲ ਗੁਪਤਾ ਨੇ ਸਮੂਹ ਮਹਿਮਾਨਾਂ ਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਬੂਟਿਆਂ ਦੀ ਪੂਰੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਵਾਤਾਵਰਨ ਪ੍ਰਤੀ ਫਰਜ਼ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ‘ਆਪ’ ਆਗੂ ਸਰਬਜੀਤ ਸਾਬੀ, ਯੂਥ ਆਗੂ ਪ੍ਰਿਤਪਾਲ ਸਿੰਘ, ਮਾਸਟਰ ਪ੍ਰਭਜੀਤ ਸਿੰਘ, ਸਿੰਮੀ, ਸੰਗੀਤਾ, ਲਵੀਤਾ, ਕਵਿਤਾ, ਜੋਤੀ, ਸੁਰਭੀ, ਇਸ਼ਦੀਪ ਕੌਰ, ਰਮਨਦੀਪ ਕੌਰ, ਅਜਿੰਦਰ ਕੌਰ, ਸ਼ਰਨਜੀਤ ਕੌਰ, ਨਵਨੀਤ ਕੌਰ, ਪਰਮਿੰਦਰ ਕੌਰ, ਰਜਿੰਦਰ ਕੌਰ ਆਦਿ ਹਾਜ਼ਰ ਸਨ।