- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਕਿਸ਼ਨਗੜ੍ਹ ਤੋਂ ਧਾਰਮਿਕ ਅਸਥਾਨਾਂ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਕਿਸ਼ਨਗੜ੍ਹ ਤੋਂ ਸ਼ਰਧਾਲੂਆਂ ਦਾ ਇਕ ਜਥਾ ਅੱਜ ਸਵੇਰੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਪਿੰਡ ਕਿਸ਼ਨਗੜ੍ਹ ਦੇ ‘ਆਪ’ ਆਗੂਆਂ ਵੱਲੋਂ ਬੱਸ ਨੂੰ ਹਰੀ ਝੰਡੀ ਦੇ ਕੇ ਜਥੇ ਨੂੰ ਰਵਾਨਾ ਕੀਤਾ ਗਿਆ। ਇਸ ਜਥੇ ਲਈ ਇਕ ਬੱਸ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ’ਚ 35 ਤੋਂ 40 ਸ਼ਰਧਾਲੂ ਸਵਾਰ ਸਨ। ਸਾਰੇ ਸ਼ਰਧਾਲੂ ਸਵੇਰੇ ਹੀ ਪਿੰਡ ਦੇ ਮੁੱਖ ਸਥਾਨ ’ਤੇ ਇਕੱਠੇ ਹੋਏ। ਉੱਥੇ ਅਰਦਾਸ ਕਰਨ ਤੋਂ ਬਾਅਦ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਲੂਆਂ ਨੂੰ ਵਿਦਾ ਕੀਤਾ ਗਿਆ। ਬੱਸ ਰਵਾਨਾ ਹੁੰਦਿਆਂ ਹੀ ਸੰਗਤ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾਏ। ਕਿਸ਼ਨਗੜ੍ਹ ਤੋਂ ਰਵਾਨਾ ਹੋਇਆ ਇਹ ਜਥਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਅਜੂਬਾ ਤੇ ਮਾਤਾ ਨੈਣਾ ਦੇਵੀ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰੇਗਾ। ਯਾਤਰਾ ਦੌਰਾਨ ਸ਼ਰਧਾਲੂਆਂ ਦੇ ਰਹਿਣ-ਸਹਿਣ, ਖਾਣ-ਪੀਣ, ਸਫ਼ਰ ਤੇ ਮੈਡੀਕਲ ਸਹੂਲਤਾਂ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ।
---
ਆਪ ਆਗੂਆਂ ਨੇ ਦਿੱਤੀਆਂ ਸ਼ੁਭਕਾਮਨਾਵਾਂ
ਇਸ ਮੌਕੇ ਪਿੰਡ ਕਿਸ਼ਨਗੜ੍ਹ ਦੇ ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਹ ਯੋਜਨਾ ਇਸ ਲਈ ਸ਼ੁਰੂ ਕੀਤੀ ਹੈ ਤਾਂ ਜੋ ਕੋਈ ਵੀ ਬਜ਼ੁਰਗ ਪੈਸੇ ਦੀ ਤੰਗੀ ਕਾਰਨ ਤੀਰਥ ਯਾਤਰਾ ਤੋਂ ਵਾਂਝਾ ਨਾ ਰਹੇ। ‘ਆਪ’ ਆਗੂਆਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਜਾਤ-ਪਾਤ, ਧਰਮ ਤੇ ਆਮਦਨ ਤੋਂ ਉੱਪਰ ਉੱਠ ਕੇ 50 ਸਾਲ ਤੋਂ ਵੱਧ ਉਮਰ ਦੇ ਹਰ ਸ਼ਰਧਾਲੂ ਨੂੰ ਮੁਫ਼ਤ ਯਾਤਰਾ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬੱਸ ਨੂੰ ਰਵਾਨਾ ਕਰਨ ਮੌਕੇ ਸੁਖਦੇਵ ਸਿੰਘ ਜੂੜੀ ਪ੍ਰੋਫੈਸਰ ਸੁਰਿੰਦਰ ਰਾਣਾ, ਸਾਬਕਾ ਪੰਚ ਕੇਵਲ ਕ੍ਰਿਸ਼ਨ, ਸਾਬਕਾ ਪੰਚ ਸੁਰਜੀਤ ਮਹੇ (ਹਲਕਾ ਕੋਆਰਡੀਨੇਟਰ ਸੋਸ਼ਲ ਮੀਡੀਆ ਆਦਮਪੁਰ), ਰਿੱਕੀ ਸਹੋਤਾ, ਪੰਚ ਮਲਕੀਤ ਚੰਦ, ਪੰਚ ਅਮਨਦੀਪ ਹਨੀ, (ਮੀਡੀਆ ਕੋਆਰਡੀਨੇਟਰ ਆਦਮਪੁਰ) ਅਮਨਦੀਪ ਸੌਂਧੀ, ਮੱਖਣ ਰਾਮ, ਮਨੋਜ ਕੁਮਾਰ, ਮੱਖਣ ਸਿੰਘ ਆਦਿ ਹਾਜ਼ਰ ਸਨ।