- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਤਪੁਰ ’ਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ: ਆਮ ਲੋਕਾਂ ਦੀ ਜ਼ਿੰਦਗੀ ਬਣੀ ਨਰਕ

-ਪ੍ਰਸ਼ਾਸਨ ਕੁੰਭ ਕਰਨੀ ਨੀਦ ਤੋਂ ਜਾਗੇ-ਪੀਟਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ
ਜਲੰਧਰ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਮਹਿਤਪੁਰ ’ਚ ਪਿਛਲੇ ਲੰਮੇ ਸਮੇਂ ਤੋਂ ਟ੍ਰੈਫਿਕ ਦੀ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਕਦੇ ਸ਼ਾਂਤ ਤੇ ਆਰਾਮਦਾਇਕ ਮੰਨਿਆ ਜਾਣ ਵਾਲਾ ਇਹ ਕਸਬਾ ਹੁਣ ਵਾਹਨਾਂ ਦੇ ਸ਼ੋਰ-ਸ਼ਰਾਬੇ, ਪ੍ਰਦੂਸ਼ਣ ਤੇ ਲੰਬੇ ਜਾਮ ਦਾ ਗੜ੍ਹ ਬਣਦਾ ਜਾ ਰਿਹਾ ਹੈ। ਵਿਸ਼ੇਸ਼ ਕਰਕੇ ਤਿਉਹਾਰਾਂ ਮੌਕੇ ਟਰੈਫਿਕ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਮੁੱਖ ਬਾਜ਼ਾਰਾਂ ’ਚ ਪੈਦਲ ਚੱਲਣ ਦੁਭਰ ਬਣਦਾ ਜਾ ਰਿਹਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਮਹਿਤਪੁਰ ਦੇ ਮੁੱਖ ਬਾਜ਼ਾਰ ’ਚ ਸੜਕਾਂ ਦੇ ਦੋਵੇਂ ਪਾਸੇ ਹੋਏ ਨਾਜਾਇਜ਼ ਕਬਜ਼ਿਆਂ ਤੇ ਬਿਨਾਂ ਯੋਜਨਾਬੰਦੀ ਦੇ ਖੜ੍ਹੇ ਵਾਹਨਾਂ ਕਾਰਨ ਹਰ ਰੋਜ਼ ਲੰਮੇ ਜਾਮ ਲੱਗਣਾ ਆਮ ਗੱਲ ਹੋ ਗਈ ਹੈ। ਚਾਰ-ਪਹੀਆ ਵਾਹਨ ਸੜਕਾਂ ਦੇ ਵਿਚਕਾਰ ਹੀ ਖੜ੍ਹੇ ਕਰਨ ਪੈਦਲ ਚੱਲਣ ਵਾਲੇ ਰਾਹਗੀਰਾਂ, ਖਾਸ ਕਰਕੇ ਬਜ਼ੁਰਗਾਂ ਤੇ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਜ਼ਾਰਾਂ ’ਚੋਂ ਲੰਘਣਾ ਹੁਣ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਰਿਹਾ।
---------------------------
ਐਮਰਜੈਂਸੀ ਸੇਵਾਵਾਂ 'ਤੇ ਪੈ ਰਿਹਾ ਬੁਰਾ ਅਸਰ
ਸਭ ਤੋਂ ਚਿੰਤਾਜਨਕ ਗੱਲ ਇਹ ਹੈ। ਟ੍ਰੈਫਿਕ ਜਾਮ ਕਾਰਨ ਐਂਬੂਲੈਂਸਾਂ ਕਈ ਵਾਰ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਪਾਉਂਦਾ। ਇਸ ਤੋਂ ਇਲਾਵਾ, ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਬੱਚੇ ਤੇ ਡਿਊਟੀ 'ਤੇ ਜਾਣ ਵਾਲੇ ਮੁਲਾਜ਼ਮ ਰੋਜ਼ਾਨਾ ਇਸ ਜਾਮ ਦੀ ਮਾਰ ਝੱਲ ਰਹੇ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਨਗਰ ਪੰਚਾਇਤ ਮਹਿਤਪੁਰ ਦੇ ਅਧਿਕਾਰੀਆਂ ਦਾ ਗਜ ਵੀ ਰੇਡੀ ਫੜੀ ਵਾਲਿਆਂ ਉੱਪਰ ਹੀ ਡਿੱਗਦਾ ਹੈ। ਨਾਜਾਇਜ਼ ਕਬਜ਼ਾ ਕਰਨ ਵਾਲੇ ਖਾਂਦੇ ਪੀਂਦੇ ਲੋਕ ਅਧਿਕਾਰੀਆਂ ਦੀ ਪਹੁੰਚ ਤੋਂ ਬਾਹਰ ਹਨ। ਮਹਿਤਪੁਰ ਕਸਬੇ ’ਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਤਾਂ ਕਦੀ ਦਰਸ਼ਨ ਹੀ ਨਹੀਂ ਹੁੰਦੇ। ਇਸ ਕਾਰਨ ਵਾਹਨ ਚਾਲਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਦੇ ਹਨ। ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਖਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਹੁੰਦੀ। ਤਰਸੇਮ ਪੀਟਰ ਨੇ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਸਬੇ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ, ਪਾਰਕਿੰਗ ਲਈ ਖਾਸ ਜਗ੍ਹਾ ਨਿਰਧਾਰਿਤ ਕੀਤੀ ਜਾਵੇ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੱਕੇ ਤੌਰ 'ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਆਮ ਜਨਤਾ ਨੂੰ ਇਸ ਰੋਜ਼ਾਨਾ ਦੀ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ।