ਵਿਆਹੁਤਾ ਰਿਸ਼ਤਿਆਂ ’ਚ ਵਧੇ ਜਾਸੂਸੀ ਦੇ ਰੁਝਾਨ ਕਾਰਨ ਟੁੱਟ ਲੱਗੇ ਪਰਿਵਾਰ
ਵਧਦਾ ਸ਼ੱਕ, ਘਟਦਾ ਭਰੋਸਾ... ਵਿਆਹਸ਼ੁਦਾ ਰਿਸ਼ਤਿਆਂ ’ਚ ਜਾਸੂਸੀ ਦਾ ਵਧਦਾ ਰੁਝਾਨ
Publish Date: Sat, 28 Mar 2026 09:03 PM (IST)
Updated Date: Sat, 28 Mar 2026 09:05 PM (IST)

-ਆਪਸੀ ਸੰਵਾਦ ਦੀ ਕਮੀ, ਇੰਟਰਨੈੱਟ ਮੀਡੀਆ ਤੇ ਅਸੁਰੱਖਿਆ ਦੀ ਭਾਵਨਾ ਰਿਸ਼ਤਿਆਂ ’ਚ ਪੈਦਾ ਕਰ ਰਹੀ ਹੈ ਦੂਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਪਸੀ ਰਿਸ਼ਤਿਆਂ ’ਚ ਸੰਵਾਦ ਦੀ ਕਮੀ, ਇੰਟਰਨੈੱਟ ਮੀਡੀਆ ਦਾ ਵਧਦਾ ਪ੍ਰਭਾਵ ਤੇ ਅਸੁਰੱਖਿਆ ਦੀ ਭਾਵਨਾ ਕਾਰਨ ਪਤੀ-ਪਤਨੀ ਦੇ ਰਿਸ਼ਤਿਆਂ ਵਿਚ ਦੂਰੀ ਵਧ ਰਹੀ ਹੈ। ਪਿਛਲੇ ਕੁਝ ਸਮੇਂ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਪਤਨੀ ਨੇ ਪਤੀ ਜਾਂ ਪਤੀ ਨੇ ਪਤਨੀ ਬਾਰੇ ਜਾਣਕਾਰੀ ਲਈ ਜਾਸੂਸਾਂ ਦੀ ਮਦਦ ਲਈ ਹੈ। ਆਧੁਨਿਕ ਦੌਰ ’ਚ ਜਿੱਥੇ ਤਕਨਾਲੋਜੀ ਨੇ ਜ਼ਿੰਦਗੀ ਸੌਖੀ ਬਣਾਈ ਹੈ, ਉੱਥੇ ਹੀ ਰਿਸ਼ਤਿਆਂ ਨੂੰ ਗੁੰਝਲਦਾਰ ਵੀ ਬਣਾਇਆ ਹੈ। ਖ਼ਾਸ ਕਰਕੇ ਵਿਆਹੁਤਾ ਜੀਵਨ ’ਚ ਭਰੋਸੇ ਦੀ ਕਮੀ ਵੱਡੀ ਸਮੱਸਿਆ ਬਣ ਰਹੀ ਹੈ। ਇਸੇ ਕਰਕੇ ਹੁਣ ਪਤੀ-ਪਤਨੀ ਇਕ-ਦੂਜੇ ‘ਤੇ ਨਜ਼ਰ ਰੱਖਣ ਲਈ ਨਿੱਜੀ ਜਾਸੂਸ ਤੱਕ ਦੀ ਮਦਦ ਲੈ ਰਹੇ ਹਨ। ਇਹ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਸਮਾਜ ਲਈ ਚਿੰਤਾਜਨਕ ਸੰਕੇਤ ਹੈ। ਪੁਲਿਸ ਕੋਲ ਆਏ ਕਈ ਮਾਮਲਿਆਂ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਪਤੀ ਜਾਂ ਪਤਨੀ ਕਿਸੇ ਹੋਰ ਦੀ ਮਦਦ ਨਾਲ ਆਪਣੇ ਸਾਥੀ ਦੀ ਨਿੱਜੀ ਜ਼ਿੰਦਗੀ ’ਚ ਦਖ਼ਲ ਦੇ ਰਹੇ ਹਨ, ਜਿਸ ਨਾਲ ਪਰਿਵਾਰਕ ਰਿਸ਼ਤਿਆਂ ’ਚ ਕੁੜੱਤਣ ਹੀ ਨਹੀਂ, ਸਗੋਂ ਮਾਮਲੇ ਤਲਾਕ ਤੱਕ ਪੁੱਜ ਰਹੇ ਹਨ। ----------------------- ਰਿਸ਼ਤਿਆਂ ’ਚ ਜਾਸੂਸੀ ਦੇ ਕਈ ਕਾਰਨ ਮਾਹਰਾਂ ਅਨੁਸਾਰ ਸੰਵਾਦ ਤੇ ਭਰੋਸੇ ਦੀ ਕਮੀ ਸਭ ਤੋਂ ਵੱਡਾ ਕਾਰਨ ਹੈ। ਭੱਜ-ਨੱਠ ਭਰੀ ਜ਼ਿੰਦਗੀ ’ਚ ਪਤੀ-ਪਤਨੀ ਵਿਚਾਲ ਖੁੱਲ੍ਹ ਕੇ ਗੱਲਬਾਤ ਘੱਟ ਹੋ ਗਈ ਹੈ। ਛੋਟੀਆਂ-ਛੋਟੀਆਂ ਗੱਲਾਂ ਵੀ ਸਾਂਝੀਆਂ ਨਹੀਂ ਹੁੰਦੀਆਂ, ਜਿਸ ਨਾਲ ਗਲਤਫਹਿਮੀਆਂ ਪੈਦਾ ਹੁੰਦੀਆਂ ਹਨ। ਇੰਟਰਨੈੱਟ ਮੀਡੀਆ ਦਾ ਪ੍ਰਭਾਵ ਵੀ ਵੱਡਾ ਹੈ। ਫੇਸਬੁੱਕ, ਇੰਸਟਾਗ੍ਰਾਮ ਤੇ ਵ੍ਹਟਸਐਪ ਵਰਗੇ ਪਲੇਟਫਾਰਮ ਲੋਕਾਂ ਨੂੰ ਜੋੜਦੇ ਵੀ ਹਨ ਤੇ ਸ਼ੱਕ ਦੀ ਗੁੰਜਾਇਸ਼ ਵੀ ਵਧਾਉਂਦੇ ਹਨ। ਆਨਲਾਈਨ ਚੈਟ, ਲੁਕੀਆਂ ਪ੍ਰੋਫ਼ਾਈਲਾਂ ਜਾਂ ਦੇਰ ਰਾਤ ਦੀ ਸਰਗਰਮੀ ਨਾਲ ਸ਼ੱਕ ਪੈਦਾ ਹੁੰਦਾ ਹੈ। ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਵੀ ਰਿਸ਼ਤਿਆਂ ’ਚ ਦੂਰੀ ਆ ਰਹੀ ਹੈ। ਦਫ਼ਤਰ ਦੇ ਘੰਟੇ ਤੇ ਕੰਮ ਦਾ ਦਬਾਅ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਅਸੁਰੱਖਿਆ ਦੀ ਭਾਵਨਾ ਵੀ ਇਸ ਰੁਝਾਨ ਨੂੰ ਵਧਾ ਰਹੀ ਹੈ। ਸਾਥੀ ਨੂੰ ਗੁਆਉਣ ਦੇ ਡਰੋਂ ਲੋਕ ਜਾਸੂਸੀ ਜਿਹੇ ਕਦਮ ਚੁੱਕਦੇ ਹਨ। ---------------------------- ਜਾਸੂਸੀ ਦੇ ਕੁਝ ਫ਼ਾਇਦੇ ਵੀ ਜਾਸੂਸੀ ਨੂੰ ਆਮ ਤੌਰ ’ਤੇ ਗਲਤ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਇਸ ਦੇ ਕੁਝ ਫਾਇਦੇ ਵੀ ਗਿਣਾਉਂਦੇ ਹਨ। ਜੇ ਕੋਈ ਸਾਥੀ ਵਾਕਈ ਧੋਖਾ ਕਰ ਰਿਹਾ ਹੋਵੇ ਤਾਂ ਸੱਚ ਸਾਹਮਣੇ ਆ ਸਕਦਾ ਹੈ। ਕਈ ਵਾਰ ਸਬੂਤ ਮਿਲਣ ਨਾਲ ਵਿਅਕਤੀ ਆਪਣੇ ਰਿਸ਼ਤੇ ਬਾਰੇ ਸਪੱਸ਼ਟ ਫੈਸਲਾ ਲੈ ਸਕਦਾ ਹੈ। ਜੇ ਸ਼ੱਕ ਗਲਤ ਸਾਬਤ ਹੋ ਜਾਵੇ ਤਾਂ ਮਨ ਨੂੰ ਵੀ ਰਾਹਤ ਮਿਲਦੀ ਹੈ। ਹਾਲਾਂਕਿ ਇਹ ਉਦੋਂ ਹੀ ਹੁੰਦਾ ਹੈ ਜਦੋਂ ਜਾਸੂਸੀ ਦੀ ਜਾਣਕਾਰੀ ਸਾਥੀ ਨੂੰ ਨਾ ਹੋਵੇ। ----------------- ਜਾਸੂਸੀ ਕਾਰਨ ਟੁੱਟਦੇ ਹਨ ਪਰਿਵਾਰ ਮਾਹਰਾਂ ਦਾ ਮੰਨਣਾ ਹੈ ਕਿ ਰਿਸ਼ਤੇ ਦੀ ਨੀਂਹ ਭਰੋਸੇ ’ਤੇ ਟਿਕੀ ਹੁੰਦੀ ਹੈ। ਜਾਸੂਸੀ ਇਸ ਨੀਂਹ ਨੂੰ ਹਿਲਾ ਦਿੰਦੀ ਹੈ। ਲਗਾਤਾਰ ਸ਼ੱਕ ਤੇ ਨਿਗਰਾਨੀ ਨਾਲ ਦੋਵੇਂ ਸਾਥੀ ਤਣਾਅ ’ਚ ਰਹਿੰਦੇ ਹਨ। ਜੇ ਜਾਸੂਸੀ ਦਾ ਪਤਾ ਲੱਗ ਜਾਵੇ ਤਾਂ ਰਿਸ਼ਤੇ ’ਚ ਕੁੜੱਤਣ ਤੇ ਝਗੜੇ ਵੱਧ ਜਾਂਦੇ ਹਨ ਤੇ ਕਈ ਵਾਰ ਮਾਮਲੇ ਤਲਾਕ ਤੱਕ ਪਹੁੰਚ ਜਾਂਦੇ ਹਨ। ------------------------- ਰਿਸ਼ਤਿਆਂ ’ਚ ਜਾਸੂਸੀ ਖਤਰਨਾਕ ਜਲੰਧਰ ’ਚ ਦਿੱਲੀ ਦੀ ਇਕ ਔਰਤ ਨੇ ਪਤੀ ’ਤੇ ਸ਼ੱਕ ਕਰਕੇ ਨਿੱਜੀ ਜਾਸੂਸੀ ਰੱਖਿਆ। ਜਾਂਚ ’ਚ ਪਤਾ ਲੱਗਾ ਕਿ ਪਤੀ ਵਾਧੂ ਕੰਮ ਕਰ ਰਿਹਾ ਸੀ ਪਰ ਜਦੋਂ ਪਤੀ ਨੂੰ ਜਾਸੂਸੀ ਦਾ ਪਤਾ ਲੱਗਾ ਤਾਂ ਰਿਸ਼ਤਾ ਟੁੱਟ ਗਿਆ ਤੇ ਤਲਾਕ ਹੋ ਗਿਆ। ਜਲੰਧਰ ਦੇ ਇਕ ਪਾਸ਼ ਇਲਾਕੇ ’ਚ ਇਕ ਵਿਅਕਤੀ ਨੇ ਪਤਨੀ ’ਤੇ ਸ਼ੱਕ ਕਰਕੇ ਜਾਸੂਸੀ ਕਰਵਾਈ। ਪਤਾ ਲੱਗਾ ਕਿ ਪਤਨੀ ਆਪਣੇ ਪੁਰਾਣੇ ਦੋਸਤ ਨਾਲ ਗੱਲ ਕਰਦੀ ਸੀ। ਗਲਤ ਰਿਸ਼ਤਾ ਨਹੀਂ ਸੀ ਪਰ ਭਰੋਸਾ ਖਤਮ ਹੋ ਗਿਆ। ਅਰਬਨ ਅਸਟੇਟ ਦੇ ਇਕ ਜੋੜੇ ’ਚ ਪਤੀ ਨੇ ਪਤਨੀ ’ਤੇ ਸ਼ੱਕ ਕਰਕੇ ਜਾਸੂਸੀ ਕਰਵਾਈ। ਜਾਂਚ ’ਚ ਪਤਨੀ ਦਾ ਅਫੇਅਰ ਸਾਹਮਣੇ ਆਇਆ ਤੇ ਮਾਮਲਾ ਤਲਾਕ ਤੱਕ ਪੁੱਜ ਗਿਆ। ------------------------ ਆਪਸੀ ਗੱਲਬਾਤ ਨਾਲ ਹੱਲ ਸੰਭਵ ਆਪਣੇ ਦਿਲ ਦੀ ਗੱਲ ਸਾਥੀ ਨਾਲ ਸਾਂਝੀ ਕਰੋ ਬਿਨਾਂ ਸਬੂਤ ਸ਼ੱਕ ਕਰਨ ਤੋਂ ਬਚੋ ਇਕ-ਦੂਜੇ ਨਾਲ ਵਧੇਰੇ ਸਮਾਂ ਬਿਤਾਓ ਲੋੜ ਪੈਣ ’ਤੇ ਮਾਹਿਰਾਂ ਦੀ ਮਦਦ ਲਓ ------------------------ ਪਿਛਲੇ ਕੁਝ ਸਮੇਂ ’ਚ ਆ ਰਹੇ ਪਰਿਵਾਰਕ ਵਿਵਾਦਾਂ ’ਚ ਜਾਸੂਸੀ ਦੇ ਮਾਮਲੇ ਵੱਧ ਰਹੇ ਹਨ। ਨਿੱਜੀ ਜਾਸੂਸ ਰੱਖਣ ਤੋਂ ਇਲਾਵਾ ਜਾਣ-ਪਛਾਣ ਵਾਲਿਆਂ ਰਾਹੀਂ ਵੀ ਨਿਗਰਾਨੀ ਕਰਵਾਉਣ ਦੇ ਕੇਸ ਸਾਹਮਣੇ ਆ ਰਹੇ ਹਨ। ਐਡਵੋਕੇਟ ਵਿਨੈ ਸ਼ਰਮਾ ਅਨੁਸਾਰ ਵਿਆਹੁਤਾ ਰਿਸ਼ਤੇ ਭਰੋਸੇ ਤੇ ਸਮਝਦਾਰੀ ’ਤੇ ਟਿਕੇ ਹੁੰਦੇ ਹਨ। ਜਾਸੂਸੀ ਦਾ ਵਧਦਾ ਰੁਝਾਨ ਇਸ ਨੀਂਹ ਨੂੰ ਕਮਜ਼ੋਰ ਕਰ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਆਪਣੇ ਰਿਸ਼ਤਿਆਂ ’ਚ ਪਾਰਦਰਸ਼ਤਾ ਤੇ ਸੰਵਾਦ ਨੂੰ ਤਰਜੀਹ ਦੇਣ, ਕਿਉਂਕਿ ਜਿੱਥੇ ਭਰੋਸਾ ਹੁੰਦਾ ਹੈ, ਉੱਥੇ ਰਿਸ਼ਤਾ ਮਜ਼ਬੂਤ ਤੇ ਲੰਬੇ ਸਮੇਂ ਤੱਕ ਚੱਲਦਾ ਹੈ।