ਮੀਂਹ ’ਚ ਹੀ ਬਣਾਈ ਗੁਲਮੋਹਰ ਸਿਟੀ ਦੀ ਸੜਕ ਮੀਂਹ ’ਚ ਹੀ ਬਣਾਈ ਗਈ ਗੁਲਮੋਹਰ ਸਿਟੀ ਦੀ ਸੜਕ, ਲੋਕਾਂ ਦੇ ਪੈਸੇ ਪਾਣੀ ’ਚ ਵਹਾਉਣ ਦੇ ਦੋਸ਼
Publish Date: Thu, 20 Aug 2026 10:26 PM (IST)
Updated Date: Thu, 20 Aug 2026 10:27 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਹੁਸ਼ਿਆਰਪੁਰ ਰੋਡ ’ਤੇ ਸਥਿਤ ਗੁਲਮੋਹਰ ਸਿਟੀ ਨੇੜੇ ਲੰਮਾ ਪਿੰਡ ਚੌਕ ’ਚ ਮੀਂਹ ਦੌਰਾਨ ਹੀ ਸੜਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੜਕ ਨਿਰਮਾਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਸੜਕ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮੀਂਹ ਕਾਰਨ ਸੜਕ ਦੀ ਸਤ੍ਹਾ ਪਾਣੀ ਨਾਲ ਭਿੱਜੀ ਹੋਈ ਸੀ ਤਾਂ ਉਸੇ ਦੌਰਾਨ ਸੜਕ ਬਣਾਉਣ ਦਾ ਕੰਮ ਜਾਰੀ ਰੱਖਿਆ ਗਿਆ। ਲੋਕਾਂ ਦਾ ਸਵਾਲ ਹੈ ਕਿ ਅਜਿਹੇ ਹਾਲਾਤਾਂ ਵਿੱਚ ਤਿਆਰ ਕੀਤੀ ਗਈ ਸੜਕ ਕਿੰਨੀ ਟਿਕਾਊ ਹੋਵੇਗੀ ਤੇ ਇਸ ਦੀ ਗੁਣਵੱਤਾ ਦੀ ਜਾਂਚ ਕਿਵੇਂ ਕੀਤੀ ਗਈ? --------------------- ਲੁੱਕ ਵਾਲੀ ਸੜਕ ਬਣਾਉਣ ਦੇ ਕੀ ਹਨ ਨਿਯਮ ਸੜਕ ਨੂੰ ਲੁੱਕ ਪਾਉਣ ਜਾਂ ਬਣਾਉਣ ਸਮੇਂ ਸੜਕ ਦੀ ਸਤ੍ਹਾ ਦਾ ਸੁੱਕਾ ਹੋਣਾ, ਮੌਸਮ ਤੇ ਤਾਪਮਾਨ ਵਰਗੇ ਤਕਨੀਕੀ ਮਾਪਦੰਡ ਮਹੱਤਵਪੂਰਨ ਹੁੰਦੇ ਹਨ। ਮੀਂਹ ਜਾਂ ਪਾਣੀ ਵਾਲੀ ਸਤ੍ਹਾ ’ਤੇ ਲੁੱਕ ਪਾਉਣ ਨਾਲ ਸੜਕ ਦੀ ਪਕੜ ਤੇ ਟਿਕਾਊਪਣ ਪ੍ਰਭਾਵਿਤ ਹੋਣ ਦਾ ਖਦਸ਼ਾ ਰਹਿੰਦਾ ਹੈ। ਅਜਿਹੇ ’ਚ ਸਵਾਲ ਇਹ ਹੈ ਕਿ ਗੁਲਮੋਹਰ ਸਿਟੀ ’ਚ ਮੀਂਹ ਦੌਰਾਨ ਲੁੱਕ ਪਾਉਣ ਸਮੇਂ ਕੀ ਨਿਰਧਾਰਤ ਤਕਨੀਕੀ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ? ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਜਨਤਾ ਦੇ ਟੈਕਸ ਦੇ ਪੈਸੇ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਦੇ ਨਿਯਮਾਂ ਦੀ ਪਾਲਣਾ ਯਕੀਨੀ ਕਿਉਂ ਨਹੀਂ ਬਣਾਈ ਜਾ ਰਹੀ। ---------------------------------- ਇਸ ਸਰਕਾਰ ’ਚ ਸਭ ਕੁਝ ਸੰਭਵ : ਬੱਗਾ ਇਸ ਮਾਮਲੇ ’ਤੇ ਕਾਂਗਰਸੀ ਆਗੂ ਜਸਵੀਰ ਸਿੰਘ ਬੱਗਾ ਨੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ “ਆਮ ਆਦਮੀ ਪਾਰਟੀ ਦੀ ਸਰਕਾਰ ’ਚ ਸਭ ਕੁਝ ਸੰਭਵ ਹੈ।” ਉਨ੍ਹਾਂ ਮੀਂਹ ਦੌਰਾਨ ਲੁੱਕ ਪਾ ਕੇ ਸੜਕ ਬਣਾਉਣ ਦੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜਨਤਾ ਦੇ ਪੈਸੇ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।