- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈ.ਪੀ.ਐੱਫ.ਓ. ਨਾਰਥ ਜ਼ੋਨ ਇਨਡੋਰ ਗੇਮਜ਼ 2026 ਦਾ ਸ਼ਾਨਦਾਰ ਆਗਾਜ਼

ਪਹਿਲੇ ਦਿਨ ਪੰਜਾਬ ਦੇ ਖਿਡਾਰੀਆਂ ਨੇ ਦਿਖਾਈ ਸ਼ਾਨਦਾਰ ਖੇਡ ਪ੍ਰਤਿਭਾ
ਤੇਜਿਦੰਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਖੇਤਰੀ ਦਫ਼ਤਰ ਜਲੰਧਰ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ ਵਿੱਚ ਤਿੰਨ ਰੋਜ਼ਾ ‘ਈ.ਪੀ.ਐੱਫ.ਓ. ਨਾਰਥ ਜ਼ੋਨ ਇਨਡੋਰ ਗੇਮਜ਼ 2026’ ਦਾ ਸ਼ਾਨਦਾਰ ਆਗਾਜ਼ ਹੋਇਆ। ਮੁਕਾਬਲਿਆਂ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹੈੱਡ ਆਫ਼ਿਸ ਦਿੱਲੀ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਖੇਡਾਂ ਦਾ ਉਦਘਾਟਨ ਲਵਲੀ ਗਰੁੱਪ ਦੇ ਵਾਈਸ ਚੇਅਰਮੈਨ ਨਰੇਸ਼ ਮਿੱਤਲ ਅਤੇ ਖੇਤਰੀ ਪੀ.ਐੱਫ. ਕਮਿਸ਼ਨਰ ਪੰਕਜ ਕੁਮਾਰ ਨੇ ਗੁਬਾਰੇ ਛੱਡ ਕੇ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਪੰਕਜ ਸਰਪਾਲ ਨੇ ਕੀਤਾ। ਇਸ ਮੌਕੇ ਨਰੇਸ਼ ਮਿੱਤਲ ਅਤੇ ਪੰਕਜ ਕੁਮਾਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਅਨੁਸ਼ਾਸਨ, ਭਾਈਚਾਰੇ ਅਤੇ ਸਰੀਰਕ-ਮਾਨਸਿਕ ਮਜ਼ਬੂਤੀ ਦਾ ਉੱਤਮ ਮਾਧਿਅਮ ਹਨ।
ਪਹਿਲੇ ਦਿਨ ਬੈਡਮਿੰਟਨ, ਸ਼ਤਰੰਜ, ਕੈਰਮ ਅਤੇ ਟੇਬਲ ਟੈਨਿਸ ਦੇ ਕਈ ਰੋਮਾਂਚਕ ਮੁਕਾਬਲੇ ਹੋਏ। ਬੈਡਮਿੰਟਨ ਪੁਰਸ਼ ਵਰਗ ਵਿੱਚ ਦਿੱਲੀ ਦੇ ਪੰਕਜ ਵਰਮਾ ਨੇ ਜੰਮੂ-ਕਸ਼ਮੀਰ ਦੇ ਸ਼ਮਸ਼ੇਰ ਸਿੰਘ ਨੂੰ 15-13, 15-7 ਨਾਲ ਹਰਾਇਆ, ਜਦਕਿ ਮਹਿਲਾ ਵਰਗ ਵਿੱਚ ਹਿਮਾਚਲ ਦੀ ਅਨੁਸ਼ਕਾ ਨੇ ਦਿੱਲੀ ਦੀ ਸ਼ੀਤਲ ਨੂੰ 15-11, 16-14 ਨਾਲ ਮਾਤ ਦਿੱਤੀ। ਸ਼ਤਰੰਜ ਵਿੱਚ ਪੰਜਾਬ ਦੇ ਮਨੋਜ ਕੁਮਾਰ ਨੇ ਦਿੱਲੀ ਦੇ ਯਕਸ਼ਤ ਨੂੰ ਹਰਾਇਆ ਅਤੇ ਜੰਮੂ-ਕਸ਼ਮੀਰ ਦੇ ਸੰਦੀਪ ਕੁਮਾਰ ਨੇ ਉੱਤਰਾਖੰਡ ਦੇ ਅੰਕਿਤ ਸਿੰਘ ਨੂੰ ਮਾਤ ਦਿੱਤੀ। ਮਹਿਲਾ ਵਰਗ ਵਿੱਚ ਦਿੱਲੀ ਦੀ ਪ੍ਰੇਰਣਾ ਨੇ ਉੱਤਰਾਖੰਡ ਦੀ ਪੁਸ਼ਪਲਤਾ ਨੂੰ ਹਰਾਇਆ। ਟੇਬਲ ਟੈਨਿਸ ਵਿੱਚ ਪੰਜਾਬ ਦੇ ਤੇਜਿੰਦਰ ਸਿੰਘ ਨੇ ਦਿੱਲੀ ਦੇ ਜੁਗਲ ਸੋਲੰਕੀ ਨੂੰ 9-11, 15-13, 11-6 ਨਾਲ ਹਰਾਇਆ। ਮਹਿਲਾ ਵਰਗ ਵਿੱਚ ਪੰਜਾਬ ਦੀ ਮਨਪ੍ਰੀਤ ਕੌਰ ਨੇ ਹਿਮਾਚਲ ਦੀ ਕੀਨਾ ਕਪਾਲਟਾ ਨੂੰ 11-1, 11-1 ਨਾਲ ਹਰਾਇਆ। ਮਹਿਲਾ ਡਬਲਜ਼ ਵਿੱਚ ਮਨਪ੍ਰੀਤ ਕੌਰ ਅਤੇ ਨੀਤੂ ਦੀ ਜੋੜੀ ਨੇ ਉੱਤਰਾਖੰਡ ਦੀ ਕ੍ਰਾਂਤੀ ਦੇਵੀ ਅਤੇ ਪੁਸ਼ਪਲਤਾ ਨੂੰ 11-0, 11-3 ਨਾਲ ਮਾਤ ਦਿੱਤੀ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਹ ਖੇਡ ਮਹਾਕੁੰਭ 28 ਸਤੰਬਰ ਤੱਕ ਜਾਰੀ ਰਹੇਗਾ ਅਤੇ ਅਗਲੇ ਦਿਨਾਂ ਵਿੱਚ ਵੀ ਕਈ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ।